ਹਰਿਆਣਾ 'ਚ ਔਰਤਾਂ ਤੇ ਬੱਚੀਆਂ ਵਿਰੁੱਧ ਅਪਰਾਧਾਂ 'ਚ ਭਾਰੀ ਵਾਧਾ

06/06/2018 1:34:05 AM

ਦੇਸ਼ 'ਚ ਕਾਨੂੰਨ-ਵਿਵਸਥਾ ਦੀ ਸਥਿਤੀ ਤਰਸਯੋਗ ਰੂਪ ਧਾਰਨ ਕਰ ਚੁੱਕੀ ਹੈ। ਹਰਿਆਣਾ ਵੀ ਇਸ ਦਾ ਅਪਵਾਦ ਨਹੀਂ ਹੈ, ਜਿਥੇ ਹੋਰਨਾਂ ਅਪਰਾਧਾਂ ਤੋਂ ਇਲਾਵਾ ਔਰਤਾਂ ਅਤੇ ਬੱਚੀਆਂ ਵਿਰੁੱਧ ਅਪਰਾਧ ਲਗਾਤਾਰ ਜਾਰੀ ਹਨ। ਗੁਰੂਗ੍ਰਾਮ, ਮੇਵਾਤ ਅਤੇ ਫਰੀਦਾਬਾਦ ਵਿਚ ਹੁਣੇ ਜਿਹੇ ਬਲਾਤਕਾਰ ਦਾ ਸ਼ਿਕਾਰ ਹੋਣ ਵਾਲੀਆਂ ਜ਼ਿਆਦਾਤਰ ਬੱਚੀਆਂ ਦੀ ਉਮਰ ਵੀ 10 ਸਾਲ ਤੋਂ ਘੱਟ ਹੈ ਅਤੇ ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਮਈ ਮਹੀਨੇ ਤੋਂ ਹੁਣ ਤਕ ਸੂਬੇ ਅੰਦਰ ਬਲਾਤਕਾਰ ਅਤੇ ਸਮੂਹਿਕ ਬਲਾਤਕਾਰ ਦੇ ਰੋਜ਼ਾਨਾ ਔਸਤਨ 3 ਮਾਮਲੇ ਦਰਜ ਹੋਏ, ਜਿਨ੍ਹਾਂ 'ਚੋਂ ਪਿਛਲੇ 4 ਹਫਤਿਆਂ 'ਚ ਸਾਹਮਣੇ ਆਏ ਕੁਝ ਮਾਮਲੇ ਹੇਠਾਂ ਦਰਜ ਹਨ :
* 11 ਮਈ ਨੂੰ ਉਕਲਾਨਾ ਥਾਣੇ ਦੇ ਤਹਿਤ ਪੈਂਦੇ ਇਕ ਪਿੰਡ ਵਿਚ 2 ਔਰਤਾਂ ਨੇ ਇਕ ਨਾਬਾਲਗਾ ਨੂੰ ਸਤਿਸੰਗ ਦੇ ਬਹਾਨੇ ਆਪਣੇ ਘਰ ਬੁਲਾਇਆ ਤੇ ਨਸ਼ੀਲਾ ਪਦਾਰਥ ਖੁਆ ਕੇ 2 ਨੌਜਵਾਨਾਂ ਤੋਂ ਉਸ ਦਾ ਸਮੂਹਿਕ ਬਲਾਤਕਾਰ ਕਰਵਾ ਦਿੱਤਾ। 
* 14 ਮਈ ਨੂੰ ਗੁਰੂਗ੍ਰਾਮ ਵਿਚ 5 ਸਾਲਾਂ ਦੀ ਇਕ ਮਾਸੂਮ ਬੱਚੀ ਨਾਲ  ਬਲਾਤਕਾਰ।
* 16 ਮਈ ਨੂੰ 6 ਵਿਅਕਤੀਆਂ ਵਲੋਂ ਦਿੱਲੀ ਦੀ ਰਹਿਣ ਵਾਲੀ ਇਕ ਔਰਤ ਨੂੰ ਫੋਨ ਕਰ ਕੇ ਧੋਖੇ ਨਾਲ ਫਰੀਦਾਬਾਦ ਸੱਦ ਕੇ ਉਸ ਨਾਲ ਸਮੂਹਿਕ ਬਲਾਤਕਾਰ।
* 18 ਮਈ ਨੂੰ ਯਮੁਨਾਨਗਰ ਦੇ ਖਜੂਰੀ ਪਿੰਡ ਵਿਚ ਇਕ ਮੰਦਬੁੱਧੀ ਮੁਟਿਆਰ ਨਾਲ ਪਿੰਡ ਦੇ ਨੌਜਵਾਨ ਨੇ ਪਸ਼ੂਆਂ ਦੇ ਵਾੜੇ ਵਿਚ ਬਲਾਤਕਾਰ ਕੀਤਾ।
* 20 ਮਈ ਨੂੰ ਮਾਨੇਸਰ 'ਚ ਇਕ 38 ਸਾਲਾ ਵਿਅਕਤੀ ਨੂੰ ਆਪਣੀ 12 ਵਰ੍ਹਿਆਂ ਦੀ ਧੀ ਨਾਲ ਕਈ ਮਹੀਨਿਆਂ ਤਕ ਬਲਾਤਕਾਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। 
