ਹਿਮਾਚਲ ਦੇ ਕਸਬੇ ''ਗੰਗਥ'' ਵਿਚ ''ਕੁਸ਼ਤੀਆਂ'' ਦਾ ਵਿਸ਼ਾਲ ਆਯੋਜਨ

06/08/2018 12:40:56 AM

ਦੇਸ਼ ਦੀ ਵੰਡ ਤੋਂ ਪਹਿਲਾਂ ਅਸੀਂ ਲਾਹੌਰ 'ਚ ਰਹਿੰਦੇ ਸੀ, ਜਿਸ ਨੂੰ ਕੁਸ਼ਤੀ ਪ੍ਰੇਮੀ 'ਪੰਜਾਬ 'ਚ ਕੁਸ਼ਤੀਆਂ ਦੀ ਰਾਜਧਾਨੀ' ਕਹਿੰਦੇ ਸਨ। ਅਕਸਰ ਲੋਕ ਵੱਡੀ ਗਿਣਤੀ 'ਚ ਉਥੇ ਹੋਣ ਵਾਲੀਆਂ ਕੁਸ਼ਤੀਆਂ ਦੇਖਣ ਜਾਂਦੇ ਸਨ। 
ਲਾਹੌਰ ਵਿਚ ਰਾਵੀ ਨਦੀ ਵੱਲ ਵਿਸ਼ਾਲ 'ਮਿੰਟੋ ਪਾਰਕ' ਸਥਿਤ ਸੀ, ਜਿੱਥੇ ਉਸ ਜ਼ਮਾਨੇ 'ਚ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਸਨ। ਮੈਂ ਉਥੇ 1945 'ਚ ਆਯੋਜਿਤ ਫਿਰੋਜ਼ਦੀਨ ਉਰਫ 'ਗੂੰਗਾ ਪਹਿਲਵਾਨ' ਦੀ ਕੁਸ਼ਤੀ ਦੇਖੀ ਸੀ, ਜਿਸ ਵਿਚ ਬਹੁਤ ਭੀੜ ਸੀ ਅਤੇ 'ਗੂੰਗਾ ਪਹਿਲਵਾਨ' ਨੇ ਆਪਣੇ ਵਿਰੋਧੀ ਪਹਿਲਵਾਨ ਨੂੰ ਕਰਾਰੀ ਹਾਰ ਦਿੱਤੀ ਸੀ। 
ਸਮਾਂ ਬੀਤਣ ਦੇ ਨਾਲ-ਨਾਲ ਦੇਸ਼ ਵਿਚ ਪਹਿਲਵਾਨੀ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਆਜ਼ਾਦੀ ਤੋਂ ਪਹਿਲਾਂ ਵਾਲੇ ਦੌਰ 'ਚ ਜਿੱਥੇ ਦੇਸ਼ ਅੰਦਰ ਅਖਾੜਿਆਂ ਦੀ ਭਰਮਾਰ ਸੀ, ਉਥੇ ਹੀ ਹੁਣ ਇਹ ਗਿਣੀ-ਚੁਣੀ ਗਿਣਤੀ 'ਚ ਅਤੇ ਕੁਝ ਹੀ ਥਾਵਾਂ 'ਤੇ ਰਹਿ ਗਏ ਹਨ। 
ਅਜਿਹੀ ਸਥਿਤੀ ਵਿਚ ਹਿਮਾਚਲ 'ਚ ਤਹਿਸੀਲ ਨੂਰਪੁਰ, ਜ਼ਿਲਾ ਕਾਂਗੜਾ 'ਚ 'ਗੰਗਥ' ਵਿਚ ਸਥਿਤ 'ਸ਼੍ਰੀ ਸਿੱਧ ਬਾਬਾ ਕਿਆਲੂ ਜੀ ਮਹਾਰਾਜ ਦੰਗਲ ਗੰਗਥ' ਕਮੇਟੀ ਦੇ ਮੈਂਬਰਾਂ ਨੇ ਮੈਨੂੰ 3, 4 ਅਤੇ 5 ਜੂਨ ਨੂੰ ਆਯੋਜਿਤ ਕੀਤੇ ਜਾਣ ਵਾਲੇ ਤਿੰਨ ਦਿਨਾ ਸ਼੍ਰੀ ਕਿਆਲੂ ਜੀ ਮਹਾਰਾਜ ਦੇ ਸੂਬਾ ਪੱਧਰੀ ਵਿਸ਼ਾਲ ਦੰਗਲ, ਭਾਵ 'ਛਿੰਞ ਮੇਲੇ' ਦੇ ਸਮਾਪਤੀ ਸਮਾਗਮ ਵਿਚ 5 ਜੂਨ ਨੂੰ ਹਿੱਸਾ ਲੈਣ ਲਈ ਸੱਦਿਆ। 
