ਬਲਾਤਕਾਰ ''ਚ ਇਕ ਹੋਰ ਬਾਬਾ ਫਸਿਆ ਹੁਣ ''ਦਾਤੀ ਮਹਾਰਾਜ'' ਉੱਤੇ ਲੱਗੇ ਦੋਸ਼

06/14/2018 7:52:45 AM

ਹਰ ਬੀਤਣ ਵਾਲੇ ਦਿਨ ਦੇ ਨਾਲ ਕਲਯੁਗੀ ਬਾਬਿਆਂ ਦੀ ਪੋਲ ਖੁੱਲ੍ਹ ਰਹੀ ਹੈ। ਸੰਤ ਆਸਾਰਾਮ, ਗੁਰਮੀਤ ਰਾਮ ਰਹੀਮ, ਨਾਰਾਇਣ ਸਾਈਂ, ਵੀਰੇਂਦਰ ਦੇਵ ਦੀਕਸ਼ਿਤ, ਨਿੱਤਿਆਨੰਦ ਤੇ ਰਾਜਸਥਾਨ ਦੇ ਕਥਿਤ ਸੰਤ ਕੌਸ਼ਲੇਂਦਰ ਫਲਾਹਾਰੀ ਮਹਾਰਾਜ 'ਤੇ ਦੁਸ਼ਕਰਮ ਆਦਿ ਦੇ ਦੋਸ਼ ਪਿਛਲੇ ਕੁਝ ਸਮੇਂ ਦੌਰਾਨ ਲੱਗ ਚੁੱਕੇ ਹਨ।
ਅਤੇ ਹੁਣ ਆਪਣੇ ਪਰਿਵਾਰ ਦੇ ਨਾਲ ਦਿੱਲੀ ਦੇ ਕਾਲਕਾ ਜੀ ਇਲਾਕੇ 'ਚ ਰਹਿਣ ਵਾਲੀ ਇਕ 25 ਸਾਲਾ ਮਹਿਲਾ ਨੇ ਸ਼ਨੀਧਾਮ ਮੰਦਰ ਦੇ ਸੰਸਥਾਪਕ ਮਹਾਮੰਡਲੇਸ਼ਵਰ ਦਾਤੀ ਮਹਾਰਾਜ (ਅਸਲ ਨਾਂ ਮਦਨ ਲਾਲ) ਅਤੇ ਉਸ ਦੇ ਚੇਲਿਆਂ ਵਿਰੁੱਧ ਬਲਾਤਕਾਰ ਦਾ ਦੋਸ਼ ਲਾ ਕੇ ਸਨਸਨੀ ਫੈਲਾ ਦਿੱਤੀ ਹੈ। 
10 ਜੁਲਾਈ 1950 ਨੂੰ ਰਾਜਸਥਾਨ ਦੇ ਅਲਵਰ 'ਚ ਜਨਮਿਆ ਦਾਤੀ ਮਹਾਰਾਜ 7 ਸਾਲ ਦੀ ਉਮਰ 'ਚ ਸੰਤ ਬਣਿਆ। ਉਹ ਵੱਖ-ਵੱਖ ਚੈਨਲਾਂ 'ਤੇ ਰਾਸ਼ੀਫਲ ਤੇ ਜੋਤਿਸ਼ ਨਾਲ ਜੁੜੇ ਪ੍ਰੋਗਰਾਮਾਂ 'ਚ ਨਜ਼ਰ ਆਉਂਦਾ ਹੈ। ਉਹ ਪੰਚਾਂਗ ਤੇ ਰਾਸ਼ੀਫਲ ਨਾਲ ਜੁੜੇ ਵੀਡੀਓ ਤੇ ਹੋਰ ਜਾਣਕਾਰੀਆਂ ਵੀ ਸੋਸ਼ਲ ਮੀਡੀਆ 'ਤੇ ਪੋਸਟ ਕਰਦਾ ਰਹਿੰਦਾ ਹੈ। ਦੱਖਣੀ ਦਿੱਲੀ ਦੇ ਫਤਿਹਪੁਰ ਬੇਰੀ ਸਥਿਤ ਉਸ ਦੇ ਆਸ਼ਰਮ 'ਚ ਕਈ ਨਾਮੀ ਹਸਤੀਆਂ ਪਹੁੰਚਦੀਆਂ ਹਨ। 
ਰਾਜਸਥਾਨ ਵਿਚ 'ਪਾਲੀ' ਜ਼ਿਲੇ ਦੇ 'ਆਲਾਵਾਸ' ਪਿੰਡ 'ਚ ਸਥਿਤ ਆਸ਼ਵਾਸਨ ਗੁਰੂਕੁਲ ਆਸ਼ਰਮ 'ਚ 800 ਬੱਚੀਆਂ ਰਹਿੰਦੀਆਂ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਅਨਾਥ ਹਨ। ਇਨ੍ਹਾਂ ਨੂੰ ਦਾਤੀ ਮਹਾਰਾਜ ਨੇ ਗੋਦ ਲਿਆ ਹੋਇਆ ਹੈ ਤੇ ਇਨ੍ਹਾਂ ਦਾ ਖਰਚਾ ਉਸ ਦਾ ਆਸ਼ਰਮ ਹੀ ਉਠਾਉਂਦਾ ਹੈ। 
