''ਉੱਚੇ ਲੋਕਾਂ'' ਅਤੇ ''ਸਿਆਸਤਦਾਨਾਂ'' ਵਲੋਂ ਕੀਤਾ ਜਾ ਰਿਹਾ ਔਰਤਾਂ ਦਾ ਯੌਨ ਸ਼ੋਸ਼ਣ

06/15/2018 7:28:59 AM

ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਔਰਤਾਂ ਦੀ ਸੁਰੱਖਿਆ ਬਾਰੇ ਕੀਤੇ ਜਾਣ ਵਾਲੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਔਰਤਾਂ ਵਿਰੁੱਧ ਯੌਨ ਹਮਲੇ ਘਟਣ ਦਾ ਨਾਂ ਨਹੀਂ ਲੈ ਰਹੇ ਅਤੇ ਦੇਸ਼ ਵਿਚ ਸ਼ਾਇਦ ਕੋਈ ਅਜਿਹਾ ਖੇਤਰ ਨਹੀਂ ਬਚਿਆ, ਜਿੱਥੇ ਔਰਤਾਂ ਦਾ ਯੌਨ ਸ਼ੋਸ਼ਣ ਨਾ ਹੋ ਰਿਹਾ ਹੋਵੇ। 
ਇਥੋਂ ਤਕ ਕਿ ਸਿਆਸਤ, ਪੁਲਸ, ਸਿੱਖਿਆ ਅਤੇ ਹੋਰਨਾਂ ਖੇਤਰਾਂ ਵਿਚ ਔਰਤਾਂ ਸਿੱਖਿਆ ਵਿਗਿਆਨੀਆਂ, ਅਧਿਕਾਰੀਆਂ, ਪੁਲਸ ਅਧਿਕਾਰੀਆਂ, ਸਿਆਸਤਦਾਨਾਂ ਆਦਿ ਦੀਆਂ ਵਧੀਕੀਆਂ ਦਾ ਸ਼ਿਕਾਰ ਹੋ ਰਹੀਆਂ ਹਨ, ਜਿਨ੍ਹਾਂ ਵਿਚ ਸਾਧਾਰਨ ਦੇ ਨਾਲ-ਨਾਲ ਉੱਚ ਅਹੁਦਿਆਂ 'ਤੇ ਕੰਮ ਕਰਦੀਆਂ ਔਰਤਾਂ, ਗ੍ਰਹਿਣੀਆਂ, ਘਰੇਲੂ ਨੌਕਰਾਣੀਆਂ ਅਤੇ ਵਿਦਿਆਰਥਣਾਂ ਤਕ ਸ਼ਾਮਿਲ ਹਨ।
* 29 ਜਨਵਰੀ ਨੂੰ ਗੁਰੂਗ੍ਰਾਮ ਦੇ ਐੱਸ. ਜੀ. ਟੀ. ਡੈਂਟਲ ਕਾਲਜ ਦੀ ਇਕ ਵਿਦਿਆਰਥਣ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਇਕ ਪ੍ਰੀਖਿਆ ਕੰਟਰੋਲਰ ਵਲੋਂ ਪ੍ਰੇਸ਼ਾਨ ਅਤੇ ਹਰ ਸਾਲ ਕਈ ਵਿਸ਼ਿਆਂ ਵਿਚ ਜਾਣ-ਬੁੱਝ ਕੇ ਫੇਲ ਕੀਤਾ ਜਾ ਰਿਹਾ ਹੈ। 
* 19 ਅਪ੍ਰੈਲ ਨੂੰ ਬੰਗਾਲ ਵਿਚ ਹਾਵੜਾ ਜ਼ਿਲੇ ਦੇ ਜਗਤ ਵੱਲਭਪੁਰ ਪਿੰਡ ਵਿਚ ਇਕ ਪ੍ਰਾਇਮਰੀ ਸਕੂਲ ਦੇ ਹੈੱਡਮਾਸਟਰ ਨੂੰ ਸਕੂਲ ਦੀਆਂ ਕਈ ਕੁੜੀਆਂ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
* 24 ਅਪ੍ਰੈਲ ਨੂੰ ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਇਕ 25 ਸਾਲਾ ਮੁਟਿਆਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਇਕ ਆਬਕਾਰੀ ਅਧਿਕਾਰੀ ਨੇ ਉਸ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਈ ਵਾਰ ਉਸ ਨਾਲ ਸੈਕਸ ਸਬੰਧ ਬਣਾਏ ਪਰ ਨੌਕਰੀ ਨਹੀਂ ਦਿਵਾਈ।