ਇਸ ਮੇਲੇ 'ਚ ਪਹਿਲੇ ਦਿਨ ਕੁੜੀਆਂ ਦੇ ਕੁਸ਼ਤੀ ਮੁਕਾਬਲੇ ਹੋਏ, ਜਿਨ੍ਹਾਂ ਵਿਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਪੰਜਾਬ ਤੇ ਹਰਿਆਣਾ ਦੀਆਂ ਕੁੜੀਆਂ ਨੇ ਹਿੱਸਾ ਲਿਆ। ਫਿਰ ਦੂਜੇ ਅਤੇ ਤੀਜੇ ਦਿਨ ਮਰਦਾਂ ਦੇ ਮੁਕਾਬਲੇ ਹੋਏ।
ਇਲਾਕੇ ਦੇ ਲੋਕਾਂ ਵਿਚ 'ਗ੍ਰਾਮ ਦੇਵਤਾ' ਵਜੋਂ ਪ੍ਰਸਿੱਧ ਸ਼੍ਰੀ ਬਾਬਾ ਕਿਆਲੂ ਜੀ ਮਹਾਰਾਜ ਦਾ ਮੰਦਿਰ ਜ਼ਿਲਾ ਕਾਂਗੜਾ, ਤਹਿਸੀਲ ਨੂਰਪੁਰ ਦੇ ਹੈੱਡਕੁਆਰਟਰ ਤੋਂ 10 ਕਿ. ਮੀ. ਦੂਰ ਪਿੱਤਲ ਦੇ ਭਾਂਡਿਆਂ ਲਈ ਮਸ਼ਹੂਰ 'ਗੰਗਥ' ਕਸਬੇ ਦੇ ਬੱਸ ਅੱਡੇ 'ਤੇ ਬਣਿਆ ਹੋਇਆ ਹੈ। 
5 ਜੂਨ ਨੂੰ ਮੈਂ ਪਠਾਨਕੋਟ ਅਤੇ ਜਸੂਰ ਦੇ ਰਸਤੇ 'ਗੰਗਥ' ਪਹੁੰਚਿਆ ਤਾਂ ਉਥੇ ਦੂਰੋਂ-ਦੂਰੋਂ ਕੁਸ਼ਤੀਆਂ ਦੇਖਣ ਪਹੁੰਚੇ ਕੁਸ਼ਤੀ ਪ੍ਰੇਮੀਆਂ ਦੀਆਂ ਕਾਰਾਂ, ਸਕੂਟਰਾਂ, ਮੋਟਰਸਾਈਕਲਾਂ ਆਦਿ ਦੀਆਂ ਲੰਮੀਆਂ ਕਤਾਰਾਂ ਅਤੇ ਕੁਸ਼ਤੀ ਪ੍ਰੇਮੀਆਂ ਦੀ ਭੀੜ ਦੇਖ ਕੇ ਦੰਗ ਰਹਿ ਗਿਆ। ਹਿਮਾਚਲ ਦੇ ਛੋਟੇ ਜਿਹੇ ਕਸਬੇ ਵਿਚ ਗੱਡੀਆਂ ਦੀ ਇੰਨੀ ਭਰਮਾਰ ਇਸ ਇਲਾਕੇ 'ਚ ਆਈ ਖੁਸ਼ਹਾਲੀ ਦੀ ਕਹਾਣੀ ਕਹਿ ਰਹੀ ਸੀ। 
ਭੀੜ ਇੰਨੀ ਜ਼ਿਆਦਾ ਸੀ ਕਿ ਕਿਤਿਓਂ ਵੀ ਅੱਗੇ ਜਾਣ ਦਾ ਰਸਤਾ ਨਾ ਮਿਲਣ ਕਰਕੇ ਆਯੋਜਕ ਮੈਨੂੰ ਗਲੀਆਂ ਵਿਚੋਂ ਦੀ ਲਿਜਾ ਕੇ ਕੁਸ਼ਤੀ ਆਯੋਜਨ ਵਾਲੀ ਥਾਂ 'ਤੇ ਪਹੁੰਚੇ ਪਰ ਇਸ ਤੋਂ ਪਹਿਲਾਂ ਮੈਨੂੰ ਇਕ ਸ਼ਿਵ ਮੰਦਿਰ ਵਿਚ ਲਿਜਾਇਆ ਗਿਆ, ਜਿੱਥੇ ਸਥਿਤ ਚਿੱਟੀ ਸ਼ਿਵ ਪਿੰਡੀ ਆਪਣੇ-ਆਪ 'ਚ ਅਨੋਖੀ ਹੈ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਦੁਨੀਆ ਭਰ ਵਿਚ ਇੰਨੀ ਵੱਡੀ ਚਿੱਟੀ ਕੁਦਰਤੀ ਸ਼ਿਵ ਪਿੰਡੀ ਕਿਤੇ ਵੀ ਨਹੀਂ ਹੈ। 
