ਇਟਲੀ: ਗੁਰਦੁਆਰਾ ਸਾਹਿਬ ''ਚ ਮਨਾਇਆ ਗਿਆ ਸੰਤ ਰਾਮਾਨੰਦ ਜੀ ਦਾ 9ਵਾਂ ਸ਼ਹੀਦੀ ਦਿਵਸ

06/15/2018 3:35:16 PM

ਰੋਮ (ਕੈਂਥ)— ਇਟਲੀ ਦੇ ਸ਼ਹਿਰ ਵਿਚੈਂਸਾ ਵਿਚ ਪੈਂਦੇ ਰਵਿਦਾਸੀਆ ਸਮਾਜ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ ਮਜੋਰੇ ਵਿਖੇ ਦਲਿਤ ਸਮਾਜ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦਾ 9ਵਾਂ ਸ਼ਹੀਦੀ ਸਮਾਗਮ ਮਨਾਇਆ ਗਿਆ। ਇਸ ਸਮਾਗਮ ਦੌਰਾਨ ਇਲਾਕੇ ਦੀਆਂ ਇਕੱਠੀਆਂ ਹੋਈਆਂ ਸੰਗਤਾਂ, ਸੰਤਾਂ ਮਹਾਂਪੁਰਸ਼ਾਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਨਤਮਸਤਕ ਹੋਈਆਂ। ਇਸ ਮਹਾਨ ਸ਼ਹੀਦੀ ਸਮਾਗਮ ਮੌਕੇ ਆਰੰਭੇ ਸ੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪੰਰਤ  ਸਮਾਗਮ ਦੀ ਸ਼ੁਰੂਆਤ ਕਰਦਿਆਂ ਸਟੇਜ ਸਕੱਤਰ ਕੁਲਜਿੰਦਰ ਬਬਲੂ ਨੇ ਸ਼ਹੀਦ ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਅਤੇ ਕਿਹਾ ਕਿ ਸੰਤਾਂ ਦੀ ਸ਼ਹਾਦਤ ਸਮੁੱਚੇ ਰਵਿਦਾਸੀਆ ਸਮਾਜ ਵਿਚ ਨਵੀਂ ਜਾਗ੍ਰਤੀ ਲੈ ਕੇ ਆਈ, ਜਿਸ ਨਾਲ ਸਮਾਜ ਅੱਜ ਆਪਣੇ-ਆਪ ਨੂੰ ਧਾਰਮਿਕ ਤੌਰ 'ਤੇ ਆਜ਼ਾਦ ਸਮਝ ਰਿਹਾ ਹੈ। ਇਸ ਮੌਕੇ ਮਿਸ਼ਨਰੀ ਗਾਇਕ ਤ੍ਰਿਲੋਚਨ ਬਿਲਗਾ ਨੇ ਆਪਣੀ ਬੁਲੰਦ ਆਵਾਜ਼ ਵਿਚ ਗੀਤ ਗਾ ਕੇ ਭਾਵਭਿੰਨੀ ਸ਼ਰਧਾਂਜਲੀ ਦਿੱਤੀ। ਇਸ ਤਰ੍ਹਾਂ ਹੀ ਦੋ ਬਹੁਤ ਹੀ ਸੁਰੀਲੇ ਗਾਇਕ ਸੰਨੀ ਮੌਤੀਬੈਲੋ ਨੇ “ਰਵਿਦਾਸ ਗੁਰੂ ਦੁਖੀਆਂ ਦੀ ਸੁਣ ਅਰਦਾਸ, ਗੁਰੂ ਕਰੀਂ ਪੂਰੀ ਸਭ ਦੀ ਆਸ ਗੁਰੂ' ਗਾ ਕੇ ਹਾਜ਼ਰੀ ਲਗਵਾਈ।

