ਡਰਦੇ ਨਾ ਡਰਾਉਂਦੇ

06/15/2018 5:42:56 PM

ਹਰਿ ਹਰਿ ਹਰਿ ਹਰਿ ਜੱਪਦੇ ਆਂ, ਜਦ ਉੱਠਦੇ ਆਂ, ਜਾਂ ਬਹਿੰਦੇ ਆਂ
ਡਰਦੇ ਨਾ ਡਰਾਉਂਦੇ, ਕੇਵਲ ਵਿਚ ਰਜ਼ਾ ਦੇ ਰਹਿੰਦੇ ਆਂ..।

ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸਹਰੀ ਸੁ ਮੀਤ ਹਮਾਰਾ,
ਚੜਦੀ ਕਲਾ ਵਿਚ ਰਹਿੰਦੇ ਆਂ, ਅਸੀਂ ਕਾਂਸ਼ੀ ਵਾਲੇ ਦਾ ਲੈ ਸਹਾਰਾ,
ਕਾਂਸ਼ੀ ਵਾਲੇ ਦਾ ਲੈ ਸਹਾਰਾ, ਪਿਤਾ ਸੰਤੋਖ ਦਾ ਜੋ ਦੁਲਾਰਾ।
ਸੱਚ ਨੂੰ ਪੱਲੇ ਬੰਨ ਲਿਆ, ਤੇ ਨਾਲ ਅਣਖ ਦੇ ਰਹਿੰਦੇ ਆਂ।
ਡਰਦੇ ਨਾ ਡਰਾਉਂਦੇ, ਕੇਵਲ ਵਿਚ ਰਜ਼ਾ ਦੇ ਰਹਿੰਦੇ ਆਂ..।

ਬੇਗਮਪੁਰਾ ਸਹਰ ਕੋ ਨਾਉ, ਦੂਖੁ ਅੰਦਹੁ ਨਹੀਂ ਤਿਹਿ ਠਾਉ
ਬੇਗਮਪੁਰੇ ਦਾ ਮਾਰਗ ਦੱਸਦਾ, ਜਿਸਦਾ ਜਗ 'ਤੇ ਉੱਚਾ ਨਾਂਉ,
ਜਿਸ ਦਾ ਜਗ 'ਤੇ ਉੱਚਾ ਨਾਉ, ਕਿੰਝ ਮੈਂ ਉਸ ਦੀ ਸ਼ੋਭਾ ਗਾਊਂ,
ਜੈ ਗੁਰੂ ਦੇਵ ਕੋਈ ਆਖੇ, ਅੱਗਿਓਂ ਧੰਨ ਗੁਰੂ ਦੇਵ ਵੀ ਕਹਿੰਦੇ ਆਂ।
ਡਰਦੇ ਨਾ ਡਰਾਉਂਦੇ, ਕੇਵਲ ਵਿਚ ਰਜ਼ਾ ਦੇ ਰਹਿੰਦੇ ਆਂ..।

ਹਰਿ ਸੋ ਹੀਰਾ ਛਾਡਿ ਕੈ, ਕਰਹਿ ਆਨ ਕੀ ਆਸ,
ਜੋ ਗੁਰਾਂ ਦੇ ਚਰਨੀਂ ਲੱਗਦਾ, ਹੁੰਦਾ ਨਹੀਂ ਨਿਰਾਸ।
ਹੁੰਦਾ ਨਹੀਂ ਨਿਰਾਸ ਜੀ ਸੰਗਤੇ, ਬਣ ਜਾਂਦਾ ਉਹ ਖਾਸ।
ਦਸਾਂ ਨਹੁੰਆਂ ਦੀ ਕਿਰਤ ਹਾਂ ਕਰਦੇ, ਨਾਂ ਸਤਿਗੁਰ ਦਾ ਲੈਂਦੇ ਆਂ।
ਡਰਦੇ ਨਾ ਡਰਾਉਂਦੇ, ਕੇਵਲ ਵਿਚ ਰਜ਼ਾ ਦੇ ਰਹਿੰਦੇ ਆਂ..।

ਤੁਮ ਚੰਦਨੁ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ
ਸਤਿਗੁਰਾਂ ਦੇ ਚਰਨੀਂ ਲੱਗ ਕੇ, ਭੱਜਦੀ ਦੂਰ ਨਿਰਾਸਾ।
ਭੱਜਦੀ ਦੂਰ ਨਿਰਾਸਾ ਜੀ ਸੰਗਤੇ, ਕੋਲ ਨ ਢੁਕੇ ਨਿਰਾਸਾ।
ਕਾਂਸ਼ੀ ਵਾਲੇ ਮਹਿਰਮ ਸਦਕਾ, ਚੜਦੀ ਕਲਾ ਵਿਚ ਰਹਿੰਦੇ ਆਂ।
ਡਰਦੇ ਨਾ ਡਰਾਉਂਦੇ, ਕੇਵਲ ਵਿਚ ਰਜ਼ਾ ਦੇ ਰਹਿੰਦੇ ਆਂ..।

ਸਤਿਗੁਰਾਂ ਨੇ ਮਿਹਰ ਕੀਤੀ, ਜਗ 'ਤੇ ਹੋਈ ਰੁਸ਼ਨਾਈ,
ਸੋਚ ਦਿੱਤੀ ਪਰਸ਼ੋਤਮ ਨੂੰ,ਤਾਂ ਉਸਨੇ ਕਲਮ ਚਲਾਈ,
ਅੰਮ੍ਰਿਤ ਵਰਖਾ ਲਾਈ ਸਤਿਗੁਰ ਨੇ, ਅੰਮ੍ਰਿਤ ਵਰਖਾ ਲਾਈ।
ਭਲਾ ਲੋੜੀਏ ਸਭਨਾਂ ਦਾ, ਪਰ ਟੈਂਅ ਨਾ ਕਿਸੇ ਦੀ ਸਹਿੰਦੇ ਆਂ।
ਡਰਦੇ ਨਾ ਡਰਾਉਂਦੇ, ਕੇਵਲ ਵਿਚ ਰਜ਼ਾ ਦੇ ਰਹਿੰਦੇ ਆਂ..।
ਪਰਸ਼ੋਤਮ ਲਾਲ ਸਰੋਏ
ਮੋਬਾ: 91-92175-44348

Related News