ਮੰਦਿਰ ਵਿਚ ਮੱਥਾ ਟੇਕਣ ਤੋਂ ਬਾਅਦ ਮੈਨੂੰ ਵਿਸ਼ਾਲ ਅਖਾੜੇ 'ਚ ਲਿਜਾਇਆ ਗਿਆ, ਜਿੱਥੇ ਰੌਸ਼ਨੀ ਆਦਿ ਦਾ ਵਧੀਆ ਪ੍ਰਬੰਧ ਸੀ ਅਤੇ ਆਈ ਭੀੜ ਲਈ ਪਕੌੜਿਆਂ, ਜਲੇਬੀਆਂ ਆਦਿ ਦੇ ਲੰਗਰ ਜਗ੍ਹਾ-ਜਗ੍ਹਾ ਲੱਗੇ ਹੋਏ ਸਨ। 
ਵਰ੍ਹਿਆਂ ਤੋਂ ਆਯੋਜਿਤ ਹੋ ਰਹੇ ਇਸ ਅਨਾਮੀ ਦੰਗਲ 'ਚ ਜੇਤੂਆਂ ਨੂੰ ਵੱਡੀ ਗਿਣਤੀ ਵਿਚ ਇਨਾਮ ਦਿੱਤੇ ਜਾਂਦੇ ਹਨ, ਜਿਸ ਵਿਚ ਇਸ ਵਾਰ ਪਹਿਲਾ ਇਨਾਮ ਇਕ ਟਰੈਕਟਰ, ਇਕ ਮਾਰੂਤੀ ਕਾਰ, 8 ਮੋਟਰਸਾਈਕਲ, ਪਿੱਤਲ ਦੀਆਂ 101 ਵਲਟੋਹੀਆਂ, ਪਿੱਤਲ ਦੀਆਂ 700 ਗਾਗਰਾਂ, ਐੱਲ. ਈ. ਡੀ. ਅਤੇ ਲੱਖਾਂ ਰੁਪਏ ਦੇ ਨਕਦ ਇਨਾਮ ਸ਼ਾਮਿਲ ਸਨ।
ਇਸ ਮਹਾਦੰਗਲ ਵਿਚ ਇਕ ਤੋਂ ਵਧ ਕੇ ਇਕ ਪਹਿਲਵਾਨਾਂ ਨੇ ਹਿੱਸਾ ਲਿਆ, ਜਿਨ੍ਹਾਂ 'ਚ ਜਾਰਜੀਆ ਤੇ ਈਰਾਨ ਦੇ ਪਹਿਲਵਾਨ, ਵਿਸ਼ਵ ਜੇਤੂ ਪਹਿਲਵਾਨ ਅਹਿਮਦ ਮਿਰਜ਼ਾ, ਅਲੀ ਸ਼ੇਖਾਫਤੋ, ਫਰਜ਼ਾਦ ਤਹਿਰਮਾਨੀ ਤੋਂ ਇਲਾਵਾ ਨੇਪਾਲ ਦੇ ਦੇਵ ਥਾਪਾ, ਭਾਰਤ ਦੇ ਜੱਸਾ ਪੱਟੀ ਅਤੇ ਹਰੀਕੇਸ਼ ਖਲੀ ਵੀ ਸ਼ਾਮਿਲ ਸਨ। 
ਮਹਾਦੰਗਲ ਵਿਚ ਇਕ ਤੋਂ ਵਧ ਕੇ ਇਕ ਕੁਸ਼ਤੀ ਹੋਈ ਪਰ ਸਭ ਤੋਂ ਦਿਲਚਸਪ ਅਤੇ ਰੋਮਾਂਚਕ ਕੁਸ਼ਤੀ ਮਧਰੇ ਕੱਦ ਵਾਲੇ ਦੇਵ ਥਾਪਾ ਨੇਪਾਲੀ ਪਹਿਲਵਾਨ ਦੀ ਰਹੀ, ਜਿਸ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਲਗਾਤਾਰ 4 ਪਹਿਲਵਾਨਾਂ ਨੂੰ ਬੁਰੀ ਤਰ੍ਹਾਂ ਹਰਾਇਆ। 
