ਚੀਨ ਨੇ ਦੱਖਣੀ ਚੀਨ ਸਾਗਰ ''ਚ ਡਰੋਨਾਂ ਨਾਲ ਕੀਤਾ ਜੰਗੀ ਅਭਿਆਸ

06/15/2018 9:31:22 PM

ਬੀਜਿੰਗ— ਚੀਨ ਦੀ ਨੌਸੈਨਾ ਨੇ ਸ਼ੁੱਕਰਵਾਰ ਨੂੰ ਦੱਖਣੀ ਚੀਨ ਸਾਗਰ 'ਚ ਹਵਾਈ ਹਮਲਿਆਂ ਨਾਲ ਨਜਿੱਠਣ ਲਈ ਜੰਗੀ ਅਭਿਆਸ ਕੀਤਾ। ਇਹ ਜਾਣਕਾਰੀ ਚੀਨ ਦੀ ਸਰਕਾਰੀ ਮੀਡੀਆ ਵਲੋਂ ਦਿੱਤੀ ਗਈ। ਚੀਨ ਦੀ ਫੌਜ ਨੇ ਅਧਿਕਾਰਿਕ ਸਮਾਚਾਰ ਪੱਤਰ 'ਚ ਕਿਹਾ ਕਿ ਦੱਖਣੀ ਚੀਨ ਸਾਗਰ 'ਚ ਨੌਸੈਨਾ ਦੇ ਜੰਗੀ ਅਭਿਆਸ 'ਚ ਤਿੰਨ ਟਾਰਗੇਟਡ ਡਰੋਨਾਂ ਦਾ ਇਸਤੇਮਾਲ ਕਰਕੇ ਨਕਲੀ ਮਿਜ਼ਾਇਲ ਹਮਲਾ ਕੀਤਾ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਜੰਗੀ ਅਭਿਆਸ ਹਵਾਈ ਹਮਲਿਆਂ ਨਾਲ ਨਜਿੱਠਣ ਲਈ ਸਿਖਲਾਈ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਚੀਨ ਨੇ ਕਿਹਾ ਸੀ ਕਿ ਕੁੱਝ ਸਿਖਲਾਈਆਂ 'ਚ ਫੌਜ ਪ੍ਰਭਾਵੀ ਤਰੀਕੇ ਨਾਲ ਤਿਆਰ ਨਹੀਂ ਹੋ ਪਾ ਰਹੀ ਹੈ। ਦੂਜੇ ਪਾਸੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੇਪੇਓ ਨੇ ਵੀਰਵਾਰ ਨੂੰ ਚੀਨ ਦੀ ਯਾਤਰਾ ਦੌਰਾਨ ਸਮੁੰਦਰ 'ਚ ਉਸ ਦੀਆਂ ਵੱਧਦੀਆਂ ਸੈਨਿਕ ਕੋਸ਼ਿਸ਼ਾਂ 'ਤੇ ਚਿੰਤਾ ਜ਼ਾਹਰ ਕੀਤੀ ਸੀ।
ਮਾਈਕ ਦਾ ਇਹ ਬਿਆਨ ਦੱਖਣੀ ਚੀਨ ਸਾਗਰ 'ਚ ਅਮਰੀਕਾ ਦੀਆਂ ਗਤੀਵਿਧੀਆਂ ਵਧਣ ਦੇ ਬਾਅਦ ਆਇਆ ਹੈ। ਪਿਛਲੇ ਹਫਤੇ ਅਮਰੀਕੀ ਹਵਾਈ ਫੌਜ ਦੇ ਬੀ-52 ਹਮਲਾਵਰ ਜਹਾਜ਼ ਨੇ ਵਿਵਾਦਿਤ ਤੱਟਾਂ ਨੇੜੇ ਉਡਾਨ ਭਰੀ ਸੀ।
ਚੀਨ ਦਾ ਦੋਸ਼ ਹੈ ਕਿ ਅਮਰੀਕਾ ਦੇ 'ਨੈਵੀਗੇਸ਼ਨ ਦੀ ਸੁੰਤਤਰਤਾ' ਜਿਹੀਆਂ ਮੁਹਿੰਮਾਂ ਕਾਰਨ ਤਣਾਅ ਵਧਿਆ ਹੈ। ਉਥੇ ਹੀ ਅਮਰੀਕਾ ਦਾ ਕਹਿਣਾ ਹੈ ਕਿ ਰਣਨੀਤਕ ਮਹੱਤਵ ਦੇ ਜਲਮਾਰਗ 'ਚ ਚੀਨ ਵਲੋਂ ਨੈਵੀਗੇਸ਼ਨ ਦੀਆਂ ਗਤੀਵਿਧੀਆਂ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਨਾਲ ਨਜਿੱਠਣ ਲਈ ਇਸ ਤਰ੍ਹਾਂ ਦੀਆਂ ਮੁਹਿੰਮਾਂ ਜ਼ਰੂਰੀ ਹਨ। 
 


Related News