ਦਾਤੀ 'ਤੇ ਦੋਸ਼ ਲਾਉਣ ਵਾਲੀ ਪੀੜਤਾ ਦਾ ਕਹਿਣਾ ਹੈ ਕਿ ਫਰਵਰੀ 2016 'ਚ ਇਕ ਵਾਰ ਸ਼ਨੀਧਾਮ ਮੰਦਰ 'ਚ ਉਸ ਦੇ ਨਾਲ ਦੁਸ਼ਕਰਮ ਤੋਂ ਬਾਅਦ ਬਾਬਾ ਤੇ ਉਸ ਦੇ ਚੇਲੇ ਉਸ ਨੂੰ ਰਾਜਸਥਾਨ ਦੇ 'ਪਾਲੀ' ਸਥਿਤ ਆਸ਼ਰਮ ਵੀ ਲੈ ਗਏ ਅਤੇ ਉਥੇ ਵੀ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਦਾਤੀ ਨੇ ਉਸ ਨਾਲ ਗੈਰ-ਕੁਦਰਤੀ ਸੈਕਸ ਵੀ ਕੀਤਾ। 
ਪੀੜਤਾ ਅਨੁਸਾਰ ਦਾਤੀ ਮਹਾਰਾਜ ਦੇ ਪ੍ਰਵਚਨ ਸੁਣਨ ਲਈ ਉਹ ਨਿਯਮਿਤ ਤੌਰ 'ਤੇ ਆਸ਼ਰਮ ਜਾਂਦੀ ਸੀ ਤੇ ਦਾਤੀ ਮਹਾਰਾਜ ਦੇ ਇਕ ਸਹਿਯੋਗੀ ਨੇ ਉਸ ਨੂੰ ਦਾਤੀ ਮਹਾਰਾਜ ਨਾਲ ਮਿਲਵਾਇਆ। ਉਸ ਤੋਂ ਬਾਅਦ ਉਹ ਸੇਵਾਦਾਰ ਦੇ ਤੌਰ 'ਤੇ 2007 ਤੋਂ 2014 ਤਕ ਆਸ਼ਰਮ 'ਚ ਰਹੀ ਤੇ ਬਾਅਦ ਵਿਚ ਵੀ ਉਸ ਦਾ ਆਸ਼ਰਮ 'ਚ ਆਉਣਾ-ਜਾਣਾ ਲੱਗਾ ਰਿਹਾ।
ਪੀੜਤਾ ਅਨੁਸਾਰ ਦਾਤੀ ਮਹਾਰਾਜ 'ਚਰਨ ਸੇਵਾ' ਦੇ ਨਾਂ 'ਤੇ ਦੁਸ਼ਕਰਮ ਕਰਦਾ ਹੈ ਤੇ 9 ਫਰਵਰੀ 2016 ਨੂੰ ਦਾਤੀ ਮਹਾਰਾਜ ਦੀ ਸੇਵਾਦਾਰ ਸ਼ਰਧਾ ਉਸ ਨੂੰ 'ਅਸੋਲਾ' ਸਥਿਤ ਸ਼ਨੀਧਾਮ ਆਸ਼ਰਮ ਵਿਚ 'ਚਰਨ ਸੇਵਾ' ਲਈ ਸਫੈਦ ਪਹਿਰਾਵਾ ਪਹਿਨਾ ਕੇ ਇਕ ਗੁਫਾਨੁਮਾ ਕਮਰੇ 'ਚ ਲੈ ਗਈ, ਜਿਸ 'ਚ ਬਹੁਤ ਹਨੇਰਾ ਸੀ। 
