ਸੰਘਰਸ਼ ਰੰਗ ਲਿਆਉਂਦਾ ਹੈ

6/15/2018 9:10:09 AM

ਜਲੰਧਰ— ਦਸੰਬਰ 1955 ਦੀ ਗੱਲ ਹੈ। ਉਨ੍ਹੀਂ ਦਿਨੀਂ ਅਮਰੀਕਾ ਨਸਲ-ਭੇਦ ਦੀ ਅੱਗ ਵਿਚ ਸੜ ਰਿਹਾ ਸੀ। ਅਮਰੀਕਾ 'ਚ ਰਹਿਣ ਵਾਲੇ ਗੈਰ-ਗੋਰੇ ਲੋਕਾਂ ਨੂੰ ਰੋਜ਼ ਕਿਤੇ ਨਾ ਕਿਤੇ ਬੇਇੱਜ਼ਤ ਕੀਤਾ ਜਾਂਦਾ ਸੀ। ਉਥੋਂ ਦੇ ਸਾਰੇ ਕਾਨੂੰਨ ਤੇ ਨੀਤੀਆਂ ਗੋਰੇ ਲੋਕਾਂ ਦੇ ਪੱਖ 'ਚ ਝੁਕੇ ਹੋਏ ਸਨ। ਜਿਵੇਂ ਆਪਣੇ ਇਥੇ ਅੰਗਰੇਜ਼ਾਂ ਦੇ ਰਾਜ ਵਿਚ ਉਨ੍ਹਾਂ ਨਾਲ ਭਾਰਤੀ ਨਹੀਂ ਬੈਠ ਸਕਦੇ ਸਨ, ਉਸੇ ਤਰ੍ਹਾਂ ਉਥੇ ਵੀ ਗੋਰੇ ਲੋਕਾਂ ਨਾਲ ਕਾਲੇ ਲੋਕਾਂ ਦੇ ਬੈਠਣ ਦੀ ਪੂਰੀ ਤਰ੍ਹਾਂ ਮਨਾਹੀ ਸੀ। ਇਥੋਂ ਤਕ ਕਿ ਬੱਸ ਵਿਚ ਵੀ ਵੰਡ ਰੇਖਾ ਬਣਾ ਦਿੱਤੀ ਗਈ ਸੀ ਅਤੇ ਡਰਾਈਵਰ ਵੱਲ ਸਿਰਫ ਗੋਰੇ ਲੋਕਾਂ ਨੂੰ ਹੀ ਬੈਠਣ ਦਾ ਹੱਕ ਸੀ।
ਉਸ ਦਿਨ ਰੋਜ਼ਾ ਨਾਂ ਦੀ ਇਕ ਗੈਰ-ਗੋਰੀ ਔਰਤ ਵੀ ਬੱਸ ਵਿਚ ਗੈਰ-ਗੋਰਿਆਂ ਲਈ ਨਿਸ਼ਚਿਤ ਪਿਛਲੇ ਹਿੱਸੇ ਵਾਲੀ ਸਭ ਤੋਂ ਅੱਗੇ ਵਾਲੀ ਕਤਾਰ ਵਿਚ ਬੈਠੀ ਹੋਈ ਸੀ। ਗੋਰਿਆਂ ਲਈ ਤੈਅ ਅੱਗੇ ਦਾ ਹਿੱਸਾ ਪੂਰੀ ਤਰ੍ਹਾਂ ਭਰ ਚੁੱਕਾ ਸੀ। ਇਸ ਤੋਂ ਬਾਅਦ ਜਦੋਂ ਇਕ ਹੋਰ ਗੋਰਾ ਵਿਅਕਤੀ ਬੱਸ ਵਿਚ ਚੜ੍ਹਿਆ ਤਾਂ ਬੱਸ ਡਰਾਈਵਰ ਨੇ ਰੋਜ਼ਾ ਦੀ ਪੂਰੀ ਕਤਾਰ ਨੂੰ ਸੀਟਾਂ ਖਾਲੀ ਕਰਨ ਲਈ ਕਿਹਾ।  ਬਾਕੀ ਸਾਰੇ ਗੈਰ-ਗੋਰੇ ਲੋਕਾਂ ਨੇ ਆਪਣੀ-ਆਪਣੀ ਥਾਂ ਛੱਡ ਦਿੱਤੀ ਪਰ ਰੋਜ਼ਾ ਨੇ ਇਸ ਬੇਇੱਜ਼ਤੀ ਭਰੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹ ਬੋਲੀ ਕਿ ਇਸ ਤਰ੍ਹਾਂ ਦੇ ਅਣਮਨੁੱਖੀ ਵਤੀਰੇ ਨੂੰ ਉਹ ਹੁਣ ਹੋਰ ਸਹਿਣ ਨਹੀਂ ਕਰੇਗੀ। ਹੁਕਮ ਨਾ ਮੰਨਣ ਕਾਰਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ 'ਤੇ 14 ਡਾਲਰ ਦਾ ਜੁਰਮਾਨਾ ਲਾਇਆ ਗਿਆ, ਜੋ ਉਸ ਵੇਲੇ ਦੇ ਲਿਹਾਜ਼ ਨਾਲ ਕਾਫੀ ਜ਼ਿਆਦਾ ਸੀ। ਇਸ ਘਟਨਾ ਨੇ ਪੂਰੇ ਗੈਰ-ਗੋਰੇ ਸਮਾਜ ਵਿਚ ਬਿਜਲੀ ਜਿਹੀ ਦੌੜਾ ਦਿੱਤੀ।
ਉਹ ਆਪਣਾ ਹੱਕ ਹਾਸਲ ਕਰਨ ਲਈ ਉੱਠ ਖੜ੍ਹੇ ਹੋਏ। ਉਨ੍ਹਾਂ ਦੇ ਅਹਿੰਸਾ ਭਰੇ ਅੰਦੋਲਨ ਦੀ ਅਗਵਾਈ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਕੀਤੀ। ਆਖਿਰ ਰੋਜ਼ਾ ਪਾਰਕਸ ਦਾ ਸੰਘਰਸ਼ ਰੰਗ ਲਿਆਇਆ ਅਤੇ ਅਮਰੀਕਾ ਵਿਚ ਗੈਰ-ਗੋਰਿਆਂ ਨੂੰ ਸਮਾਨ ਅਧਿਕਾਰ ਹਾਸਲ ਹੋਏ। ਅਮਰੀਕਾ ਵਿਚ ਰੋਜ਼ਾ ਪਾਰਕਸ ਨੂੰ ਨਾਗਰਿਕ ਅਧਿਕਾਰਾਂ ਦੇ ਸੰਘਰਸ਼ ਵਿਚ ਪਹਿਲੀ ਔਰਤ ਕਿਹਾ ਜਾਂਦਾ ਹੈ। ਇਹ ਉਸ ਦੀ ਹਿੰਮਤ ਹੀ ਸੀ, ਜਿਸ ਨੇ ਮਨੁੱਖਤਾ ਦੇ ਇਤਿਹਾਸ ਵਿਚ ਉਸ ਦਾ ਨਾਂ ਅਮਰ ਕਰ ਦਿੱਤਾ।