* 21 ਮਈ ਨੂੰ ਗੁਰੂਗ੍ਰਾਮ ਵਿਚ ਇਕ ਗੂੰਗੀ-ਬੋਲ਼ੀ ਔਰਤ ਨਾਲ ਬਲਾਤਕਾਰ ਕੀਤਾ ਗਿਆ ਅਤੇ ਇਸੇ ਦਿਨ ਮਾਨੇਸਰ ਵਿਚ 6 ਮਹੀਨਿਆਂ ਦੀ ਗਰਭਵਤੀ ਇਕ 23 ਸਾਲਾ ਔਰਤ ਨਾਲ ਇਕ ਆਟੋਰਿਕਸ਼ਾ ਡਰਾਈਵਰ ਤੇ ਉਸ ਦੇ 2 ਸਾਥੀਆਂ ਨੇ ਸਮੂਹਿਕ ਬਲਾਤਕਾਰ ਕੀਤਾ। 
* 30 ਮਈ ਨੂੰ ਜੀਂਦ ਵਿਚ 5 ਸਾਲਾਂ ਦੀ ਇਕ ਬੱਚੀ ਨੂੰ ਇਕ ਦੁਕਾਨਦਾਰ ਦੇ ਬੇਟੇ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। 
* 31 ਮਈ ਨੂੰ ਮਾਨੇਸਰ ਵਿਚ 13 ਵਰ੍ਹਿਆਂ ਦੀ ਬੱਚੀ ਨਾਲ ਇਕ ਵਿਅਕਤੀ ਨੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਬੱਚੀ ਦੇ ਰੌਲਾ ਪਾਉਣ 'ਤੇ ਉਸ ਦੇ ਪਰਿਵਾਰ ਵਾਲਿਆਂ ਨੇ ਦੋਸ਼ੀ ਨੂੰ ਫੜ ਲਿਆ ਤੇ ਛਿੱਤਰ-ਪਰੇਡ ਕਰਨ ਤੋਂ ਬਾਅਦ ਪੁਲਸ ਦੇ ਹਵਾਲੇ ਕਰ ਦਿੱਤਾ। 
* 02 ਜੂਨ ਨੂੰ ਪਲਵਲ ਦੇ ਥਾਣਾ ਸਦਰ ਇਲਾਕੇ ਵਿਚ ਇਕ 5 ਸਾਲਾ ਬੱਚੀ ਦੇ ਪਿਤਾ ਨਾਲ ਰੰਜਿਸ਼ ਕਾਰਨ ਇਕ ਨੌਜਵਾਨ ਨੇ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਪੋਸਟਮਾਰਟਮ ਵਿਚ ਬੱਚੀ ਦੇ ਹੱਥਾਂ, ਛਾਤੀ, ਪੇਟ ਅਤੇ ਮੂੰਹ 'ਤੇ ਤਿੱਖੇ ਧਾਰਦਾਰ ਹਥਿਆਰ ਦੇ 6 ਡੂੰਘੇ ਜ਼ਖ਼ਮ ਮਿਲੇ। 
* 02 ਜੂਨ ਨੂੰ ਹੀ ਹਰਿਆਣਾ ਦੇ ਸਾਬਕਾ ਮੰਤਰੀ ਅਤੇ ਕਾਂਗਰਸੀ ਨੇਤਾ ਨਿਰਮਲ ਸਿੰਘ ਦੇ ਇਕ ਮੁਲਾਜ਼ਮ ਦੀ ਘਰ ਤੋਂ ਲਾਪਤਾ ਹੋਈ 6 ਸਾਲਾ ਬੇਟੀ ਦੀ ਲਾਸ਼ 3 ਜੂਨ ਨੂੰ ਮੰਤਰੀ ਦੇ ਫਾਰਮ ਨੇੜੇ ਪਈ ਮਿਲੀ।
ਉਸ ਦਾ ਗਲ਼ਾ ਤੇਜ਼ਧਾਰ ਹਥਿਆਰ ਨਾਲ ਵੱਢਿਆ ਹੋਇਆ ਸੀ ਅਤੇ ਗੁਪਤ ਅੰਗ ਸਮੇਤ ਵੱਖ-ਵੱਖ ਅੰਗਾਂ 'ਤੇ ਸੱਟਾਂ ਦੇ ਨਿਸ਼ਾਨ ਸਨ। ਡਾਕਟਰਾਂ ਅਨੁਸਾਰ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ ਤੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। 
