3 ਕਸੌਟੀਆਂ ਦੀ ਪਰਖ

6/14/2018 9:03:33 AM

ਜਲੰਧਰ— ਪ੍ਰਾਚੀਨ ਯੂਨਾਨ 'ਚ ਸੁਕਰਾਤ ਆਪਣੀ ਪਰਖ ਲਈ ਬਹੁਤ ਜਾਣੇ ਜਾਂਦੇ ਸਨ। ਉਹ ਬਿਨਾਂ ਪਰਖ ਕੀਤੇ ਕੋਈ ਗੱਲ ਨਹੀਂ ਮੰਨਦੇ ਸਨ। ਇਕ ਦਿਨ ਉਨ੍ਹਾਂ ਦਾ ਵਾਕਫ ਉਨ੍ਹਾਂ ਨੂੰ ਮਿਲਣ ਆਇਆ ਅਤੇ ਬੋਲਿਆ, ''ਮੈਂ ਤੁਹਾਡੇ ਇਕ ਦੋਸਤ ਬਾਰੇ ਕੁਝ ਸੁਣਿਆ ਹੈ।'' ਸੁਕਰਾਤ ਬੋਲੇ, ''ਤੁਹਾਡੇ ਵਲੋਂ ਕੁਝ ਦੱਸਣ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਅਸੀਂ ਇਕ ਛੋਟੀ ਜਿਹੀ ਪਰਖ ਕਰ ਲਈਏ। ਮੈਂ ਇਸ ਨੂੰ 3 ਕਸੌਟੀਆਂ ਦੀ ਪਰਖ ਕਹਿੰਦਾ ਹਾਂ।'' ਵਾਕਫ ਨੇ ਪੁੱਛਿਆ, ''3 ਕਸੌਟੀਆਂ ਕੀ ਹਨ?'' ਸੁਕਰਾਤ ਬੋਲੇ, ''ਇਹ ਕਸੌਟੀਆਂ ਦੱਸਣਗੀਆਂ ਕਿ ਤੁਸੀਂ ਮੈਨੂੰ ਕਿਹੋ ਜਿਹੀ ਗੱਲ ਦੱਸਣ ਵਾਲੇ ਹੋ।'' ਉਹ ਅੱਗੇ ਬੋਲੇ, ''ਇਸ ਵਿਚ ਪਹਿਲੀ ਸੱਚ ਦੀ ਕਸੌਟੀ ਹੈ। ਕੀ ਤੁਸੀਂ ਸੌ ਫੀਸਦੀ ਦਾਅਵੇ ਨਾਲ ਕਹਿ ਸਕਦੇ ਹੋ ਕਿ ਜਿਹੜੀ ਗੱਲ ਤੁਸੀਂ ਮੈਨੂੰ ਦੱਸਣ ਵਾਲੇ ਹੋ, ਉਹ ਪੂਰੀ ਤਰ੍ਹਾਂ ਸੱਚ ਹੈ?'' ਵਾਕਫ ਨੇ ਕਿਹਾ, ''ਨਹੀਂ, ਅਸਲ ਵਿਚ ਮੈਂ ਸੁਣਿਆ ਹੈ ਕਿ...।''
ਸੁਕਰਾਤ ਬੋਲੇ, ''ਠੀਕ ਹੈ। ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਪੂਰਾ ਯਕੀਨ ਨਹੀਂ ਕਿ ਇਹ ਗੱਲ ਪੂਰੀ ਤਰ੍ਹਾਂ ਸੱਚ ਹੈ। ਚਲੋ, ਹੁਣ ਦੂਜੀ ਕਸੌਟੀ ਦੀ ਵਰਤੋਂ ਕਰਦੇ ਹਾਂ, ਜਿਸ ਨੂੰ ਮੈਂ ਚੰਗਿਆਈ ਦੀ ਕਸੌਟੀ ਕਹਿੰਦਾ ਹਾਂ। ਮੇਰੇ ਦੋਸਤ ਬਾਰੇ ਤੁਸੀਂ ਜੋ ਵੀ ਦੱਸਣ ਵਾਲੇ ਹੋ, ਕੀ ਉਸ ਵਿਚ ਕੋਈ ਚੰਗੀ ਗੱਲ ਹੈ?'' ਵਾਕਫ ਬੋਲਿਆ, ''ਨਹੀਂ, ਸਗੋਂ ਉਹ ਤਾਂ...।''
ਸੁਕਰਾਤ ਬੋਲੇ, ''ਚੰਗਾ, ਇਸ ਦਾ ਮਤਲਬ ਇਹ ਹੈ ਕਿ ਤੁਸੀਂ ਮੈਨੂੰ ਜੋ ਕੁਝ ਸੁਣਾਉਣ ਵਾਲੇ ਸੀ, ਉਸ ਵਿਚ ਕੋਈ ਭਲਾਈ ਦੀ ਗੱਲ ਨਹੀਂ ਅਤੇ ਤੁਸੀਂ ਇਹ ਵੀ ਨਹੀਂ ਜਾਣਦੇ ਕਿ ਉਹ ਸੱਚ ਹੈ ਜਾਂ ਝੂਠ ਪਰ ਸਾਨੂੰ ਹੁਣ ਵੀ ਆਸ ਨਹੀਂ ਗੁਆਉਣੀ ਚਾਹੀਦੀ ਕਿਉਂਕਿ ਆਖਰੀ ਮਤਲਬ ਤੀਜੀ ਕਸੌਟੀ ਦੀ ਪਰਖ ਅਜੇ ਬਚੀ ਹੋਈ ਹੈ ਅਤੇ ਉਹ ਹੈ ਉਪਯੋਗਤਾ ਦੀ ਕਸੌਟੀ। ਜਿਹੜੀ ਗੱਲ ਤੁਸੀਂ ਮੈਨੂੰ ਦੱਸਣ ਵਾਲੇ ਸੀ, ਕੀ ਉਹ ਮੇਰੇ ਕਿਸੇ ਕੰਮ ਦੀ ਹੈ?''
ਵਾਕਫ ਨੇ ਅਸਹਿਜ ਹੁੰਦਿਆਂ ਜਵਾਬ ਦਿੱਤਾ, ''ਨਹੀਂ, ਅਜਿਹਾ ਤਾਂ ਨਹੀਂ ਹੈ।'' ਸੁਕਰਾਤ ਨੇ ਕਿਹਾ, ''ਬਸ, ਹੋ ਗਿਆ। ਜਿਹੜੀ ਗੱਲ ਤੁਸੀਂ ਮੈਨੂੰ ਦੱਸਣ ਵਾਲੇ ਸੀ, ਉਹ ਨਾ ਤਾਂ ਸੱਚ ਹੈ, ਨਾ ਹੀ ਚੰਗੀ ਗੱਲ ਹੈ ਅਤੇ ਨਾ ਹੀ ਮੇਰੇ ਕੰਮ ਦੀ ਹੈ ਤਾਂ ਮੈਂ ਉਸ ਨੂੰ ਜਾਣਨ 'ਚ ਆਪਣਾ ਕੀਮਤੀ ਸਮਾਂ ਕਿਉਂ ਗੁਆਵਾਂ?''