ਚੱਕ ਚੱਮਚਾ ਖਾਹ ਖੀਰ

06/14/2018 6:20:20 PM

ਇਕ ਵਾਰ ਇਕ ਪਿੰਡ ਦੇ ਤਿੰਨ ਮਿੱਤਰ ਇਕ ਜੱਟ, ਲਾਲਾ ਅਤੇ ਪੰਡਤ ਕਿਸੇ ਦੂਰ ਦੀ ਯਾਤਰਾ ਤੇ ਜਾ ਰਹੇ ਸਨ। ਚਲਦੇ-ਚਲਦੇ ਇਕ ਪਿੰਡ ਪਹੁੰਚ ਕੇ ਉਹਨਾਂ ਨੂੰੰ ਸ਼ਾਮ ਪੈ ਗਈ ਤਾਂ ਉਹਨਾਂ ਨੇ ਰਾਤ ਨੂੰ ਕਿਸੇ ਪਿੰਡ ਠਹਿਰਣ ਦਾ ਮਨ ਬਣਾ ਲਿਆ। ਪਿੰਡ ਦੇ ਇਕ ਬਜ਼ੁਰਗ ਨੇ ਦੱਸਿਆ ਕਿ ਉਹ ਪਿੰਡ ਦੀ ਧਰਮਸ਼ਾਲਾ ਵਿਚ ਠਹਿਰ ਸਕਦੇ ਹਨ ਜਿੱਥੇ ਉਹਨਾਂ ਦੇ ਅਰਾਮ ਲਈ ਸਭ ਕੁਝ ਮਿਲ ਜਾਵੇਗਾ।
ਹੁਣ ਤਿੰਨੇ ਜਣੇ ਰਾਤ ਕੱਟਣ ਲਈ ਪਿੰਡ ਦੀ ਧਰਮਸ਼ਾਲਾ ਵਿਚ ਚਲੇ ਗਏ। ਉਥੇ ਉਹਨਾਂ ਦੇਖਿਆ ਕਿ ਧਰਮਸ਼ਾਲਾ ਵਿਚ ਕਈ ਕਮਰੇ ਸਨ ਅਤੇ ਇਕ ਵੱਡੇ ਕਮਰੇ ਦੇ ਨਾਲ ਇਕ ਰਸੋਈ ਵੀ ਲੱਗਦੀ ਸੀ, ਜਿੱਥੇ ਹਰ ਪ੍ਰਕਾਰ ਦੇ ਭਾਂਡੇ ਅਤੇ ਚੁੱਲ੍ਹੇ ਦਾ ਖਾਸ ਪ੍ਰਬੰਧ ਸੀ। ਉਹਨਾਂ ਨੇ ਰਸੋਈ ਦੇ ਨੇੜੇ ਵਾਲੇ ਕਮਰੇ ਵਿਚ ਆਪਣੇ ਬਿਸਤਰੇ ਲਗਾ ਲਏ ਅਤੇ ਠੰਢ ਹੋਣ ਕਾਰਣ ਰਜਾਈਆਂ ਵੀ ਲੈ ਲਈਆਂ। ਹੁਣ ਉਹਨਾਂ ਸੋਚਿਆ ਕਿ ਪਿੰਡ ਚੋਂ ਦੁੱਧ ਲਿਆ ਕੇ ਰਸੋਈ ਵਿਚ ਖੀਰ ਬਣਾਈ ਜਾਵੇ ਅਤੇ ਇਸ ਤਰ੍ਹਾਂ ਉਹਨਾਂ ਦੀ ਭੁੱਖ ਵੀ ਮਰ ਜਾਵੇਗੀ।
ਤਿੰਨ ਮਿੱਤਰਾਂ ਵਿਚ ਲਾਲਾ ਅਤੇ ਪੰਡਤ ਬਹੁਤ ਚੁਸਤ-ਚਲਾਕ ਸਨ ਅਤੇ ਉਹ ਜੱਟ ਨੂੰ ਭੌਂਦੂ ਹੀ ਸਮਝਦੇ ਸਨ ਪਰ ਜੱਟ ਵੀ ਉਹਨਾਂ ਦੀ ਇਸ ਚੁਸਤੀ ਨੂੰ ਸਮਝਦਾ ਸੀ ਅਤੇ ਉਹ ਸੋਚਦਾ ਸੀ ਕਿ ਮੌਕਾ ਆਉਣ ਤੇ ਹੀ ਆਪਣੀ ਸਮਝਦਾਰੀ ਦਾ ਸਬੂਤ ਦੇਵੇਗਾ। ਪੰਡਤ ਨੇ ਫਟਾ-ਫੱਟ ਰਸੋਈ ਵਿਚ ਜਾ ਕੇ ਬਹੁਤ ਸੁਵਾਦਿਸ਼ਟ ਖੀਰ ਬਣਾਈ ਅਤੇ ਬੜੀ 'ਗਰਮ ਏ' ਕਹਿ ਕੇ ਪਤੀਲਾ ਢੱਕ ਦਿੱਤਾ। ਫਿਰ ਲਾਲਾ ਅਤੇ ਪੰਡਤ ਨੇ ਸਕੀਮ ਬਣਾਈ ਕਿ ਜੱਟ ਨੂੰ ਖੀਰ ਖਾਣ ਨਹੀਂ ਦੇਣੀ ਅਤੇ ਉਹ ਦੋਵੇਂ ਵੰਡ ਕੇ ਖਾਹ ਲੈਣਗੇ। ਸਕੀਮ ਅਨੁਸਾਰ ਜੱਟ ਨੂੰ ਕਿਹਾ, ''ਹੁਣ ਆਪਾਂ ਸੌ ਜਾਂਦੇ ਹਾਂ, ਸਵੇਰੇ ਉੱਠ ਕੇ ਜਿਸ ਨੂੰ ਸਭ ਤੋਂ ਵਧੀਆ ਸੁਪਨਾ ਆਇਆ ਹੋਵੇਗਾ, ਉਹ ਖੀਰ ਖਾਹ ਲਵੇਗਾ, '' ਜੱਟ ਉਹਨਾਂ ਦੀ ਨੀਅਤ ਸਮਝ ਗਿਆ ਅਤੇ ਸੁਪਨੇ ਲਈ ਸਹਿਮਤ ਹੋ ਗਿਆ। ਹੁਣ ਲਾਲੇ ਨੇ ਰਸੋਈ ਵਿਚ ਪਤੀਲੇ ਵਿਚ ਪਈ ਖੀਰ ਨੂੰ ਚੰਗੀ ਤਰ੍ਹਾਂ ਢੱਕ ਦਿੱਤਾ ਅਤੇ ਰਸੋਈ ਨੂੰ ਬਾਹਰੋਂ ਤਾਲਾ ਲਗਾ ਕੇ ਆਪਣੇ ਕਮਰੇ ਵਿਚ ਚਾਬੀ ਟੰਗ ਦਿੱਤੀ। ਸਾਰੇ ਜਣੇ ਰਾਤ ਨੂੰ ਸੌ ਗਏ।
ਜਦੋਂ ਸਵੇਰ ਹੋਈ ਤਾਂ ਉਹ ਆਪਣਾ-ਆਪਣਾ ਸੁਪਨਾ ਸੁਨਾਉਣ ਲੱਗੇ। ਸਭ ਤੋਂ ਪਹਿਲਾਂ ਲਾਲਾ ਬੋਲਿਆ ''ਰਾਤ ਮੈਂ ਸੁਪਨੇ ਵਿਚ ਕਾਬਲ-ਕੰਧਾਰ ਪਹੁੰਚ ਗਿਆ, ਉਥੇ ਬਹੁਤ ਸਾਰੇ ਘੋੜੇ ਖ੍ਰੀਦੇ ਅਤੇ ਮੈਂ ਘੋੜਿਆਂ ਦਾ ਵਪਾਰ ਸ਼ੁਰੂ ਕਰ ਦਿੱਤਾ, ਘੋੜੇ ਖੀਰਦਦਾ ਗਿਆ ਅਤੇ ਵੇਚਦਾ ਗਿਆ। ਇਸ ਤਰ੍ਹਾਂ ਮੈਂ ਬਹੁਤ ਅਮੀਰ ਬਣ ਗਿਆ।'' ਹੁਣ ਜੱਟ ਨੇ ਪੰਡਤ ਨੂੰ ਵੀ ਸੁਪਨਾ ਸੁਣਾਉਣ ਲਈ ਕਿਹਾ। ਪੰਡਤ ਨੇ ਸੋਚਿਆ ਮੇਰਾ ਸੁਪਨਾ ਸਭ ਤੋਂ ਵਧੀਆ ਹੋਵੇਗਾ ਤਾਂ ਉਸਨੇ ਸ਼ੁਰੂ ਕੀਤਾ, ''ਰਾਤ ਸੁਪਨੇ ਵਿਚ ਮੈਂ ਇਕ ਮਹਾਰਾਜਾ ਬਣ ਗਿਆ, ਮੇਰਾ ਬਹੁਤ ਸੋਹਣਾ ਸੰਘਾਸਣ ਸੀ ਅਤੇ ਅਤੇ ਜਦੋਂ ਮੈਂ ਸੰਘਾਸਣ ਤੇ ਬੈਠਦਾ ਤਾਂ ਪਰੀਆਂ ਮੈਨੂੰ ਪੱਖਾ ਝੱਲਦੀਆਂ ਸਨ। ਮੇਰਾ ਮਹਿਲ ਵੀ ਬਹੁਤ ਵੱਡਾ ਸੀ, ਇਸ ਦੇ ਚਾਰੇ ਪਾਸੇ ਵੱਡੀ-ਵੱਡੀ ਉੱਚੀ ਦੀਵਾਰ ਸੀ ਅਤੇ ਇਸ ਦੀਵਾਰ ਵਿਚ ਬਾਰਾਂ ਦਰਵਾਜ਼ੇ ਸਨ। ਹਰ ਦਰਵਾਜ਼ੇ ਤੇ ਬੰਦੂਕਾਂ ਵਾਲੇ ਪਹਿਰਾ ਦੇ ਰਹੇ ਸਨ ਅਤੇ ਇਸ ਸਧਾਰਣ ਜੱਟ ਵਰਗੇ ਕਿਸੇ ਨੂੰ ਵੀ ਅੰਦਰ ਨਹੀਂ ਸਨ ਆਉਣ ਦਿੰਦੇ।'' ਪੰਡਤ ਆਪਣਾ ਸੁਪਨਾ ਸੁਣਾ ਕੇ ਬੜਾ ਖੁਸ਼ ਹੋਇਆ ਅਤੇ ਜੱਟ ਨੂੰ ਵੀ ਆਪਣਾ ਸੁਪਨਾ ਸੁਣਾਉਣ ਲਈ ਕਿਹਾ।
ਹੁਣ ਜੱਟ ਦੀ ਵਾਰੀ ਸੀ ਇਸ ਲਈ ਉਸਨੇ ਸ਼ੁਰੂ ਕੀਤਾ, ''ਓਹ ਭਾਈ! ਜਦ ਰਾਤ ਆਪਾਂ ਪੈ ਗਏ, ਤੁਸੀਂ ਵੀ ਸੌ ਗਏ, ਮੈਂ ਵੀ ਸੌ ਗਿਆ, ਜਦ ਅੱਧੀ ਰਾਤ ਹੋਈ, ਮੇਰੇ ਸਰਾਣੇ ਇਕ ਭੂਤ ਆ ਗਿਆ, ਮੈਂ ਬਹੁਤ ਡਰ ਗਿਆ ਅਤੇ ਰਜਾਈ ਵਿਚ ਲੁਕ ਗਿਆ ਤਾਂ ਭੂਤ ਗੁੱਸੇ ਵਿੱਚ ਬੋਲਿਆ, ''ਛੱਡ ਰਜਾਈ! ਜਲਦੀ ਉੱਠ! ਚਾਬੀ ਚੁੱਕ! ਮੈਂ ਡਰਦੇ ਹੋਏ ਨੇ ਰਜਾਈ ਛੱਡ, ਚਾਬੀ ਚੁੱਕ ਲਈ। ਮੈਨੂੰ ਕਹਿੰਦਾ ਰਸੋਈ ਖੋਲ੍ਹ, ਮੈਂ ਰਸੋਈ ਵੀ ਖੋਲ੍ਹ ਦਿੱਤੀ, ਫਿਰ ਕਹਿੰਦਾ ਚੱਕ ਪਤੀਲੇ ਦਾ ਢੱਕਣ! ਮੈਂ ਢੱਕਣ ਚੁੱਕਿਆ ਤਾਂ ਪਤੀਲੇ ਵਿਚ ਖੀਰ ਸੀ। ਭੂਤ ਕਹਿੰਦਾ, ''ਚੱਕ ਚਮਚਾ ਖਾਹ ਖੀਰ, ਮੈਂ ਕਿਹਾ ਇਹ ਸਾਡੀ ਸਾਂਝੀ ਏ ਮੈਂ ਇੱਕਲਾ ਕਿਉਂ ਖਾਵਾਂ? ਭੂਤ ਨੂੰ ਤਾਂ ਬਹੁਤ ਗੁੱਸਾ ਆ ਗਿਆ, ਮੈਨੂੰ ਡਰਾਉਂਦਾ ਹੋਇਆ ਕਹਿਣ ਲੱਗਿਆ, ''ਚੱਕ-ਚਮਚਾ, ਖਾਹ ਖੀਰ-ਚੱਕ ਚੱਮਚਾ, ਖਾਹ ਖੀਰ।'' ਮੈਂ ਡਰਦੇ ਡਰਦੇ ਅੱਧੀ ਖੀਰ ਖਾਹ ਲਈ, ਭੂਤ ਕਹਿੰਦਾ ਪੂਰੀ ਖਾਹ। ਫਿਰ ਮੈਂ ਪੂਰੀ ਖਾਹ ਲਈ।