ਸ਼ਰਧਾ ਨੇ ਪੀੜਤਾ ਨੂੰ ਕਿਹਾ, ''ਤੂੰ ਬਾਬੇ ਦੀ ਹੈਂ ਅਤੇ ਬਾਬਾ ਤੇਰੇ ਹਨ। ਤੂੰ ਕੋਈ ਨਵਾਂ ਕੰਮ ਨਹੀਂ ਕਰ ਰਹੀ। ਬਾਬੇ ਦਾ ਆਸ਼ੀਰਵਾਦ ਹਾਸਲ ਕਰਨ ਲਈ ਅਸੀਂ ਸਭ ਕਰਦੀਆਂ ਆਈਆਂ ਹਾਂ। ਕੱਲ ਸਾਡੀ ਵਾਰੀ ਸੀ, ਅੱਜ ਤੇਰੀ ਵਾਰੀ ਹੈ ਅਤੇ ਇਸ ਤੋਂ ਬਾਅਦ ਵੀ ਕਈਆਂ ਦੇ ਨਾਲ ਅਜਿਹਾ ਹੋਵੇਗਾ। ਬਾਬਾ ਸਾਗਰ ਹਨ ਤੇ ਅਸੀਂ ਸਭ ਮੱਛੀਆਂ ਹਾਂ। ਇਸ ਨੂੰ ਕਰਜ਼ਾ ਸਮਝ ਕੇ ਚੁਕਾ। ਅਜਿਹਾ ਕਰਨ ਨਾਲ ਤੈਨੂੰ ਮੋਕਸ਼ ਮਿਲੇਗਾ। ਇਹ ਵੀ ਸੇਵਾ ਹੈ।''
ਜਦੋਂ ਉਹ ਦਾਤੀ ਮਹਾਰਾਜ ਦੇ ਸਾਹਮਣੇ ਲਿਆਂਦੀ ਗਈ ਤਾਂ ਦਾਤੀ ਨੇ ਉਸ ਨੂੰ ਕਿਹਾ, ''ਇਧਰ-ਉਧਰ ਕਿਉਂ ਭਟਕਣਾ, ਮੈਂ ਤੇਰਾ ਪ੍ਰਭੂ ਹਾਂ, ਮੈਂ ਸਭ ਵਾਸਨਾ ਖਤਮ ਕਰ ਦੇਵਾਂਗਾ।'' ਇਸ ਤੋਂ ਬਾਅਦ ਦਾਤੀ ਤੇ ਉਸ ਦੇ ਸਾਥੀਆਂ ਨੇ ਵਾਰੀ-ਵਾਰੀ ਉਸ ਨਾਲ ਦੁਸ਼ਕਰਮ ਤੇ ਕੁਕਰਮ ਕੀਤਾ। 
'ਪਾਲੀ' ਜ਼ਿਲੇ ਦੇ ਗੁਰੂਕੁਲ ਵਿਚ ਵੀ ਅਜਿਹਾ ਹੀ ਕੀਤਾ ਗਿਆ। ਉਸ ਨੂੰ ਤਿੰਨ ਦਿਨਾਂ ਤਕ ਜਾਨਵਰਾਂ ਵਾਂਗ ਨੋਚਿਆ ਗਿਆ ਪਰ ਸਮਾਜ 'ਚ ਬਦਨਾਮੀ ਤੇ ਬਾਬੇ ਵਲੋਂ ਕਿਸੇ ਨੂੰ ਨਾ ਦੱਸਣ 'ਤੇ ਗੰਭੀਰ ਨਤੀਜਿਆਂ ਦੀ ਧਮਕੀ ਦੇ ਡਰ ਕਾਰਨ ਉਸ ਨੇ ਪਹਿਲਾਂ ਸ਼ਿਕਾਇਤ ਨਹੀਂ ਕੀਤੀ। 
ਪੀੜਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਦੁਸ਼ਕਰਮ, ਕੁਕਰਮ ਤੇ ਛੇੜਛਾੜ ਆਦਿ ਦੇ ਦੋਸ਼ਾਂ 'ਚ 4 ਧਾਰਾਵਾਂ ਦੇ ਅਧੀਨ ਦਾਤੀ ਮਹਾਰਾਜ ਅਤੇ ਉਸ ਦੇ ਚਾਰ ਸਹਿਯੋਗੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ 'ਚੋਂ 2 ਧਾਰਾਵਾਂ ਗ਼ੈਰ-ਜ਼ਮਾਨਤੀ ਹਨ ਅਤੇ ਦੋਸ਼ ਲੱਗਣ ਤੋਂ ਬਾਅਦ ਦਾਤੀ ਮਹਾਰਾਜ ਹੁਣ ਆਪਣੇ ਆਸ਼ਰਮ 'ਚੋਂ ਗਾਇਬ ਹੈ। 
