ਉਪ-ਚੋਣਾਂ ''ਚ ਹਾਰ ਨੂੰ ਲੈ ਕੇ ਭਾਜਪਾ-ਸਹਿਯੋਗੀ ਪਾਰਟੀਆਂ ''ਚ ਭਾਰੀ ਹਲਚਲ

06/01/2018 12:51:48 AM

ਕਰਨਾਟਕ ਵਿਚ 15 ਮਈ ਨੂੰ ਐਲਾਨੇ ਗਏ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਅਤੇ ਉਸ ਤੋਂ ਬਾਅਦ 23 ਮਈ ਨੂੰ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ ਵਿਚ ਵਿਰੋਧੀ ਧਿਰ ਨੇ ਹਾਜ਼ਰ ਹੋ ਕੇ ਆਪਣੀ ਏਕਤਾ ਦਾ ਭਾਰੀ ਪ੍ਰਦਰਸ਼ਨ ਕੀਤਾ। 
ਇਸ ਤੋਂ ਬਾਅਦ 4 ਲੋਕ ਸਭਾ ਤੇ 10 ਵਿਧਾਨ ਸਭਾ ਸੀਟਾਂ 'ਤੇ ਉਪ-ਚੋਣਾਂ ਅਤੇ ਕਰਨਾਟਕ ਦੇ ਆਰ. ਆਰ. ਨਗਰ ਵਿਧਾਨ ਸਭਾ ਹਲਕੇ ਦੀ ਚੋਣ ਲਈ 28 ਮਈ ਨੂੰ ਵੋਟਾਂ ਪਈਆਂ। ਸਾਰਿਆਂ ਨੂੰ ਇਨ੍ਹਾਂ ਦੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਸੀ ਕਿਉਂਕਿ ਇਨ੍ਹਾਂ ਵਿਚ ਯੂ. ਪੀ. ਦੀ ਵੱਕਾਰੀ ਕੈਰਾਨਾ ਲੋਕ ਸਭਾ ਸੀਟ ਵੀ ਸ਼ਾਮਿਲ ਸੀ, ਜਿੱਥੇ ਭਾਜਪਾ ਉਮੀਦਵਾਰ ਮ੍ਰਿਗਾਂਕਾ ਸਿੰਘ ਦੇ ਮੁਕਾਬਲੇ ਰਾਸ਼ਟਰੀ ਲੋਕ ਦਲ ਨੇ ਤਬੱਸੁਮ ਹਸਨ ਨੂੰ ਖੜ੍ਹਾ ਕੀਤਾ ਸੀ। 
ਸਪਾ, ਬਸਪਾ ਅਤੇ ਕਾਂਗਰਸ ਨੇ ਏਕਤਾ ਦਿਖਾਉਂਦਿਆਂ ਉਨ੍ਹਾਂ ਵਿਰੁੱਧ ਕੋਈ ਉਮੀਦਵਾਰ ਨਹੀਂ ਉਤਾਰਿਆ ਤੇ ਤਬੱਸੁਮ ਹਸਨ ਨੇ ਇਸ ਵਿਚ ਮ੍ਰਿਗਾਂਕਾ ਸਿੰਘ ਨੂੰ ਭਾਰੀ ਫਰਕ ਨਾਲ ਹਰਾ ਕੇ ਭਾਜਪਾ ਤੋਂ ਇਹ ਸੀਟ ਖੋਹ ਲਈ। 
ਮਹਾਰਾਸ਼ਟਰ ਦੇ ਪਾਲਘਰ ਵਿਚ ਤਾਂ ਭਾਜਪਾ ਆਪਣੇ ਨਾਰਾਜ਼ ਗੱਠਜੋੜ ਸਹਿਯੋਗੀ ਸ਼ਿਵ ਸੈਨਾ ਦੇ ਉਮੀਦਵਾਰ ਨੂੰ ਹਰਾ ਕੇ ਇਹ ਸੀਟ ਬਚਾਉਣ ਵਿਚ ਸਫਲ ਰਹੀ ਪਰ ਗੋਂਦੀਆ-ਭੰਡਾਰਾ ਵਾਲੀ ਸੀਟ ਰਾਕਾਂਪਾ ਨੇ ਉਸ ਤੋਂ ਖੋਹ ਲਈ। ਨਾਗਾਲੈਂਡ ਵਿਚ ਭਾਜਪਾ ਦੀ ਸਹਿਯੋਗੀ ਐੱਨ. ਡੀ. ਪੀ. ਪੀ. ਆਪਣੀ ਸੀਟ ਬਚਾਉਣ ਵਿਚ ਜ਼ਰੂਰ ਸਫਲ ਰਹੀ ਹੈ। 
ਵਿਧਾਨ ਸਭਾ ਉਪ-ਚੋਣਾਂ ਵਿਚ ਯੂ. ਪੀ., ਬਿਹਾਰ ਅਤੇ ਪੰਜਾਬ ਵਿਚ ਭਾਜਪਾ ਅਤੇ ਇਸ ਦੇ ਗੱਠਜੋੜ ਸਹਿਯੋਗੀਆਂ ਜਨਤਾ ਦਲ (ਯੂ) ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਝਟਕਾ ਲੱਗਾ। ਯੂ. ਪੀ. ਦੀ ਨੂਰਪੁਰ ਸੀਟ ਸਪਾ ਨੇ ਭਾਜਪਾ ਤੋਂ ਖੋਹ ਲਈ ਅਤੇ ਬਿਹਾਰ ਵਿਚ ਰਾਜਗ ਸਹਿਯੋਗੀ ਜਨਤਾ ਦਲ (ਯੂ) ਨੂੰ ਹਰਾ ਕੇ ਰਾਜਦ ਨੇ ਜੋਕੀਹਾਟ ਸੀਟ ਜਿੱਤ ਲਈ। 