ਡਰਦਾ-ਡਰਦਾ ਲਾਲਾ ਬੋਲਿਆ, ''ਫਿਰ ਕੀ ਹੋਇਆ?'' ਜੱਟ ਨੇ ਕਿਹਾ, ''ਫਿਰ ਕੀ ਹੋਣਾ ਸੀ? ਮੈਨੂੰ ਕਹਿੰਦਾ  ਢੱਕ ਪਤੀਲਾ, ਲਾ ਰਸੋਈ ਨੂੰ ਤਾਲਾ ਅਤੇ ਚਲ ਰਜਾਈ ਵਿਚ। ਫਿਰ ਮੈਂ ਡਰਦਾ-ਡਰਦਾ ਰਜਾਈ ਵਿਚ ਵੜ ਗਿਆ ਅਤੇ ਭੂਤ ਚਲਾ ਗਿਆ ।'' ਲਾਲਾ ਕੜਾਕੇ ਨਾਲ ਬੋਲਿਆ, ''ਮੈਂ ਤੇਰੇ ਪਾਸ ਪਿਆ ਸੀ, ਤੂੰ ਮੈਨੂੰ ਜਗਾ ਲੈਂਦਾ।'' ਜੱਟ ਹੱਸ ਪਿਆ ਅਤੇ ਕਿਹਾ, ''ਲਾਲਾ ਜੀ, ਮੈਂ ਤੁਹਾਡੀ ਰਜਾਈ ਵਿੱਚ ਦੇਖਿਆ ਸੀ, ਤੁਸੀਂ ਤਾਂ ਕਾਬਲ-ਕੰਧਾਰ ਗਏ ਹੋਏ ਸੀ।'' ਹੌਸਲਾ ਜਿਹਾ ਕਰਕੇ ਪੰਡਤ ਨੇ ਕਿਹਾ, ''ਤੇਰੇ ਦੂਜੇ ਪਾਸੇ ਮੈਂ ਪਿਆ ਸੀ, ਤੂੰ ਮੈਨੂੰ ਜਗਾਉਂਦਾ।'' ਜੱਟ ਫਿਰ ਹੱਸ ਪਿਆ ਅਤੇ ਕਿਹਾ, ''ਪੰਡਤ ਜੀ! ਮੈਂ ਤੁਹਾਡੇ ਮਹਿਲਾਂ ਵਿਚ ਵੀ ਗਿਆ ਸੀ ਪਰ ਤੁਹਾਡੇ ਬੰਦੂਕਾਂ ਵਾਲੇ ਪਹਿਰੇਦਾਰਾਂ ਨੇ ਮੈਨੂੰ ਅੰਦਰ ਨਹੀਂ ਵੜਣ ਦਿੱਤਾ।'' ਹੁਣ ਲਾਲੇ ਨੇ ਕਿਹਾ, ''ਛੱਡੋ ਸੁਪਨਾ, ਹੁਣ ਆਪਾਂ ਖੀਰ ਖਾਈਏ।'' ਜਦੋਂ ਉਹਨਾਂ ਰਸੋਈ ਖੋਲ੍ਹ ਕੇ ਪਤੀਲਾ ਦੇਖਿਆ ਤਾਂ ਪਤੀਲਾ ਖਾਲੀ। ਕਿਉਂਕਿ ਜੱਟ ਸੱਚ ਵਿਚ ਹੀ ਖੀਰ ਖਾਹ ਗਿਆ ਸੀ। ਖਾਲੀ ਪਤੀਲੇ ਪਾਸ ਪਏ ਲਿਬੜੇ ਚਮਚੇ ਵੱਲ ਦੇਖ ਦੋਨੋਂ ਲਾਲਾ ਅਤੇ ਪੰਡਤ ਹੁਣ ਸਾਰੀ ਗੱਲ ਸਮਝ ਗਏ ਸਨ ਅਤੇ ਉਹ ਸਮਝਦੇ ਸਨ ਕਿ ਭੂਤ ਭਾਤ ਕੋਈ ਨਹੀਂ ਹੁੰਦੇ ਅਤੇ ਉਹ ਇੱਕਠੇ ਹੀ ਬੋਲੇ, ''ਵਾਹ! ਤੇਰੀ ਸਮਝਦਾਰੀ।''      
ਬਹਾਦਰ ਸਿੰਘ ਗੋਸਲ
ਮਕਾਨ ਨੰ: 3098,
ਸੈਕਟਰ 37 ਡੀ ਚੰਡੀਗੜ੍ਹ।
ਮੋਬਾ. 9876452223  


Related News