ਉੱਤਰ ਪ੍ਰਦੇਸ਼ ਦੇ ਅਪਰਾਧੀ ਹੁਣ ਦੂਜੇ ਸੂਬਿਆਂ ਵਿਚ ''ਘੁਸਪੈਠ'' ਕਰਨ ਲੱਗੇ

06/12/2018 1:38:40 AM

ਦੇਸ਼ ਦੇ ਕਈ ਸੂਬਿਆਂ ਵਾਂਗ ਉੱਤਰ ਪ੍ਰਦੇਸ਼ ਵਿਚ ਵੀ ਕਾਨੂੰਨ-ਵਿਵਸਥਾ ਦੀ ਸਥਿਤੀ ਬਹੁਤ ਖਰਾਬ ਹੈ, ਜਿਸ ਨੂੰ ਦਰੁੱਸਤ ਕਰਨ ਲਈ ਯੋਗੀ ਆਦਿੱਤਿਆਨਾਥ ਨੇ 19 ਮਾਰਚ 2017 ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ 20 ਮਾਰਚ ਤੋਂ ਪੁਲਸ ਵਲੋਂ ਅਪਰਾਧੀ ਅਨਸਰਾਂ ਦੇ ਐਨਕਾਊਂਟਰ ਦੀ ਮੁਹਿੰਮ ਸ਼ੁਰੂ ਕਰਵਾਈ।
ਯੋਗੀ ਆਦਿੱਤਿਆਨਾਥ ਦਾ ਕਹਿਣਾ ਹੈ ਕਿ ''ਹਰੇਕ ਬੇਕਸੂਰ ਸ਼ਹਿਰੀ ਨੂੰ ਸੁਰੱਖਿਆ ਪ੍ਰਦਾਨ ਕਰਨਾ ਸਰਕਾਰ ਦਾ ਫਰਜ਼ ਹੈ। ਇਸ ਲਈ ਇਹ ਐਨਕਾਊਂਟਰ ਕਾਨੂੰਨ-ਵਿਵਸਥਾ ਦੀ ਲੋੜ ਮੁਤਾਬਿਕ ਕੀਤੇ ਜਾ ਰਹੇ ਹਨ ਪਰ ਜੇ ਕੋਈ ਪੁਲਸ 'ਤੇ ਗੋਲੀ ਚਲਾਏਗਾ ਤਾਂ ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਾਂਗੇ।''
ਐਨਕਾਊਂਟਰਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਭਾਜਪਾ 'ਤੇ ਹਾਵੀ ਹਨ। ਸਮਾਜਵਾਦੀ ਪਾਰਟੀ ਅਨੁਸਾਰ, ''ਯੋਗੀ ਸਰਕਾਰ ਹਰ ਮੋਰਚੇ 'ਤੇ ਨਾਕਾਮ ਰਹੀ ਹੈ ਅਤੇ ਆਪਣੀਆਂ ਕਮੀਆਂ ਲੁਕਾਉਣ ਲਈ ਐਨਕਾਊਂਟਰ ਦਾ ਸਹਾਰਾ ਲੈ ਰਹੀ ਹੈ।''
ਐਨਕਾਊਂਟਰਾਂ ਦੇ ਵਿਰੋਧੀਆਂ 'ਤੇ ਅਪਰਾਧੀ ਅਨਸਰਾਂ ਨਾਲ ਹਮਦਰਦੀ ਰੱਖਣ ਦਾ ਦੋਸ਼ ਲਾਉਂਦਿਆਂ ਯੋਗੀ ਆਦਿੱਤਿਆਨਾਥ ਨੇ ਕਿਹਾ, ''ਅਪਰਾਧੀਆਂ ਪ੍ਰਤੀ ਹਮਦਰਦੀ ਦਿਖਾਉਣਾ ਮੰਦਭਾਗਾ ਅਤੇ ਲੋਕਤੰਤਰ ਲਈ ਖਤਰਨਾਕ ਹੈ।''
ਇਨ੍ਹਾਂ ਨੂੰ ਜਾਰੀ ਰੱਖਣ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ, ''ਇਸ ਨਾਲ ਸੂਬੇ ਵਿਚ ਕਾਨੂੰਨ-ਵਿਵਸਥਾ ਸੁਧਰੀ ਹੈ ਅਤੇ ਹੁਣ ਤਕ 1200 ਤੋਂ ਜ਼ਿਆਦਾ ਪੁਲਸ ਮੁਕਾਬਲਿਆਂ ਵਿਚ 40 ਤੋਂ ਜ਼ਿਆਦਾ ਖਤਰਨਾਕ ਅਪਰਾਧੀ ਮਾਰੇ ਜਾ ਚੁੱਕੇ ਹਨ, ਜਦਕਿ ਹਜ਼ਾਰਾਂ ਦੀ ਗਿਣਤੀ ਵਿਚ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਵੱਖ-ਵੱਖ ਗੈਂਗਸਟਰਾਂ ਤੇ ਹੋਰਨਾਂ ਅਪਰਾਧੀਆਂ ਦੀਆਂ 123 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਗਈਆਂ।''
