ਟਰੰਪ-ਕਿਮ ਵਿਚਾਲੇ ਇਤਿਹਾਸਕ ਵਾਰਤਾ

06/11/2018 5:27:16 AM

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆਈ ਤਾਨਾਸ਼ਾਹ ਕਿਮ ਜੋਂਗ-ਉਨ ਵਿਚਾਲੇ ਹੋਣ ਵਾਲੀ ਪਹਿਲੀ ਸਿਖਰ ਵਾਰਤਾ 'ਤੇ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਡਿਪਲੋਮੈਟਿਕ ਪੱਧਰ 'ਤੇ ਸ਼ਰਤੀਆ ਤੌਰ 'ਤੇ ਇਹ ਇਕ ਬੇਹੱਦ ਵੱਡਾ ਸੌਦਾ ਹੋਵੇਗਾ ਅਤੇ ਫਿਲਹਾਲ ਹਰ ਕਿਸੇ ਦੇ ਮਨ ਵਿਚ ਸਵਾਲ ਉੱਠ ਰਹੇ ਹਨ ਕਿ ਦੋਵਾਂ ਨੇਤਾਵਾਂ ਦੇ ਵਿਚਾਲੇ ਕੀ ਗੱਲ ਹੋਵੇਗੀ? ਕੀ ਉਨ੍ਹਾਂ ਦੀ ਬੈਠਕ ਵਿਸ਼ਵ ਨੂੰ ਪਹਿਲਾਂ ਨਾਲੋਂ ਸੁਰੱਖਿਅਤ ਸਥਾਨ ਬਣਾਏਗੀ? ਉੱਤਰ ਕੋਰੀਆਈ ਨਾਗਰਿਕਾਂ 'ਤੇ ਇਸ ਦਾ ਕੀ ਅਸਰ ਹੋਵੇਗਾ? ਨਾਲ ਹੀ ਕੁਝ ਲੋਕਾਂ ਦੇ ਮਨ ਵਿਚ ਇਕ ਸਵਾਲ ਇਹ ਵੀ ਹੈ ਕਿ ਇਸ ਬੈਠਕ ਨੂੰ ਸੰਭਵ ਬਣਾਉਣ ਨਾਲ ਆਈਸ ਸਕੇਟਿੰਗ ਦਾ ਕੀ ਲੈਣਾ-ਦੇਣਾ ਹੈ? 
ਬੈਠਕ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਪ੍ਰਮਾਣੂ ਹਥਿਆਰਾਂ ਨਾਲ ਲੈਸ ਦੋਵੇਂ ਦੇਸ਼ ਕੁਝ ਸਮਾਂ ਪਹਿਲਾਂ ਤਕ ਇਕ-ਦੂਜੇ ਨੂੰ ਤਬਾਹ ਕਰ ਦੇਣ ਦੀਆਂ ਧਮਕੀਆਂ ਦੇ ਰਹੇ ਸਨ। 1950 ਅਤੇ 60 ਦੇ ਦਹਾਕਿਆਂ ਤੋਂ ਹੀ ਪ੍ਰਮਾਣੂ ਹਥਿਆਰ ਹਾਸਿਲ ਕਰਨ ਦੇ ਯਤਨਾਂ, ਆਪਣੇ ਗੁਆਂਢੀ ਦੇਸ਼ਾਂ, ਵਿਸ਼ੇਸ਼ ਤੌਰ 'ਤੇ ਦੱਖਣੀ ਕੋਰੀਆ ਪ੍ਰਤੀ ਹਮਲਾਵਰ ਰਵੱਈਆ ਅਪਣਾਉਣ ਅਤੇ ਬੇਹੱਦ ਖਰਾਬ  ਮਨੁੱਖੀ ਅਧਿਕਾਰ ਰਿਕਾਰਡ ਲਈ ਬਦਨਾਮ ਉੱਤਰੀ ਕੋਰੀਆ ਦੇ ਨੇਤਾਵਾਂ ਦੀ ਸੋਚ ਰਹੀ ਹੈ ਕਿ ਅਮਰੀਕੀ ਰਾਸ਼ਟਰਪਤੀ ਨਾਲ ਆਹਮੋ-ਸਾਹਮਣੇ ਗੱਲਬਾਤ ਰਾਹੀਂ ਅਖੀਰ ਉਨ੍ਹਾਂ ਨੂੰ ਗੰਭੀਰਤਾ ਨਾਲ ਲਿਆ ਜਾਣ  ਲੱਗੇਗਾ। ਦੂਜੇ ਪਾਸੇ ਅਮਰੀਕਾ ਸਮੇਤ ਜ਼ਿਆਦਾਤਰ ਦੇਸ਼ਾਂ ਦਾ ਕਹਿਣਾ ਸੀ ਕਿ ਜਦੋਂ ਤਕ ਉੱਤਰੀ ਕੋਰੀਆ ਸਹੀ ਰਸਤੇ 'ਤੇ ਨਹੀਂ ਚੱਲਦਾ, ਉਸ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਕੀਤੀ ਜਾਵੇਗੀ। 
ਸਾਰਾ ਮਾਹੌਲ ਇਸ ਸਾਲ ਬਦਲ ਗਿਆ, ਜਦੋਂ ਅਚਾਨਕ 1 ਜਨਵਰੀ ਨੂੰ ਕਿਮ ਨੇ ਕਿਹਾ ਕਿ ਉਹ ਆਪਣੇ ਕੱਟੜ ਦੁਸ਼ਮਣ ਦੱਖਣੀ ਕੋਰੀਆ ਦੇ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ। ਸਭ ਤੋਂ ਪਹਿਲਾਂ ਉਸ ਨੇ ਦੱਖਣੀ ਕੋਰੀਆ ਵਿਚ ਆਯੋਜਿਤ ਹੋਣ ਜਾ ਰਹੀਆਂ ਵਿੰਟਰ ਓਲੰਪਿਕਸ ਵਿਚ ਆਈਸ ਸਕੇਟਰਸ ਸਮੇਤ ਆਪਣੀ ਟੀਮ ਭੇਜਣ ਦੀ ਇੱਛਾ ਜ਼ਾਹਿਰ ਕੀਤੀ। ਕਾਫੀ ਗੱਲਬਾਤ ਤੋਂ ਬਾਅਦ ਉੱਤਰੀ ਅਤੇ ਦੱਖਣੀ ਕੋਰੀਆ ਨੇ ਫਰਵਰੀ ਵਿਚ ਇਕ ਟੀਮ ਦੇ ਰੂਪ ਵਿਚ ਵਿੰਟਰ ਓਲੰਪਿਕਸ ਵਿਚ ਹਿੱਸਾ ਲਿਆ। ਫਿਰ ਮਾਰਚ ਵਿਚ ਸੀਨੀਅਰ ਦੱਖਣੀ ਕੋਰੀਆਈ ਅਧਿਕਾਰੀਆਂ ਨੇ ਅਮਰੀਕਾ ਤਕ ਇਹ ਸੰਦੇਸ਼ ਪਹੁੰਚਾਇਆ ਕਿ ਕਿਮ ਰਾਸ਼ਟਰਪਤੀ ਟਰੰਪ ਨੂੰ ਮਿਲਣਾ ਚਾਹੁੰਦੇ ਹਨ ਅਤੇ ਉਹ ਸਾਰੇ ਪ੍ਰਮਾਣੂ ਅਤੇ ਮਿਜ਼ਾਈਲ ਪ੍ਰੀਖਣ ਰੋਕ ਕੇ ਪ੍ਰਮਾਣੂ ਰਹਿਤ ਦੇਸ਼ ਬਣਨ ਲਈ ਰਾਜ਼ੀ ਹੈ। ਕਿਮ ਦੀ ਇਸ ਪਹਿਲ ਨੂੰ ਟਰੰਪ ਨੇ ਤੁਰੰਤ ਸਵੀਕਾਰ ਕੀਤਾ। ਇਸ ਤੋਂ ਬਾਅਦ ਉੱਤਰੀ ਅਤੇ ਦੱਖਣੀ ਕੋਰੀਆ ਵਿਚਾਲੇ ਅਪ੍ਰੈਲ ਅਤੇ ਮਈ ਵਿਚ ਵਾਰਤਾਵਾਂ ਹੋਈਆਂ ਅਤੇ ਉੱਤਰੀ ਕੋਰੀਆ ਨੇ ਆਪਣੇ ਵਲੋਂ ਸਾਰੇ ਨਿਊਕਲੀਅਰ ਟੈਸਟ ਰੋਕ ਦੇਣ ਅਤੇ ਟੈਸਟ ਸਾਈਟਸ ਨੂੰ ਖਤਮ ਕਰਨ ਦਾ ਐਲਾਨ ਵੀ ਕੀਤਾ। 