ਦਾਤੀ ਮਹਾਰਾਜ ਨੂੰ 'ਖਤਰਨਾਕ ਵਿਅਕਤੀ' ਦੱਸਦੇ ਹੋਏ ਪੀੜਤਾ ਨੇ ਆਪਣੇ ਤੇ ਆਪਣੇ ਪਰਿਵਾਰ ਲਈ ਅਦਾਲਤ 'ਚ ਸੁਰੱਖਿਆ ਦੀ ਦੁਹਾਈ ਪਾਉਂਦਿਆਂ ਕਿਹਾ, ''ਅੱਜ ਮੈਂ ਉਸ ਦੇ ਵਿਰੁੱਧ ਸ਼ਿਕਾਇਤ ਕਰ ਰਹੀ ਹਾਂ। ਇਸ ਤੋਂ ਬਾਅਦ ਪਤਾ ਨਹੀਂ ਮੈਂ ਜ਼ਿੰਦਾ ਰਹਾਂਗੀ ਜਾਂ ਨਹੀਂ ਪਰ ਮੇਰੇ ਵਰਗੀਆਂ ਹੋਰ ਕੁੜੀਆਂ ਦਾ ਜੀਵਨ ਬਚ ਜਾਏਗਾ।''
ਸੰਤ ਸਮਾਜ ਦੇ ਕੁਝ ਮੈਂਬਰਾਂ 'ਤੇ ਇਸ ਕਿਸਮ ਦੇ ਦੋਸ਼ ਲੱਗਣੇ ਯਕੀਨਨ ਹੀ ਸਮੁੱਚੇ ਸੰਤ ਸਮਾਜ ਦੀ ਬਦਨਾਮੀ ਦਾ ਕਾਰਨ ਬਣ ਰਿਹਾ ਹੈ। ਸੱਚਾਈ ਜੋ ਵੀ ਹੋਵੇ, ਉਹ ਜਾਂਚ 'ਚ ਸਾਹਮਣੇ ਆ ਹੀ ਜਾਵੇਗੀ, ਇਕ ਗੱਲ ਜ਼ਰੂਰ ਹੈ ਕਿ ਅਜਿਹੀਆਂ ਘਟਨਾਵਾਂ ਨਾਲ ਦੇਸ਼ ਵਿਚ ਸੰਤਾਂ ਤੇ ਬਾਬਿਆਂ ਦੀ ਭਰੋਸੇਯੋਗਤਾ ਤੇ ਵੱਕਾਰ ਨੂੰ ਲਗਾਤਾਰ ਧੱਕਾ ਲੱਗ ਰਿਹਾ ਹੈ। ਅਖੀਰ ਇਸ ਨੂੰ ਰੋਕਣ ਲਈ ਹੋਰਨਾਂ ਸੰਤ-ਮਹਾਤਮਾਵਾਂ ਨੂੰ ਸੋਚਣਾ ਚਾਹੀਦਾ ਹੈ। 
ਇਸ ਮਾਮਲੇ 'ਚ ਸੰਤ ਸਮਾਜ ਦੇ ਮੈਂਬਰਾਂ ਦਾ ਗ੍ਰਹਿਸਥ ਜੀਵਨ 'ਚ ਸ਼ਾਮਲ ਹੋਣਾ, ਉਸੇ ਤਰ੍ਹਾਂ ਸਹਾਇਕ ਸਿੱਧ ਹੋ ਸਕਦਾ ਹੈ, ਜਿਸ ਤਰ੍ਹਾਂ ਕੁਝ ਸਮਾਂ ਪਹਿਲਾਂ ਅਮਰੀਕਾ 'ਚ ਮੈਰੋਨਾਈਟ ਕੈਥੋਲਿਕ ਗਿਰਜਾਘਰ 'ਚ ਇਕ ਸ਼ਾਦੀਸ਼ੁਦਾ ਵਿਅਕਤੀ ਨੂੰ ਪਾਦਰੀ ਬਣਾ ਕੇ ਨਵੀਂ ਪਹਿਲ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਪੋਪ ਫ੍ਰਾਂਸਿਸ ਨੇ ਵੀ ਵਿਆਹੇ ਹੋਏ ਲੋਕਾਂ ਨੂੰ ਵਿਸ਼ੇਸ਼ ਹਾਲਾਤ 'ਚ ਪਾਦਰੀ ਬਣਨ ਦੀ ਇਜਾਜ਼ਤ ਦੇਣ ਦੇ ਸਬੰਧ 'ਚ ਵਿਚਾਰ ਕਰਨ ਦੀ ਬ੍ਰਾਜ਼ੀਲ ਦੇ ਪਾਦਰੀਆਂ ਨੂੰ ਅਪੀਲ ਕੀਤੀ ਹੈ।                                         —ਵਿਜੇ ਕੁਮਾਰ


Related News