PunjabKesari
ਇਸ ਸ਼ਹੀਦੀ ਸਮਾਗਮ ਵਿਚ ਉਚੇਚੇ ਤੌਰ 'ਤੇ ਆਏ ਗਿਆਨੀ ਜੀਵਨ ਸਿੰਘ ਕਿਰਮੋਨਾ ਵਾਲਿਆਂ ਨੇ ਬੈਰਾਗਮਈ ਕੀਰਤਨ ਰਾਹੀਂ ਸੰਤਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ। ਦਲਿਤ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦੀ ਯੂਰਪ ਦੀ ਜਿਸ ਧਰਤੀ ਵਿਆਨਾ ਵਿਖੇ ਸ਼ਹੀਦੀ ਹੋਈ, ਉਸ ਧਰਤੀ ਤੋਂ ਮਨੋਹਰ ਦੁੱਗਲ ਵੀ ਇਸ ਸ਼ਹੀਦੀ ਸਮਾਗਮ ਵਿੱਚ ਪਹੁੱਚੇ। ਸ਼੍ਰੀ ਦੁੱਗਲ ਨੇ ਸੰਤਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸਮੁੱਚੇ ਦਲਿਤ ਸਮਾਜ ਨੂੰ ਸੰਤਾਂ ਦੇ ਦਰਸਾਏ ਹੋਏ ਮਾਰਗ 'ਤੇ ਚੱਲਣ ਦੀ ਅਹਿਮ ਲੋੜ ਹੈ। ਸ਼੍ਰੀ ਦੁੱਗਲ ਨੇ ਹੀ ਸੰਤਾਂ ਦੀ ਸ਼ਹੀਦੀ ਤੋਂ ਬਾਅਦ ਰਵਿਦਾਸੀਆ ਸਮਾਜ ਨੂੰ ਅੰਮ੍ਰਿਤਬਾਣੀ ਗ੍ਰੰਥ ਦੀ ਛੱਤਰ ਛਾਇਆ ਹੇਠ ਆਪਣੇ ਸਾਰੇ ਕੰਮ ਕਰਨ ਲਈ ਸੰਗਤਾਂ ਨੂੰ ਲਾਮਬੰਦ ਕੀਤਾ। ਇਸ ਸ਼ਰਧਾਂਜਲੀ ਸਮਾਗਮ ਵਿਚ ਸੰਤਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਲਈ ਵਿਆਨਾ ਤੋਂ ਸੰਦੀਪ ਵੜੈਚ ਦੀ ਅਗਵਾਈ ਵਿਚ ਵਾਲਮੀਕਿ ਸਭਾ ਅਸਟਰੀਆ ਦੇ ਨੁਮਾਇੰਦੇ ਵੀ ਪਹੁੰਚੇ। ਜਿਨ੍ਹਾਂ ਨੇ ਸ਼ਹੀਦ ਸੰਤ ਰਾਮਾਨੰਦ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਕਿਹਾ ਕਿ ਅੱਜ ਵਾਲਮੀਕਿ ਅਤੇ ਰਵਿਦਾਸੀਆ ਸਮਾਜ ਨੂੰ ਇਕ ਝੰਡੇ ਹੇਠ ਲਾਮਬੰਦ ਹੋਣਾ ਚਾਹੀਦਾ ਹੈ।

PunjabKesari
ਇਸ ਸਮਾਗਮ ਮੌਕੇ ਜਸਵੀਰ ਬੱਬੂ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਨੇ ਸ਼ਹੀਦ ਸੰਤ ਰਾਮਾਨੰਦ ਜੀ ਦੀ ਮਹਾਨ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਕਿਹਾ ਕਿ ਸੰਤਾਂ ਦੀ ਸ਼ਹੀਦੀ ਨੇ ਸਮੁੱਚੇ ਦਲਿਤ ਸਮਾਜ ਨੂੰ ਜਿੱਥੇ ਪੂਰਨ ਤੌਰ 'ਤੇ ਜਾਗਰੂਕ ਕੀਤਾ, ਉੱਥੇ ਹੀ ਸਮਾਜ ਨੂੰ ਧਾਰਮਿਕ ਆਜ਼ਾਦੀ ਪ੍ਰਤੀ ਲੜਨ ਲਈ ਵੀ ਪ੍ਰੇਰਿਤ ਕੀਤਾ। ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਮੁੱਚਾ ਸਮਾਜ ਲਾਮਬੰਦ ਹੋਵੇ। ਸ਼ਹੀਦੀ ਸਮਾਗਮ ਵਿਚ ਛੌਟੀਆਂ ਬੱਚੀਆਂ ਰਿਤੂ ਅਤੇ ਮਾਨਸੀ ਨੇ ਵੀ ਆਪਣੀਆਂ ਧਾਰਮਿਕ ਰਚਨਾਵਾਂ ਪੇਸ਼ ਕਰਕੇ ਹਾਜ਼ਰੀ ਲਗਵਾਈ। ਸਮਾਗਮ ਦੀ ਸਮਾਪਤੀ ਮੌਕੇ ਵਿਆਨਾ ਕਾਂਡ ਵਿਚ ਸੰਤਾਂ ਦੀ ਸ਼ਹਾਦਤ ਮੌਕੇ ਜ਼ਖ਼ਮੀ ਹੋਏ ਸਾਥੀ ਕਿਸ਼ਨ ਪਾਲ ਅਤੇ ਕੁਲਵੀਰ ਸਿੰਘ ਰੱਤੂ ਨੂੰ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਮੌਕੇ ਸਮੂਹ ਸੰਗਤਾਂ ਲਈ ਠੰਡੇ-ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।

PunjabKesari


Related News