ਵਿਚ ਜਿਹੇ ਕੁਝ ਸਮੇਂ ਲਈ ਲੱਗਾ ਕਿ ਵਾਰਤਾ ਰੱਦ ਹੋ ਗਈ ਹੈ ਪਰ ਅਖੀਰ ਵਿਚ ਸਭ ਠੀਕ ਹੋ ਗਿਆ ਅਤੇ ਦੋਵੇਂ 12 ਜੂਨ ਨੂੰ ਮਿਲਣ ਜਾ ਰਹੇ ਹਨ। 
ਇਸ ਦੇ ਬਾਅਦ ਤੋਂ ਹੀ ਸਭ ਨੂੰ ਲੱਗ ਰਿਹਾ ਹੈ ਕਿ ਦੋਹਾਂ ਨੇਤਾਵਾਂ ਦੀ ਇਹ ਬੈਠਕ ਹਮੇਸ਼ਾ ਲਈ ਇਤਿਹਾਸ ਦਾ ਰੁਖ਼ ਮੋੜ ਸਕਦੀ ਹੈ। ਦੋਵਾਂ ਵਿਚਾਲੇ ਕੀ ਗੱਲਾਂ ਹੋਣਗੀਆਂ, ਇਸ ਦੇ ਅਜੇ ਅੰਦਾਜ਼ੇ ਹੀ ਲਗਾਏ ਜਾ ਸਕਦੇ ਹਨ ਪਰ ਇੰਨਾ ਜ਼ਰੂਰ ਹੈ ਕਿ ਅਮਰੀਕਾ ਦਾ ਜ਼ੋਰ ਉੱਤਰੀ ਕੋਰੀਆ ਨੂੰ ਪ੍ਰਮਾਣੂ ਨਿਸ਼ਸਤਰੀਕਰਨ ਲਈ ਰਾਜ਼ੀ ਕਰਨ 'ਤੇ ਹੋਵੇਗਾ, ਤਾਂ ਬਦਲੇ ਵਿਚ ਉਹ ਖੁਦ 'ਤੇ ਲੱਗੀਆਂ ਪਾਬੰਦੀਆਂ ਹਟਾਉਣ ਦੀ ਮੰਗ ਕਰੇਗਾ। 
ਇਥੇ ਇਸ ਤੱਥ ਨੂੰ ਵੀ ਧਿਆਨ ਵਿਚ ਰੱਖਣਾ ਹੋਵੇਗਾ ਕਿ ਇਸ ਤੋਂ ਪਹਿਲਾਂ ਵੀ ਉੱਤਰੀ ਕੋਰੀਆ ਬਹੁਤ ਸਾਰੇ ਵੱਡੇ-ਵੱਡੇ ਵਾਅਦੇ ਕਰ ਕੇ ਉਨ੍ਹਾਂ ਤੋਂ ਸਾਫ ਮੁੱਕਰ ਚੁੱਕਾ ਹੈ। 
ਉਨ੍ਹਾਂ ਦੋਹਾਂ ਵਿਚਾਲੇ ਹੋਰ ਭਾਵੇਂ ਜੋ ਵੀ ਗੱਲਾਂ ਹੋਣਗੀਆਂ, ਇਕ ਗੱਲ ਲਗਭਗ ਪੱਕੀ ਹੈ ਕਿ ਉੱਤਰੀ ਕੋਰੀਆ ਦੇ ਬੇਹੱਦ ਖਰਾਬ ਮਨੁੱਖੀ ਅਧਿਕਾਰ ਰਿਕਾਰਡ 'ਤੇ ਗੱਲ ਨਹੀਂ ਹੋਵੇਗੀ। 