ਆਖਿਰ 'ਚ ਟਰੈਕਟਰ ਲਈ ਹੋਈ ਇਨਾਮੀ ਕੁਸ਼ਤੀ ਵਿਚ ਜੱਸਾ ਪੱਟੀ ਨੇ ਹਰੀਕੇਸ਼ ਖਲੀ ਨੂੰ ਪਟਕਣੀ ਦੇ ਕੇ ਟਰੈਕਟਰ ਜਿੱਤ ਲਿਆ, ਜਦਕਿ ਵਿਸ਼ਵ ਚੈਂਪੀਅਨ ਈਰਾਨ ਦੇ ਅਹਿਮਦ ਮਿਰਜ਼ਾ ਤੇ ਹਿਤੇਸ਼ ਕਾਲਾ ਦੀ ਕੁਸ਼ਤੀ ਬਰਾਬਰੀ 'ਤੇ ਰਹੀ। 
ਇਸ ਮੌਕੇ ਕਰਨ ਸਿੰਘ ਪਠਾਨੀਆ ਉਰਫ ਮਾਲਟੂ ਨੇ 1 ਲੱਖ 50 ਹਜ਼ਾਰ ਰੁਪਏ ਦਾ ਪ੍ਰਬੰਧਕੀ ਕਮੇਟੀ ਨੂੰ ਯੋਗਦਾਨ ਦਿੱਤਾ ਅਤੇ ਜੇਤੂਆਂ ਨੂੰ ਕੁਲ 80 ਲੱਖ ਰੁਪਏ ਦੇ ਇਨਾਮ ਆਯੋਜਕਾਂ ਵਲੋਂ ਵੰਡੇ ਗਏ।
ਇਸ ਸਮਾਰੋਹ ਵਿਚ ਇੰਨੀ ਵੱਡੀ ਗਿਣਤੀ 'ਚ ਦੇਸ਼-ਵਿਦੇਸ਼ ਤੋਂ ਪਹੁੰਚੇ ਪਹਿਲਵਾਨਾਂ ਅਤੇ ਉਨ੍ਹਾਂ ਦੀਆਂ ਕੁਸ਼ਤੀਆਂ ਦੇਖਣ ਹਜ਼ਾਰਾਂ ਦੀ ਗਿਣਤੀ 'ਚ ਰੋਜ਼ਾਨਾ ਲੋਕ ਇਕੱਠੇ ਹੁੰਦੇ ਰਹੇ। ਲੋਕਾਂ ਦੇ ਉਤਸ਼ਾਹ ਦਾ ਇਹ ਹਾਲ ਸੀ ਕਿ ਉਹ ਆਸਪਾਸ ਦੇ ਮਕਾਨਾਂ ਦੀਆਂ ਛੱਤਾਂ ਤਕ 'ਤੇ ਚੜ੍ਹ ਕੇ ਦੁਪਹਿਰ ਤੋਂ ਰਾਤ ਤਕ ਚੱਲਣ ਵਾਲੀਆਂ ਕੁਸ਼ਤੀਆਂ ਦੇਖਦੇ ਰਹੇ ਤੇ ਆਪਣੀ ਜਗ੍ਹਾ ਸੁਰੱਖਿਅਤ ਕਰਨ ਲਈ ਸਵੇਰੇ-ਸਵੇਰੇ ਹੀ ਛੱਤਾਂ 'ਤੇ ਆ ਕੇ ਬੈਠ ਜਾਂਦੇ ਸਨ। 
ਸਪੱਸ਼ਟ ਹੈ ਕਿ ਦੇਸ਼ ਵਿਚ ਕੁਸ਼ਤੀਆਂ ਦਾ ਦੌਰ ਖਤਮ ਨਹੀਂ ਹੋਇਆ ਹੈ ਤੇ ਇਸ ਕਲਾ ਨੂੰ ਹੱਲਾਸ਼ੇਰੀ ਦਿੱਤੀ ਜਾਵੇ ਤਾਂ ਇਹ ਦੁਨੀਆ 'ਚ ਭਾਰਤ ਦਾ ਨਾਂ ਰੌਸ਼ਨ ਕਰਨ ਅਤੇ ਨੌਜਵਾਨਾਂ ਵਿਚ ਤੰਦਰੁਸਤੀ ਪ੍ਰਤੀ ਜਾਗਰੂਕਤਾ ਪੈਦਾ ਕਰਨ 'ਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ।                                                     
—ਵਿਜੇ ਕੁਮਾਰ


Vijay Kumar Chopra

Chief Editor

Related News