ਅਪਰਾਧੀ ਅਨਸਰਾਂ ਵਿਰੁੱਧ ਕਾਰਵਾਈ ਦੀ ਪੁਲਸ ਨੂੰ ਖੁੱਲ੍ਹੀ ਛੋਟ ਦੇਣ ਨਾਲ ਉਨ੍ਹਾਂ ਵਿਚ ਡਰ ਪੈਦਾ ਹੋ ਗਿਆ ਹੈ ਅਤੇ ਉਹ ਥਾਣਿਆਂ ਵਿਚ ਜਾ ਕੇ ਹਾਜ਼ਰੀ ਲਗਵਾ ਰਹੇ ਹਨ। ਕੁਝ ਨੇ ਤਾਂ ਰਾਤ ਨੂੰ ਥਾਣਿਆਂ ਦੇ ਅੰਦਰ ਹੀ ਸੌਣਾ ਸ਼ੁਰੂ ਕਰ ਦਿੱਤਾ ਹੈ ਅਤੇ ਅਪਰਾਧਾਂ ਤੋਂ ਤੌਬਾ ਕਰਨ ਦੇ ਨਾਲ-ਨਾਲ ਅਪਰਾਧਾਂ ਦੀ ਜਾਂਚ ਵਿਚ ਪੁਲਸ ਦੀ ਸਹਾਇਤਾ ਵੀ ਕਰ ਰਹੇ ਹਨ। 
ਉੱਤਰ ਪ੍ਰਦੇਸ਼ ਨੂੰ ਅਪਰਾਧ-ਮੁਕਤ ਬਣਾਉਣ ਲਈ ਚਲਾਈ ਜਾਣ ਵਾਲੀ ਇਸ ਮੁਹਿੰਮ ਦਾ ਇਕ ਸਿੱਟਾ ਇਹ ਨਿਕਲਿਆ ਹੈ ਕਿ ਉਥੋਂ ਭੱਜ ਕੇ ਕਈ ਅਪਰਾਧੀਆਂ ਨੇ ਗੁਆਂਢੀ ਸੂਬਿਆਂ ਹਰਿਆਣਾ, ਦਿੱਲੀ, ਪੰਜਾਬ ਆਦਿ ਵਿਚ ਆਉਣਾ ਤੇ ਇਨ੍ਹਾਂ ਸੂਬਿਆਂ ਵਿਚ ਸਥਾਨਕ ਅਪਰਾਧੀਆਂ ਨਾਲ ਮਿਲ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। 
ਪਾਨੀਪਤ ਪੁਲਸ ਵਲੋਂ 3 ਸਥਾਨਕ ਡਾਕੂਆਂ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਤੋਂ ਕੀਤੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉੱਤਰ ਪ੍ਰਦੇਸ਼ ਦੇ ਸ਼ਾਮਲੀ ਤੇ ਨੋਇਡਾ ਜ਼ਿਲਿਆਂ ਦੇ ਰਹਿਣ ਵਾਲੇ 5 ਡਾਕੂ ਵੀ ਉਨ੍ਹਾਂ ਨਾਲ ਅਪਰਾਧ ਵਿਚ ਸ਼ਾਮਿਲ ਹਨ। ਇਸ ਤੋਂ ਪਹਿਲਾਂ ਵੀ ਉੱਤਰ ਪ੍ਰਦੇਸ਼ ਨਾਲ ਸਬੰਧਤ ਕਈ ਅਪਰਾਧੀ ਹਰਿਆਣਾ ਵਿਚ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। 
ਇਕ ਪ੍ਰੇਸ਼ਾਨ ਕਰਨ ਵਾਲਾ ਰੁਝਾਨ ਇਹ ਵੀ ਦੇਖਣ ਵਿਚ ਆਇਆ ਹੈ ਕਿ ਹਰਿਆਣਾ ਵਿਚ ਅਪਰਾਧ ਕਰਨ ਤੋਂ ਬਾਅਦ ਇਹ ਲੋਕ ਉੱਤਰ ਪ੍ਰਦੇਸ਼ ਵਾਪਿਸ ਜਾ ਕੇ ਆਮ ਲੋਕਾਂ ਵਾਂਗ ਰਹਿਣਾ ਸ਼ੁਰੂ ਕਰ ਦਿੰਦੇ ਹਨ। ਹੱਦ ਪੂਰੀ ਤਰ੍ਹਾਂ ਖੁੱਲ੍ਹੀ ਹੋਣ ਕਾਰਨ ਅਪਰਾਧੀ ਅਨਸਰ ਇਥੇ ਕਿਸੇ ਵੀ ਪਾਸਿਓਂ ਦਾਖਲ ਹੋ ਸਕਦੇ ਹਨ। 
