ਹਰਿਆਣਾ ''ਚ ਮਾਂ ਬਣੀ ''ਡਾਇਣ'' ਅਤੇ ਨਾਨਾ ''ਰਾਖਸ਼ਸ'' ਔਰਤਾਂ ਤੇ ਬੱਚੀਆਂ ਵਿਰੁੱਧ ਦਰਿੰਦਗੀ

06/10/2018 4:07:33 AM

ਦਸੰਬਰ 2012 ਵਿਚ ਹੋਏ ਦਾਮਿਨੀ ਬਲਾਤਕਾਰ ਕਾਂਡ ਤੋਂ ਬਾਅਦ ਦੇਸ਼ਵਾਸੀਆਂ ਤੇ ਸਰਕਾਰ ਦਾ ਧਿਆਨ ਦੇਸ਼ 'ਚ ਹੋ ਰਹੇ ਔਰਤਾਂ ਵਿਰੁੱਧ ਅਪਰਾਧਾਂ ਵੱਲ ਗਿਆ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਨੇ ਇਨ੍ਹਾਂ ਨੂੰ ਰੋਕਣ ਲਈ ਕੁਝ ਕਾਨੂੰਨ ਵੀ ਬਣਾਏ ਪਰ ਇਨ੍ਹਾਂ ਦਾ ਅਪਰਾਧ ਰੋਕਣ ਵਿਚ ਕੋਈ ਅਸਰ ਹੋਇਆ ਦਿਖਾਈ ਨਹੀਂ ਦਿੰਦਾ।
ਜਿਥੋਂ ਤਕ ਹਰਿਆਣਾ ਦਾ ਸਬੰਧ ਹੈ, ਬੇਸ਼ੱਕ ਹੀ ਸੂਬਾ ਸਰਕਾਰ ਔਰਤਾਂ ਤੇ ਮਾਸੂਮ ਬੱਚੀਆਂ ਨਾਲ ਬਲਾਤਕਾਰ, ਸਮੂਹਿਕ ਬਲਾਤਕਾਰ ਅਤੇ ਕਤਲ ਦੇ ਮਾਮਲਿਆਂ ਵਿਚ ਸਖ਼ਤ ਕਾਰਵਾਈ ਦੇ ਦਾਅਵੇ ਕਰਦੀ ਹੋਵੇ ਪਰ ਅਸਲੀਅਤ ਇਹ ਹੈ ਕਿ ਪੁਲਸ ਜ਼ਿਆਦਾਤਰ ਮਾਮਲਿਆਂ ਨੂੰ ਸੁਲਝਾਉਣ 'ਚ ਨਾਕਾਮ ਹੀ ਸਿੱਧ ਹੋ ਰਹੀ ਹੈ। 
ਸਾਲ ਦੇ ਪਹਿਲੇ 5 ਮਹੀਨਿਆਂ ਦੌਰਾਨ ਹੋਏ  ਬਲਾਤਕਾਰ ਦੇ ਮਾਮਲਿਆਂ 'ਚੋਂ ਲੱਗਭਗ 30 ਫੀਸਦੀ ਮਾਮਲੇ ਅਜੇ ਵੀ ਸੁਲਝੇ ਨਹੀਂ ਹਨ ਅਤੇ ਕਈ ਪੀੜਤਾਂ ਦੇ ਘਰ ਵਾਲੇ ਇਨ੍ਹਾਂ ਮਾਮਲਿਆਂ ਵਿਚ ਇਨਸਾਫ ਲਈ ਪੁਲਸ ਥਾਣਿਆਂ ਦੇ ਗੇੜੇ ਮਾਰ ਰਹੇ ਹਨ। 
5 ਮਹੀਨੇ ਪਹਿਲਾਂ ਜੀਂਦ ਵਿਚ ਕੁਰੂਕਸ਼ੇਤਰ ਦੀ ਇਕ ਲੜਕੀ ਨਾਲ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਅਜੇ ਤਕ ਪੁਲਸ ਦੀ ਪਹੁੰਚ ਤੋਂ ਬਾਹਰ ਹਨ ਅਤੇ ਮ੍ਰਿਤਕਾ ਦਾ ਪਿਤਾ ਇਨਸਾਫ ਲਈ ਭਟਕ ਰਿਹਾ ਹੈ। 
ਔਰਤਾਂ ਤੇ ਬੱਚੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਅਪਰਾਧੀ ਉਨ੍ਹਾਂ 'ਤੇ ਉਸੇ ਤਰ੍ਹਾਂ ਅੱਤਿਆਚਾਰ ਕਰ ਰਹੇ ਹਨ, ਜਿਸ ਤਰ੍ਹਾਂ ਦਾਮਿਨੀ 'ਤੇ ਕੀਤੇ ਗਏ ਸਨ। ਜੀਂਦ 'ਚ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈ ਉਕਤ ਲੜਕੀ ਦੇ ਸਰੀਰ 'ਤੇ 18 ਗੰਭੀਰ ਸੱਟਾਂ ਮਿਲੀਆਂ ਸਨ ਤੇ ਦੋਸ਼ੀਆਂ ਨੇ ਮ੍ਰਿਤਕਾ ਦੇ ਗੁਪਤ ਅੰਗ ਵਿਚ ਤੇਜ਼ਧਾਰ ਚੀਜ਼ ਵੀ ਪਾ ਦਿੱਤੀ, ਜਿਸ ਨਾਲ ਉਸ ਦੇ ਅੰਦਰੂਨੀ ਅੰਗ ਫਟ ਗਏ।
ਅਜਿਹਾ ਹੀ ਵਹਿਸ਼ੀਪੁਣਾ 2 ਜੂਨ ਨੂੰ ਹਰਿਆਣਾ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਦੇ ਇਕ ਮੁਲਾਜ਼ਮ ਦੇ ਘਰੋਂ ਲਾਪਤਾ ਹੋਈ 6 ਸਾਲਾ ਧੀ ਨਾਲ ਦੁਹਰਾਇਆ ਗਿਆ, ਜਿਸ ਦੀ ਲਾਸ਼ 3 ਜੂਨ ਨੂੰ ਮੰਤਰੀ ਦੇ ਫਾਰਮ ਹਾਊਸ ਨੇੜੇ ਪਈ ਮਿਲੀ ਸੀ। 
ਉਸ ਦਾ ਗਲਾ ਤੇਜ਼ਧਾਰ ਹਥਿਆਰ ਨਾਲ ਵੱਢਿਆ ਹੋਇਆ ਸੀ ਤੇ ਗੁਪਤ ਅੰਗ ਸਮੇਤ ਵੱਖ-ਵੱਖ ਅੰਗਾਂ 'ਤੇ ਸੱਟਾਂ ਦੇ ਨਿਸ਼ਾਨ ਵੀ ਸਨ। ਉਸ ਬੱਚੀ 'ਤੇ ਜ਼ੁਲਮ ਕਰਨ ਵਾਲਾ ਦਰਿੰਦਾ ਘੋੜਿਆਂ ਦੇ ਇਕ ਡਾਕਟਰ ਦਾ ਸਹਾਇਕ ਨਿਕਲਿਆ। 
ਉਸ ਨੇ ਬਲਾਤਕਾਰ ਕਰਨ ਤੋਂ ਪਹਿਲਾਂ ਬੱਚੀ ਨੂੰ ਘੋੜਿਆਂ ਨੂੰ ਸੁਸਤ ਕਰਨ ਵਾਲਾ ਨਸ਼ੇ ਦਾ ਟੀਕਾ ਲਾ ਕੇ ਬੇਹੋਸ਼ ਕਰਨ ਮਗਰੋਂ ਉਸ ਨਾਲ 3 ਵਾਰ ਬਲਾਤਕਾਰ ਕੀਤਾ ਅਤੇ ਫਿਰ ਫੜੇ ਜਾਣ ਦੇ ਡਰੋਂ ਚਾਕੂ ਨਾਲ ਬੱਚੀ ਦਾ ਗਲਾ ਵੱਢ ਦਿੱਤਾ। 
* 06 ਜੂਨ ਨੂੰ ਫਤੇਹਾਬਾਦ ਦੇ ਕਿਰਢਾਨ ਪਿੰਡ ਵਿਚ ਇਕ ਨਾਬਾਲਗ ਵਿਦਿਆਰਥਣ ਨੂੰ ਅਗ਼ਵਾ ਅਤੇ ਬਲਾਤਕਾਰ ਕਰਨ ਤੋਂ ਬਾਅਦ ਜ਼ਹਿਰ ਦੇ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਇਸੇ ਦਿਨ ਸੋਨੀਪਤ ਵਿਚ ਇਕ ਵਿਦਿਆਰਥਣ ਨਾਲ ਬਲਾਤਕਾਰ ਕੀਤਾ ਗਿਆ। 
* 07 ਜੂਨ ਨੂੰ ਦਿੱਲੀ ਦੀ ਰਹਿਣ ਵਾਲੀ ਕੀਨੀਆ ਦੀ ਇਕ ਮੁਟਿਆਰ ਨਾਲ ਗੁੜਗਾਓਂ ਵਿਚ ਸਮੂਹਿਕ  ਬਲਾਤਕਾਰ ਕੀਤਾ ਗਿਆ।
* 07 ਜੂਨ ਨੂੰ ਹੀ ਰਤੀਆ ਸਬ-ਡਵੀਜ਼ਨ ਦੇ ਮੁਨਸ਼ੀਵਾਲਾ ਪਿੰਡ ਵਿਚ ਇਕ ਨੌਜਵਾਨ ਵਲੋਂ ਨਾਬਾਲਗਾ ਨੂੰ ਦੁਕਾਨ ਵਿਚ ਲਿਜਾ ਕੇ ਬਲਾਤਕਾਰ ਕੀਤਾ ਗਿਆ।
* 08 ਜੂਨ ਨੂੰ ਬਾਵਲ ਸਬ-ਡਵੀਜ਼ਨ ਦੇ ਇਕ ਪਿੰਡ ਵਿਚ ਇਕ ਨੌਜਵਾਨ ਨੇ 8 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ। 
