ਬ੍ਰਿਟੇਨ ਹਾਈ ਕੋਰਟ ਨੇ ਮਾਲਿਆ ਨੂੰ ਕਿਹਾ, 'ਭਾਰਤੀ ਬੈਂਕਾਂ ਨੂੰ ਦਿਓ 1.81 ਕਰੋੜ ਰੁਪਏ'

06/16/2018 4:53:15 AM

ਲੰਡਨ — ਬ੍ਰਿਟਿਸ਼ ਹਾਈ ਕੋਰਟ ਨੇ ਭਾਰਤ ਤੋਂ ਭਗੋੜੇ ਹੋਏ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤੀ ਬੈਂਕਾਂ ਨੂੰ 2 ਲੱਖ ਪਾਊਂਡ (ਕਰੀਬ 1.81 ਕਰੋੜ ਰੁਪਏ) ਦੇਣ ਦਾ ਆਦੇਸ਼ ਦਿੱਤਾ ਹੈ। ਮਾਲਿਆ ਇਨ੍ਹਾਂ ਦਿਨਾਂ ਬ੍ਰਿਟੇਨ 'ਚ ਰਹਿ ਰਿਹਾ ਹੈ। ਉਹ ਉਥੋਂ ਹੀ ਭਾਰਤੀ ਏਜੰਸੀਆਂ ਨਾਲ ਕਾਨੂੰਨੀ ਲੜਾਈ ਲੱੜ ਰਿਹਾ ਹੈ। ਮਾਲਿਆ 'ਤੇ ਦੋਸ਼ ਹੈ ਕਿ ਉਹ 13 ਭਾਰਤੀ ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਲੈ ਕੇ ਭਾਰਤ ਤੋਂ ਫਰਾਰ ਹੋਇਆ ਹੈ।
ਮਈ 'ਚ ਹਾਈ ਕੋਰਟ ਦੇ ਜੱਜ ਐਂਡ੍ਰਿਊ ਹੇਨਸ਼ਾ ਨੇ ਮਾਲਿਆ ਦੀ ਹੋਰ ਦੇਸ਼ਾਂ 'ਚ ਮੌਜੂਦ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸਟੇਟ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੀਆਂ 13 ਬੈਂਕਾਂ ਦੇ ਕਨਸੋਰਟੀਅਮ ਨੇ ਇਸ ਜ਼ਬਤੀ ਦੇ ਜ਼ਰੀਏ ਦਿੱਤੀ ਗਈ ਆਪਣੀ ਰਕਮ ਦੀ ਵਸੂਲੀ ਦਾ ਰਾਹ ਸੁਝਾਇਆ ਸੀ। ਪਰ ਹਾਈ ਕੋਰਟ ਨੇ ਇਸ ਸੁਝਆ ਨੂੰ ਨਹੀਂ ਮੰਨਿਆ। ਇਸ ਤੋਂ ਬਾਅਦ ਇਕ ਹੋਰ ਆਦੇਸ਼ 'ਚ ਹਾਈ ਕੋਰਟ ਨੇ ਮਾਲਿਆ ਨੂੰ ਕਾਨੂੰਨੀ ਲੜਾਈ ਦੇ ਮੁਆਵਜ਼ੇ ਦੇ ਤੌਰ 'ਤੇ 2 ਲੱਖ ਪਾਊਂਡ ਭਾਰਤੀ ਬੈਂਕਾਂ ਨੂੰ ਦੇਣ ਲਈ ਕਿਹਾ ਹੈ।
ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਲੈ ਕੇ ਭੱਜਣ ਦੇ ਦੋਸ਼ 'ਚ ਮਾਲਿਆ ਨੂੰ ਭਾਰਤ ਦੀ ਹਵਾਲੇ ਕਰਨ ਦਾ ਇਕ ਹੋਰ ਮੁਕੱਦਮਾ ਅਲਗ ਤੋਂ ਚੱਲ ਰਿਹਾ ਹੈ। ਇਸ ਮੁਕੱਦਮੇ 'ਚ ਮਾਲਿਆ 'ਤੇ ਘੁਟਾਲਾ ਕਰਨ ਅਤੇ ਗਲਤ ਢੰਗ ਨਾਲ ਧਨ ਭਾਰਤ ਤੋਂ ਬਾਹਰ ਲਿਜਾਣ ਦੇ ਮਾਮਲੇ ਹਨ। ਹਵਾਲਗੀ ਦੇ ਮਾਮਲੇ 'ਚ ਲੰਡਨ ਦੀ ਵੈਸਟਮਿੰਸਟਰ ਕੋਰਟ 'ਚ ਜੁਲਾਈ 'ਚ ਅੰਤਿਮ ਸੁਣਵਾਈ ਹੋਣ ਦੀ ਉਮੀਦ ਹੈ।
ਇਸ ਮਾਮਲੇ 'ਚ ਭਾਰਤ ਸਰਕਾਰ ਵੱਲੋਂ ਬ੍ਰਿਟੇਨ ਦੀ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀ. ਪੀ. ਐੱਸ.) ਪੈਰਵੀ ਕਰ ਰਹੀ ਹੈ ਜਦਕਿ ਮਾਲਿਆ ਵੱਲੋਂ ਉਸ ਦੇ ਵਕੀਲਾਂ ਦੀ ਟੀਮ ਪੈਰਵੀ ਕਰ ਰਹੀ ਹੈ। ਬ੍ਰਿਟੇਨ 'ਚ ਸ਼ਰਣ ਲਈ ਮਾਲਿਆ 2017 'ਚ ਬ੍ਰਿਟਿਸ਼ ਕੋਰਟ ਨੇ ਗ੍ਰਿਫਤਾਰੀ ਤੋਂ ਰਾਹਤ ਦੇ ਦਿੱਤੀ ਸੀ। ਪਰ ਸੀ. ਪੀ. ਐੱਸ. ਨੂੰ ਭਰੋਸਾ ਹੈ ਕਿ ਉਹ ਭਾਰਤ ਸਰਕਾਰ ਦੇ ਦਾਅਵੇ ਮੁਤਾਬਕ ਮਾਲਿਆ ਨੂੰ ਘੁਟਾਲੇ ਦੇ ਦੋਸ਼ 'ਚ ਭਾਰਤ ਭੇਜਣ 'ਚ ਸਫਲ ਹੋ ਜਾਵੇਗਾ। ਸੀ. ਪੀ. ਐੱਸ. ਦੇ ਭਰੋਸੇ ਨੂੰ ਵੈਸਟਮਿੰਸਟਰ ਕੋਰਟ ਦੇ ਪੱਖ ਤੋਂ ਵੀ ਤਾਕਤ ਮਿਲੀ ਹੈ, ਜਿਸ 'ਚ ਉਸ ਨੇ ਮੁੰਬਈ ਦੀ ਆਰਥਰ ਰੋਡ ਜੇਲ ਦੇ ਬਾਰੇ 'ਚ ਜਾਣਕਾਰੀ ਲਈ ਹੈ। ਮਾਲਿਆ ਨੂੰ ਭਾਰਤ ਭੇਜਣ ਤੋਂ ਬਾਅਦ ਇਸ ਜੇਲ 'ਚ ਰੱਖਿਆ ਜਾਣਾ ਹੈ।


 


Related News