ਆਸਟ੍ਰੇਲੀਆ ''ਚ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ, 3 ਗ੍ਰਿਫਤਾਰ

06/15/2018 1:52:06 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਸ਼ੁੱਕਰਵਾਰ ਨੂੰ ਸਿਡਨੀ ਦੇ ਦੋ ਪੁਰਸ਼ਾਂ ਅਤੇ ਕੁਈਨਜ਼ਲੈਂਡ ਦੀ ਇਕ ਔਰਤ ਨੂੰ 300 ਕਿਲੋਗ੍ਰਾਮ ਤੋਂ ਵੱਧ ਨਸ਼ੀਲਾ ਪਦਾਰਥ ਲਿਆਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਆਸਟ੍ਰੇਲੀਅਨ ਫੈਡਰਲ ਪੁਲਸ ਨੇ ਦੋਸ਼ ਲਗਾਇਆ ਕਿ 57 ਅਤੇ 63 ਸਾਲਾ ਸਿਡਨੀ ਦੇ ਦੋ ਪੁਰਸ਼ਾਂ ਨੇ ਸਿੰਗਾਪੁਰ ਅਤੇ ਪਾਪੂਆ ਨਿਊ ਗਿਨੀ ਰਾਹੀਂ ਆਸਟ੍ਰੇਲੀਆ ਵਿਚ ਡਰੱਗਜ਼ ਲਿਆਉਣ ਦੀ ਯੋਜਨਾ ਬਣਾਈ ਸੀ। ਜਦਕਿ ਬ੍ਰਿਸਬੇਨ ਦੇ ਦੱਖਣ ਵਿਚ ਲੋਗਾਨ ਵਿਚ ਛਾਪੇ ਦੇ ਬਾਅਦ 34 ਸਾਲਾ ਔਰਤ ਨੂੰ ਵੀ ਇਸੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਅਨੁਮਾਨਿਤ ਕੀਮਤ 105 ਮਿਲੀਅਨ ਡਾਲਰ ਹੈ। ਆਸਟ੍ਰੇਲੀਅਨ ਫੈਡਰਲ ਪੁਲਸ ਕੁਈਨਜ਼ਲੈਂਡ ਦੀ ਕਮਾਂਡਰ ਸ਼ੈਰਨ ਕਾਡੇਨ ਨੇ ਕਿਹਾ ਕਿ ਕਥਿਤ ਸਾਜਿਸ਼ ਨੂੰ ਕੌਮਾਂਤਰੀ ਕਾਨੂੰਨ ਲਾਗੂ ਕਰਨ ਦੇ ਇਕ ਸਾਲ ਦੀ ਲੰਬੀ ਜਾਂਚ ਦੇ ਬਾਅਦ ਅਸਫਲ ਕਰ ਦਿੱਤਾ ਗਿਆ ਹੈ। 
ਪੁਲਸ ਕਮਾਂਡਰ ਨੇ ਦੱਸਿਆ ਕਿ ਇਨ੍ਹਾਂ ਪੁਰਸ਼ਾਂ ਨੂੰ ਮਾਰੂਬਰਾ ਅਤੇ ਰੋਜ਼ੇਲੇ ਦੇ ਸਿਡਨੀ ਦੇ ਦੋ ਉਪਨਗਰਾਂ ਵਿਚ ਛਾਪੇ ਦੌਰਾਨ ਗ੍ਰਿਫਤਾਰ ਕੀਤਾ ਗਿਆ। ਸ਼ੁੱਕਰਵਾਰ ਦੁਪਹਿਰ ਨੂੰ ਉਨ੍ਹਾਂ ਨੂੰ ਸਿਡਨੀ ਤੋਂ ਬ੍ਰਿਸਬੇਨ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਮਾਂਡਰ ਸ਼ੈਰਨ ਕਾਡੇਨ ਨੇ ਪੱਤਰਕਾਰਾਂ ਨੂੰ ਦੱਸਿਆ,''ਅਸੀਂ ਅਦਾਲਤ ਵਿਚ ਉਨ੍ਹਾਂ 'ਤੇ ਦੋਸ਼ ਲਗਾਵਾਂਗੇ ਕਿ ਉਹ ਆਸਟ੍ਰੇਲੀਆ ਵਿਚ ਨਸ਼ੀਲੇ ਪਦਾਰਥ ਲਿਆਉਣ ਦੇ ਇਰਾਦੇ ਨਾਲ ਅਪਰਾਧਿਕ ਗਤੀਵਿਧੀਆਂ ਨਾਲ ਸੰਬੰਧਿਤ ਹਨ।'' 34 ਸਾਲਾ ਔਰਤ ਡੁਲਸੀ ਵੈਗਾਮਬਿਓ 'ਤੇ ਅਪਰਾਧ ਦੀ ਕਮਾਈ ਵਿਚ ਹਿੱਸੇਦਾਰ ਹੋਣ ਦਾ ਦੋਸ਼ ਲਗਾਇਆ ਗਿਆ। ਉਸ ਨੂੰ ਬ੍ਰਿਸਬੇਨ ਮਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਜ਼ਮਾਨਤ ਮਿਲ ਗਈ ਅਤੇ 27 ਜੁਲਾਈ ਨੂੰ ਦੁਬਾਰਾ ਹਾਜ਼ਰ ਹੋਣ ਲਈ ਕਿਹਾ ਗਿਆ।


Related News