* 03 ਜੂਨ ਨੂੰ ਸੋਨੀਪਤ ਵਿਚ 10ਵੀਂ ਜਮਾਤ ਦੀ ਇਕ ਵਿਦਿਆਰਥਣ ਨਾਲ 3 ਨੌਜਵਾਨਾਂ ਵਲੋਂ ਸਮੂਹਿਕ ਬਲਾਤਕਾਰ ਕਰਨ ਅਤੇ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨ ਤੇ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ। 
* 05 ਜੂਨ ਨੂੰ ਜੁਲਾਨਾ ਥਾਣਾ ਖੇਤਰ ਦੇ ਇਕ ਪਿੰਡ ਦੀ ਮੁਟਿਆਰ ਨੇ ਇਕ ਨੌਜਵਾਨ 'ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕਰਨ, ਵੀਡੀਓ ਬਣਾਉਣ ਤੇ ਫੋਟੋ ਖਿੱਚਣ ਦੇ ਦੋਸ਼ ਲਾਏ।
ਮੁਟਿਆਰ ਦਾ ਦੋਸ਼ ਹੈ ਕਿ ਨੌਜਵਾਨ ਨੇ ਉਸ ਦੇ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ 'ਤੇ ਅੱਪਲੋਡ ਕਰਨ ਦੀ ਧਮਕੀ ਦੇ ਕੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ। 
ਔਰਤਾਂ-ਬੱਚੀਆਂ ਵਿਰੁੱਧ ਅਪਰਾਧਾਂ ਦੀਆਂ ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਬਲਾਤਕਾਰੀਆਂ ਨੂੰ ਸਬਕ ਸਿਖਾਉਣ ਲਈ ਬੇਸ਼ੱਕ ਹੀ ਸੂਬਾ ਸਰਕਾਰ ਨੇ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਵਾਲਿਆਂ ਲਈ ਫਾਂਸੀ ਦੀ ਸਜ਼ਾ ਦੀ ਵਿਵਸਥਾ ਕਰ ਦਿੱਤੀ ਹੈ ਪਰ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। 
ਇਸ ਦੇ ਲਈ ਇਸ ਨੂੰ ਲਾਗੂ ਕਰਨ ਵਾਲੀ ਮਸ਼ੀਨਰੀ ਨੂੰ ਚਾਕ-ਚੌਬੰਦ ਕਰਨ ਅਤੇ ਵੱਖ-ਵੱਖ ਖੇਤਰਾਂ ਵਿਚ ਕਾਨੂੰਨ-ਵਿਵਸਥਾ 'ਤੇ ਨਜ਼ਰ ਰੱਖਣ ਲਈ ਤਾਇਨਾਤ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਜੁਆਬਦੇਹੀ ਤੈਅ ਕਰਨ ਤੋਂ ਇਲਾਵਾ ਦੋਸ਼ੀਆਂ ਵਿਰੁੱਧ ਫਾਸਟ ਟਰੈਕ ਅਦਾਲਤਾਂ ਵਿਚ ਕੇਸ ਚਲਾ ਕੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਸਖ਼ਤ ਸਜ਼ਾ ਦਿਵਾਉਣੀ ਵੀ ਜ਼ਰੂਰੀ ਹੈ ਤਾਂ ਕਿ ਔਰਤਾਂ ਤੇ ਬੱਚੀਆਂ ਸੁਰੱਖਿਅਤ ਹੋ ਸਕਣ।           
—ਵਿਜੇ ਕੁਮਾਰ


Vijay Kumar Chopra

Chief Editor

Related News