* 08 ਜੂਨ ਨੂੰ ਹੀ ਰੋਹਤਕ ਪੁਲਸ ਨੇ ਹਰਿਆਣਾ ਦੇ ਇਕ ਵੇਟਲਿਫਟਿੰਗ ਕੋਚ ਨੂੰ ਇਕ ਕੌਮੀ ਪੱਧਰ ਦੀ ਵੇਟਲਿਫਟਰ ਨਾਲ ਬਲਾਤਕਾਰ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ। 
ਇਨ੍ਹਾਂ ਯੌਨ ਅਪਰਾਧਾਂ ਦਾ ਇਕ ਦੁਖਦਾਈ ਪਹਿਲੂ ਇਹ ਵੀ ਹੈ ਕਿ ਜਿਥੇ ਅਜਿਹੀਆਂ ਘਟਨਾਵਾਂ ਆਪਸੀ ਰੰਜਿਸ਼, ਜਾਤੀ ਨਫਰਤ ਅਤੇ ਨਸ਼ਿਆਂ ਦੇ ਪ੍ਰਭਾਵ ਅਧੀਨ ਅੰਜਾਮ ਦਿੱਤੀਆਂ ਜਾ ਰਹੀਆਂ ਹਨ, ਉਥੇ ਹੀ ਕੁਝ ਮਾਮਲਿਆਂ ਵਿਚ ਇਨ੍ਹਾਂ 'ਚ ਪੀੜਤਾਂ ਦੇ ਜਾਣ-ਪਛਾਣ ਵਾਲੇ ਅਤੇ ਨੇੜਲੇ ਰਿਸ਼ਤੇਦਾਰ ਵੀ ਸ਼ਾਮਿਲ ਹਨ। 
* 07 ਜੂਨ ਨੂੰ ਰੇਵਾੜੀ 'ਚ ਵਾਪਰੀ ਇਕ ਅਜਿਹੀ ਹੀ ਘਟਨਾ ਵਿਚ ਇਕ ਮਾਂ ਦਾ 'ਡਾਇਣ' ਤੇ ਨਾਨੇ ਦਾ 'ਰਾਖਸ਼ਸ' ਰੂਪ ਸਾਹਮਣੇ ਆਇਆ। ਇਕ 14 ਸਾਲਾ ਬੱਚੀ ਨੂੰ ਜਿਸਮਫਰੋਸ਼ੀ ਲਈ ਉਸ ਦੀ ਮਾਂ ਨੇ ਮਜਬੂਰ ਕੀਤਾ ਤੇ ਮਨ੍ਹਾ ਕਰਨ 'ਤੇ ਦੰਦੀਆਂ ਵੱਢ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਇਹ ਵੀ ਪਤਾ ਲੱਗਾ ਕਿ ਇਸ ਬੱਚੀ ਦਾ ਨਾਨਾ ਆਪਣੇ ਸਾਥੀਆਂ ਸਮੇਤ 7 ਸਾਲਾਂ ਤੋਂ ਉਸ ਨਾਲ ਬਲਾਤਕਾਰ ਕਰਦਾ ਆ ਰਿਹਾ ਸੀ। 
ਹਾਲਾਂਕਿ ਪੁਲਸ ਅਧਿਕਾਰੀ ਹਰੇਕ ਘਟਨਾ ਤੋਂ ਬਾਅਦ ਬਲਾਤਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਗੱਲ ਕਹਿੰਦੇ ਹਨ ਪਰ ਅਜਿਹੇ ਮਾਮਲਿਆਂ ਦੀ ਘਾਟ ਨਹੀਂ ਹੈ, ਜੋ ਲੰਮੇ ਸਮੇਂ ਤੋਂ ਅਨਟ੍ਰੇਸ ਪਏ ਹਨ। 
ਹਰਿਆਣਾ ਵਿਚ ਔਰਤਾਂ ਤੇ ਬੱਚੀਆਂ 'ਤੇ ਅਣਮਨੁੱਖੀ ਅੱਤਿਆਚਾਰਾਂ ਦੀ ਇਹ ਤਾਂ ਇਕ ਵੰਨਗੀ ਮਾਤਰ ਹੈ। ਇੰਨੀ ਵੱਡੀ ਗਿਣਤੀ ਵਿਚ ਔਰਤਾਂ ਤੇ ਬੱਚੀਆਂ ਦਰਿੰਦਿਆਂ ਦੇ ਰਾਖਸ਼ਸੀ ਅੱਤਿਆਚਾਰ ਦਾ ਸ਼ਿਕਾਰ ਹੋ ਰਹੀਆਂ ਹਨ, ਜਿਨ੍ਹਾਂ ਦੀ ਕਲਪਨਾ ਕਰ ਕੇ ਹੀ ਸਰੀਰ ਕੰਬ ਉੱਠਦਾ ਹੈ ਅਤੇ ਹਰੇਕ ਸੂਝਵਾਨ ਆਦਮੀ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਆਖਿਰ ਸਮਾਜ ਕਿੱਧਰ ਜਾ ਰਿਹਾ ਹੈ?                  
—ਵਿਜੇ ਕੁਮਾਰ


Vijay Kumar Chopra

Chief Editor

Related News