ਇਟਲੀ ਨੇ ਸ਼ਰਨਾਰਥੀ ਵਿਵਾਦ 'ਤੇ ਫਰਾਂਸ ਦੇ ਰਾਜਦੂਤ ਨੂੰ ਭੇਜਿਆ ਸੰਮਨ

06/13/2018 5:26:28 PM

ਰੋਮ (ਬਿਊਰੋ)— ਇਟਲੀ ਨੇ ਸ਼ਰਨਾਰਥੀ ਵਿਵਾਦ 'ਤੇ ਫਰਾਂਸ ਦੇ ਨਾਲ ਚੱਲ ਰਹੀ ਕੂਟਨੀਤਕ ਟਕੱਰ ਵਿਚਕਾਰ ਬੁੱਧਵਾਰ ਨੂੰ ਫਰਾਂਸ ਦੇ ਰਾਜਦੂਤ ਨੂੰ ਸੰਮਨ ਭੇਜਿਆ। ਇਟਲੀ ਦੇ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਂਕਰੋ ਨੇ ਕੱਲ ਇਟਲੀ 'ਤੇ ''ਗੈਰਜ਼ਿੰਮੇਵਾਰ'' ਰਵੱਈਏ ਦਾ ਦੋਸ਼ ਲਗਾਇਆ ਸੀ। ਗੌਰਤਲਬ ਹੈ ਕਿ ਇਟਲੀ ਸਰਕਾਰ ਨੇ ਭੂ ਮੱਧ ਸਾਗਰ ਵਿਚ ਸੈਂਕੜੇ ਸ਼ਰਨਾਰਥੀਆਂ ਨੂੰ ਲਿਆ ਰਹੇ ਇਕ ਐੱਨ.ਜੀ.ਓ. ਦੇ ਜਹਾਜ਼ ਲਈ ਆਪਣੇ ਬੰਦਰਗਾਹ ਨੂੰ ਖੋਲ੍ਹਣ ਤੋ ਇਨਕਾਰ ਕਰ ਦਿੱਤਾ ਸੀ। ਇਟਲੀ ਦੀ ਨਵੀਂ ਲੋਕਤੰਤਰੀ ਸਰਕਾਰ ਨੇ ਇਨ੍ਹਾਂ ਦੋਸ਼ਾਂ 'ਤੇ ਤੁਰੰਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸ਼ਰਨਾਰਥੀਆਂ 'ਤੇ ਫਰਾਂਸ ਜਿਹੇ ਦੇਸ਼ਾਂ ਦੀ ''ਪਖੰਡ ਭਰਪੂਰ ਸਿੱਖਿਆ'' ਦੀ ਲੋੜ ਨਹੀਂ ਹੈ ਅਤੇ ਉਸ ਨੇ ਇਸ ਦੀ ਨਿੰਦਾ ਕੀਤੀ। ਸਰਕਾਰ ਨੇ ਕੱਲ ਇਕ ਬਿਆਨ ਵਿਚ ਕਿਹਾ,''ਫਰਾਂਸ ਵੱਲੋਂ ਜਹਾਜ਼ ਐਕਵੇਰੀਅਸ ਨਾਲ ਸੰਬੰਧਿਤ ਬਿਆਨ ਹੈਰਾਨ ਕਰਨ ਵਾਲੇ ਹਨ। ਇਟਲੀ ਉਨ੍ਹਾਂ ਦੇਸ਼ਾਂ ਦੇ ਪਖੰਡ ਭਰਪੂਰ ਗਿਆਨ ਨੂੰ ਸਵੀਕਾਰ ਨਹੀਂ ਕਰ ਸਕਦਾ, ਜਿਨ੍ਹਾਂ ਨੇ ਸ਼ਰਨਾਰਥੀਆਂ ਦੇ ਮੁੱਦੇ 'ਤੇ ਅੱਖਾਂ ਫੇਰਨ ਦਾ ਵਿਕਲਪ ਚੁਣਿਆ।'' ਡਿਪਲੋਮੈਟਿਕ ਸੂਤਰਾਂ ਮੁਤਾਬਕ ਫਰਾਂਸ ਦੇ ਰਾਜਦੂਤ ਕ੍ਰਿਸ਼ਚਿਅਨ ਮਸੇਟ ਅੰਤਰ ਰਾਸ਼ਟਰੀ ਸਮੇਂ ਮੁਤਾਬਕ ਰਾਤ 8 ਵਜੇ ਇਟਲੀ ਦੇ ਵਿਦੇਸ਼ ਮੰਤਰਾਲੇ ਵਿਚ ਪੇਸ਼ ਹੋਣਗੇ।


Related News