* 4 ਮਈ ਨੂੰ ਯੂ. ਪੀ. ਵਿਚ ਗੋਰਖਪੁਰ ਦੀ ਇਕ ਮੁਟਿਆਰ ਨੇ ਕਾਸਗੰਜ ਦੇ ਡੀ. ਐੱਸ. ਪੀ. ਅਜੈ ਕੁਮਾਰ ਸਿੰਘ 'ਤੇ ਉਸ ਨੂੰ ਆਪਣੇ ਘਰ ਵਿਚ ਬੰਦੀ ਬਣਾ ਕੇ ਰੱਖਣ ਅਤੇ ਉਸ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ, ਵਿਰੋਧ ਕਰਨ 'ਤੇ ਮਾਰਨ-ਕੁੱਟਣ ਅਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਗੰਭੀਰ ਦੋਸ਼ ਲਾਏ।
* 23 ਮਈ ਨੂੰ ਯੂ. ਪੀ. ਵਿਚ ਵਾਰਾਨਸੀ ਦੇ ਭਾਜਪਾ ਨੇਤਾ ਕਨੱ੍ਹਈਆ ਲਾਲ ਮਿਸ਼ਰ 'ਤੇ ਇਕ ਔਰਤ ਨੇ ਨੌਕਰੀ ਦੀ ਗੱਲ ਕਰਨ ਦੇ ਬਹਾਨੇ ਸੱਦ ਕੇ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਾਇਆ।
* 29 ਮਈ ਨੂੰ ਕੌਮੀ ਹਵਾਈ ਸੇਵਾ ਏਅਰ ਇੰਡੀਆ ਦੀ ਇਕ ਏਅਰ ਹੋਸਟੈੱਸ ਨੇ ਆਪਣੇ ਇਕ ਸੀਨੀਅਰ ਐਗਜ਼ੀਕਿਊਟਿਵ ਅਫਸਰ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੂੰ ਇਸ ਦੀ ਲਿਖਤੀ ਸ਼ਿਕਾਇਤ ਕੀਤੀ। ਏਅਰ ਹੋਸਟੈੱਸ ਨੇ ਇਸ ਅਫਸਰ 'ਤੇ ਹੋਰਨਾਂ ਔਰਤਾਂ ਨਾਲ ਵੀ ਅਸ਼ੋਭਨੀਕ ਸਲੂਕ ਕਰਨ ਅਤੇ ਉਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਲਿਜਾ ਕੇ ਆਪਣੇ ਨਾਲ ਸ਼ਰਾਬ ਪੀਣ ਲਈ ਮਜਬੂਰ ਕਰਨ ਦਾ ਦੋਸ਼ ਲਾਇਆ।
* 30 ਮਈ ਨੂੰ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ. ਆਈ. ਐੱਮ.) ਰੋਹਤਕ ਦੇ ਨਿਰਦੇਸ਼ਕ ਪ੍ਰੋ. ਧੀਰਜ ਸ਼ਰਮਾ ਵਿਰੁੱਧ ਇੰਸਟੀਚਿਊਟ ਦੀ ਇਕ ਸਾਬਕਾ ਅਸਿਸਟੈਂਟ ਪ੍ਰੋਫੈਸਰ ਦੀ ਸ਼ਿਕਾਇਤ ਦੇ ਆਧਾਰ 'ਤੇ ਯੌਨ ਸ਼ੋਸ਼ਣ ਦਾ ਕੇਸ ਦਰਜ ਕੀਤਾ ਗਿਆ।
ਸ਼ਿਕਾਇਤਕਰਤਾ ਅਨੁਸਾਰ ਉਸ ਦੇ ਇੰਸਟੀਚਿਊਟ ਵਿਚ ਆਉਣ ਦੇ ਸਮੇਂ ਤੋਂ ਹੀ ਪ੍ਰੋ. ਧੀਰਜ ਸ਼ਰਮਾ ਨੇ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਦੇ ਨਿੱਜੀ ਸੈਕਸ ਜੀਵਨ 'ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਅਤੇ ਵਿਰੋਧ ਕਰਨ 'ਤੇ ਟਰਮੀਨੇਟ ਕਰ ਦਿੱਤਾ।
* 30 ਮਈ ਨੂੰ ਹੀ ਹਰਿਆਣਾ ਸਿੱਖਿਆ ਵਿਭਾਗ ਪੰਚਕੂਲਾ ਦੀ ਉਤਕਰਸ਼ ਸੋਸਾਇਟੀ ਵਿਚ ਤਾਇਨਾਤ ਐੱਚ. ਸੀ. ਐੱਸ. ਅਧਿਕਾਰੀ ਰੀਗਨ ਕੁਮਾਰ 'ਤੇ ਸਹਾਇਕ ਪ੍ਰਾਜੈਕਟ ਮੈਨੇਜਰ ਨੇ ਛੇੜਖਾਨੀ ਦੇ ਦੋਸ਼ ਹੇਠ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਤੋਂ 8 ਦਿਨਾਂ ਬਾਅਦ 7 ਜੂਨ ਨੂੰ ਪੰਚਕੂਲਾ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਟਿਆਰ ਦਾ ਦੋਸ਼ ਹੈ ਕਿ ਉਕਤ ਅਧਿਕਾਰੀ 2 ਮਹੀਨਿਆਂ ਤੋਂ ਉਸ ਦਾ ਪਿੱਛਾ ਕਰ ਰਿਹਾ ਸੀ ਤੇ ਜਦੋਂ ਸਰਕਾਰੀ ਗੱਡੀ ਉਸ ਨੂੰ ਛੱਡਣ ਜਾਂਦੀ ਤਾਂ ਉਸ ਦੇ ਪਿੱਛੇ ਆਪਣੀ ਗੱਡੀ ਲਾ ਲੈਂਦਾ ਸੀ। 