ਜ਼ਿਕਰਯੋਗ ਹੈ ਕਿ ਇਸ ਸਾਲ 29 ਜਨਵਰੀ ਨੂੰ ਪਾਨੀਪਤ ਵਿਚ ਸਨੌਲੀ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਕੰਪਨੀ ਤੋਂ 4.23 ਕਰੋੜ ਰੁਪਏ ਦੇ ਸੋਨੇ ਦੀ ਲੁੱਟ ਅਤੇ 22 ਮਾਰਚ ਨੂੰ ਦੇਵੀ-ਮੂਰਤੀ ਕਾਲੋਨੀ ਵਿਚ ਇਕ ਵਪਾਰੀ ਦੇ ਮਕਾਨ 'ਚੋਂ 20 ਲੱਖ ਰੁਪਏ ਤੋਂ ਜ਼ਿਆਦਾ ਦੀ ਨਕਦੀ ਤੇ ਗਹਿਣੇ ਲੁੱਟੇ ਜਾਣ ਦੀਆਂ ਦੋਹਾਂ ਹੀ ਘਟਨਾਵਾਂ ਵਿਚ ਉੱਤਰ ਪ੍ਰਦੇਸ਼ ਦੇ ਅਪਰਾਧੀਆਂ ਦਾ ਹੱਥ ਹੋਣ ਦਾ ਖਦਸ਼ਾ ਹੈ। 
ਇਹੋ ਨਹੀਂ, ਇਸ ਸਾਲ ਇਕੱਲੇ ਪਾਨੀਪਤ ਵਿਚ ਸਨੈਚਿੰਗ, ਲੁੱਟ-ਮਾਰ, ਚੋਰੀ ਆਦਿ ਵੱਖ-ਵੱਖ ਅਪਰਾਧਾਂ ਵਿਚ ਸ਼ਾਮਿਲ ਹੋਣ ਦੇ ਦੋਸ਼ ਹੇਠ ਬਾਗਪਤ, ਮੁਜ਼ੱਫਰਨਗਰ, ਮੇਰਠ, ਬਿਜਨੌਰ ਅਤੇ ਸ਼ਾਮਲੀ ਤੋਂ 1 ਦਰਜਨ ਤੋਂ ਜ਼ਿਆਦਾ ਨੌਜਵਾਨ ਗ੍ਰਿਫਤਾਰ ਕੀਤੇ ਗਏ।
ਫਿਲਹਾਲ ਉੱਤਰ ਪ੍ਰਦੇਸ਼ ਵਿਚ ਅਪਰਾਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਸਬੰਧ ਵਿਚ ਸਰਕਾਰੀ ਦਾਅਵੇ ਅਤੇ ਅਸਲੀਅਤ ਚਾਹੇ ਜੋ ਵੀ ਹੋਵੇ, ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਥੇ ਚਲਾਈ ਜਾ ਰਹੀ ਮੁਹਿੰਮ ਨਾਲ ਅਪਰਾਧੀ ਅਨਸਰਾਂ ਵਿਚ ਕਿਸੇ ਹੱਦ ਤਕ ਡਰ ਦਾ ਮਾਹੌਲ ਪੈਦਾ ਹੋਇਆ ਹੈ ਤੇ ਇਸੇ ਕਾਰਨ ਉਨ੍ਹਾਂ ਨੇ ਹਰਿਆਣਾ, ਦਿੱਲੀ ਅਤੇ ਪੰਜਾਬ ਆਦਿ ਵੱਲ ਮੂੰਹ ਕਰਨਾ ਸ਼ੁਰੂ ਕਰ ਦਿੱਤਾ ਹੈ। 
ਇਸ ਲਈ ਪਹਿਲਾਂ ਤੋਂ ਹੀ ਅਪਰਾਧਾਂ ਦੀ ਗ੍ਰਿਫਤ ਵਿਚ ਚੱਲੇ ਆ ਰਹੇ ਇਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਆਪਣੇ ਖੁਫੀਆ ਤੰਤਰ ਅਤੇ ਸੀ. ਆਈ. ਡੀ. ਨੂੰ ਸਰਗਰਮ ਕਰ ਕੇ ਉੱਤਰ ਪ੍ਰਦੇਸ਼ ਸਰਕਾਰ ਨਾਲ ਤਾਲਮੇਲ ਦੇ ਜ਼ਰੀਏ ਆਪਣੇ ਇਥੇ ਸਰਗਰਮ ਅਪਰਾਧੀਆਂ ਦਾ ਪਤਾ ਲਾ ਕੇ ਤੇਜ਼ੀ ਨਾਲ ਉਨ੍ਹਾਂ ਦਾ ਸਫਾਇਆ ਕਰਨਾ ਚਾਹੀਦਾ ਹੈ ਤਾਂ ਕਿ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਦਿੱਲੀ, ਹਰਿਆਣਾ, ਪੰਜਾਬ ਆਦਿ ਗੁਆਂਢੀ ਸੂਬਿਆਂ ਵਿਚ ਕਾਨੂੰਨ-ਵਿਵਸਥਾ ਨੂੰ ਹੋਰ ਵਿਗੜਨ ਤੋਂ ਰੋਕਿਆ ਜਾ ਸਕੇ।             
—ਵਿਜੇ ਕੁਮਾਰ


Vijay Kumar Chopra

Chief Editor

Related News