ਧੂੜ, ਮਿੱਟੀ ਅਤੇ ਅਵਿਵਸਥਾ ਦੀ ਸਿੰਗਾਪੁਰ 'ਚ ਕੋਈ ਥਾਂ ਨਹੀਂ  ਪਰ ਇਸ ਨੂੰ ਇਸ ਲਈ ਵੀ ਚੁਣਿਆ ਗਿਆ ਹੈ ਕਿ ਉਸ ਨੂੰ ਅਜਿਹੀਆਂ ਸਿਖਰ ਬੈਠਕਾਂ ਦਾ ਆਯੋਜਨ ਕਰਨ ਦਾ ਕਾਫੀ ਤਜਰਬਾ ਹੈ। ਬੀਤੇ ਨਵੰਬਰ ਵਿਚ ਚੀਨ ਤੇ ਤਾਈਵਾਨ ਦੇ ਰਾਸ਼ਟਰਪਤੀਆਂ ਵਿਚਾਲੇ 1949 ਤੋਂ ਬਾਅਦ ਪਹਿਲੀ ਮੁਲਾਕਾਤ ਸਖਤ ਸੁਰੱਖਿਆ ਵਿਚ ਹੋਈ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਕਿਮ ਦਾ ਜਹਾਜ਼ ਇਸ ਤੋਂ ਵੱਧ ਦੂਰੀ ਤਕ ਜਾਣ ਦੇ ਸਮਰੱਥ ਹੀ ਨਹੀਂ ਹੈ।
ਸਿੰਗਾਪੁਰ ਦੇ ਸੁਰੱਖਿਅਤ ਅਤੇ ਕੰਢੇ ਦਾ ਦੇਸ਼ ਹੋਣ ਦੇ ਨਾਲ-ਨਾਲ ਦੋਹਾਂ ਦੇਸ਼ਾਂ ਦੇ ਨਾਲ ਚੰਗੇ ਸੰਬੰਧ ਹਨ। ਜਿਹੜੇ ਕੁਝ ਇਕ ਦੇਸ਼ਾਂ ਵਿਚ ਉੱਤਰੀ ਕੋਰੀਆ ਦੇ ਦੂਤਘਰ ਹਨ, ਉਨ੍ਹਾਂ 'ਚ ਸਿੰਗਾਪੁਰ ਵੀ ਇਕ ਹੈ। 
ਵਾਰਤਾ ਦੌਰਾਨ ਟਰੰਪ ਸ਼ਾਂਗਰੀ ਲਾ ਹੋਟਲ ਅਤੇ ਕਿਮ ਸੇਂਟ ਰੇਜਿਸ ਹੋਟਲ ਵਿਚ ਠਹਿਰਨਗੇ, ਜਦਕਿ ਦੋਹਾਂ ਦੀ ਮੁਲਾਕਾਤ ਇਕ ਪੁਲ ਰਾਹੀਂ ਮੁੱਖ ਭੂਮੀ ਨਾਲ ਜੁੜੇ ਸੈਂਟੋਸਾ ਟਾਪੂ 'ਤੇ ਆਲੀਸ਼ਾਨ ਕਾਪੇਲਾ ਹੋਟਲ ਵਿਚ ਹੋਵੇਗੀ। ਇਹ ਟਾਪੂ ਡਿਜ਼ਨੀਲੈਂਡ ਵਰਗੇ ਆਪਣੇ ਰਿਜ਼ਾਰਟਸ, ਵਾਟਰ ਪਾਰਕਾਂ ਅਤੇ ਗੋਲਫ ਕੋਰਸਾਂ ਲਈ ਮਸ਼ਹੂਰ ਹੈ। 
ਸਿੰਗਾਪੁਰ ਵਿਚ ਇਨ੍ਹਾਂ ਨੇਤਾਵਾਂ ਵਿਚਾਲੇ ਪਹਿਲੀ ਵਾਰਤਾ ਨੂੰ ਲੈ ਕੇ ਖਾਸਾ ਉਤਸ਼ਾਹ ਹੈ। ਸ਼ਹਿਰ ਦੇ ਰੈਸਟੋਰੈਂਟਾਂ ਅਤੇ ਹੋਟਲਾਂ ਨੇ ਸਿਖਰ ਵਾਰਤਾ ਦੇ ਸਨਮਾਨ ਵਿਚ ਵਿਸ਼ੇਸ਼ ਵਿਅੰਜਨ ਅਤੇ ਕੋਲਡ ਡਿੰ੍ਰਕਸ ਬਣਾ ਕੇ ਉਨ੍ਹਾਂ ਨੂੰ ਵਿਸ਼ੇਸ਼ ਨਾਂ ਦਿੱਤੇ ਹਨ, ਜਿਵੇਂ 'ਐਲ ਟਰੰਪੋ ਟਾਕੋ', 'ਰਾਕੇਟ ਮੈਨ ਟਾਕੋ', 'ਕਿਮ ਐਂਡ ਟਰੰਪ ਕਾਕਟੇਲ' ਆਦਿ।


Vijay Kumar Chopra

Chief Editor

Related News