* 30 ਮਈ ਨੂੰ ਹੀ ਯੂ. ਪੀ. ਦੇ ਬਿਸੌਲੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਕੁਸ਼ਾਗਰ ਸਾਗਰ 'ਤੇ ਆਪਣੀ ਨੌਕਰਾਣੀ ਦੀ ਧੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ। 
* 04 ਜੂਨ ਨੂੰ ਮਹਾਰਾਸ਼ਟਰ ਦੇ ਗੋਂਦੀਆ ਜ਼ਿਲੇ ਵਿਚ ਨਕਸਲ ਵਿਰੋਧੀ ਸੈੱਲ ਵਿਚ ਤਾਇਨਾਤ ਪੁਲਸ ਦੇ ਏ. ਐੱਸ. ਆਈ. ਬ੍ਰਿਜਭਾਨ ਸਿੰਘ ਸੋਮਵੰਸ਼ੀ ਨੂੰ ਆਪਣੇ ਘਰ ਵਿਚ ਕੰਮ ਕਰਨ ਵਾਲੀ ਇਕ 22 ਸਾਲਾ ਆਦੀਵਾਸੀ ਮੁਟਿਆਰ ਨਾਲ ਲਗਾਤਾਰ 3 ਸਾਲਾਂ ਤਕ ਬਲਾਤਕਾਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
* 13 ਜੂਨ ਨੂੰ ਤਿਰੂਅਨੰਤਪੁਰਮ ਪੁਲਸ ਨੇ ਸੈਰ-ਸਪਾਟਾ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਅਭਿਲਾਸ਼ ਵਿਰੁੱਧ ਆਪਣੀ ਸਹਿਯੋਗੀ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ। ਸ਼ਿਕਾਇਤਕਰਤਾ ਮੁਟਿਆਰ ਦਾ ਦੋਸ਼ ਹੈ ਕਿ ਅਭਿਲਾਸ਼ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ ਆਪਣੇ ਨਾਲ ਕਈ ਥਾਵਾਂ 'ਤੇ ਲਿਜਾ ਕੇ ਉਸ ਨਾਲ ਬਲਾਤਕਾਰ ਕਰਦਾ ਰਿਹਾ। 
ਵੱਖ-ਵੱਖ ਅਧਿਕਾਰੀਆਂ ਵਲੋਂ ਯੌਨ ਸ਼ੋਸ਼ਣ ਦੀਆਂ ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਸਾਡੇ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿਚ ਮਾਹੌਲ ਕਿਸ ਤਰ੍ਹਾਂ ਖਰਾਬ ਹੁੰਦਾ ਜਾ ਰਿਹਾ ਹੈ, ਇਸ ਲਈ ਦੋਸ਼ੀਆਂ ਨੂੰ ਫੌਰਨ ਕਾਰਵਾਈ ਕਰ ਕੇ ਸਖਤ ਅਤੇ ਸਿੱਖਿਆਦਾਇਕ ਸਜ਼ਾ ਦੇ ਕੇ ਇਸ ਮਾੜੇ ਰੁਝਾਨ 'ਤੇ ਜਿੰਨੀ ਛੇਤੀ ਰੋਕ ਲਾਈ ਜਾ ਸਕੇ, ਓਨਾ ਹੀ ਚੰਗਾ ਹੋਵੇਗਾ ਤਾਂ ਕਿ ਦੂਜਿਆਂ ਨੂੰ ਨਸੀਹਤ ਮਿਲੇ ਅਤੇ ਔਰਤਾਂ ਨੂੰ ਅਜਿਹੇ ਪੀੜਾਦਾਇਕ ਤਜਰਬੇ 'ਚੋਂ ਨਾ ਲੰਘਣਾ ਪਵੇ।                          —ਵਿਜੇ ਕੁਮਾਰ


Related News