ਉੱਤਰਾਖੰਡ ਦੇ ਥਰਾਲੀ 'ਚ ਭਾਜਪਾ, ਬੰਗਾਲ ਦੇ ਮਹੇਸ਼ਤਲਾ ਵਿਚ ਤ੍ਰਿਣਮੂਲ ਕਾਂਗਰਸ, ਝਾਰਖੰਡ ਵਿਚ ਗੋਮੀਆ ਅਤੇ ਸਿੱਲੀ ਸੀਟਾਂ 'ਤੇ ਜੇ. ਐੱਮ. ਐੱਮ., ਕੇਰਲਾ  ਦੇ ਚੇਂਗਨੂਰ 'ਚ ਮਾਕਪਾ ਤੇ ਮਹਾਰਾਸ਼ਟਰ ਦੇ ਪਲੁਸ ਅਤੇ ਮੇਘਾਲਿਆ ਦੇ ਅਮਪਾਤੀ ਵਿਚ ਕਾਂਗਰਸ ਨੇ ਆਪਣੀਆਂ ਸੀਟਾਂ 'ਤੇ ਕਬਜ਼ਾ ਕਾਇਮ ਰੱਖਿਆ। 
ਕੈਰਾਨਾ ਵਿਚ ਇਸ ਹਾਰ ਨੇ ਯੂ. ਪੀ. ਦੇ ਮੁੱਖ ਮੰਤਰੀ ਤੇ ਭਾਜਪਾ ਦੇ ਸਟਾਰ ਪ੍ਰਚਾਰਕ ਯੋਗੀ ਆਦਿੱਤਿਆਨਾਥ ਦੇ ਜੇਤੂ ਵਾਲੇ ਅਕਸ ਨੂੰ ਵੀ ਗਲਤ ਸਿੱਧ ਕਰ ਦਿੱਤਾ ਅਤੇ ਉਥੇ ਯੋਗੀ ਦਾ ਪ੍ਰਭਾਵ ਸਿਰਫ 20 ਫੀਸਦੀ ਰਹਿ ਗਿਆ ਹੈ। ਉਨ੍ਹਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੂਬੇ ਵਿਚ 5 ਸੀਟਾਂ 'ਤੇ ਹੋਈਆਂ 3 ਲੋਕ ਸਭਾ ਅਤੇ 2 ਵਿਧਾਨ ਸਭਾ ਉਪ-ਚੋਣਾਂ ਵਿਚ ਭਾਜਪਾ ਸਿਰਫ 1 ਸੀਟ 'ਤੇ ਹੀ ਜਿੱਤ ਸਕੀ ਹੈ। 
ਜਿੱਥੋਂ ਤਕ ਪੰਜਾਬ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਉਪ-ਚੋਣ ਦਾ ਸਬੰਧ ਹੈ, ਇਹ ਦਿਹਾਤੀ ਸੀਟ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਰਹੀ ਹੈ, ਇਸ ਲਈ ਇਥੇ ਜਿੱਤ ਦਾ ਫਰਕ ਘੱਟ ਰਹਿਣ ਦੀ ਉਮੀਦ ਸੀ ਪਰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ 38802 ਵੋਟਾਂ ਦੇ ਫਰਕ ਨਾਲ ਹਾਰਿਆ। 
ਬੰਗਾਲ ਵਿਚ ਹੁਣੇ ਜਿਹੇ ਸੰਪੰਨ ਹੋਈਆਂ ਪੰਚਾਇਤੀ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ 'ਤੇ ਸਰਕਾਰੀ ਮਸ਼ੀਨਰੀ ਅਤੇ ਸਥਾਨਕ ਪੁਲਸ ਦੀ ਵਰਤੋਂ ਦੇ ਦੋਸ਼ ਲਾਏ ਗਏ ਸਨ, ਜਿਸ ਨੂੰ ਦੇਖਦਿਆਂ ਇਨ੍ਹਾਂ ਚੋਣਾਂ ਵਿਚ ਉਥੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਤੇ ਇਸ ਦੇ ਬਾਵਜੂਦ ਉਥੇ ਤ੍ਰਿਣਮੂਲ ਕਾਂਗਰਸ ਦੀ ਸਫਲਤਾ ਦਰਸਾਉਂਦੀ ਹੈ ਕਿ ਅਜੇ ਵੀ ਉਸ ਨੇ ਉਥੇ ਆਪਣਾ ਮਜ਼ਬੂਤ ਜਨ-ਆਧਾਰ ਕਾਇਮ ਰੱਖਿਆ ਹੋਇਆ ਹੈ। 
ਕੇਰਲ ਵਿਚ ਭਾਜਪਾ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੇ ਹਿੰਦੂਆਂ ਦੇ ਦਮਨ ਵਰਗੇ ਮੁੱਦੇ ਉਠਾਏ ਪਰ ਉਥੇ ਭਾਜਪਾ ਦੇ ਪੱਛੜਨ ਤੋਂ ਸਪੱਸ਼ਟ ਹੈ ਕਿ ਅਜੇ ਕੇਰਲ ਅਤੇ ਬੰਗਾਲ ਵਿਚ ਇਸ ਨੂੰ ਆਪਣੇ ਪੈਰ ਜਮਾਉਣ ਵਿਚ ਸਮਾਂ ਲੱਗੇਗਾ।
ਬੇਸ਼ੱਕ 2014 ਵਿਚ ਕੇਂਦਰ ਵਿਚ ਸੱਤਾ 'ਚ ਆਉਣ ਤੋਂ ਬਾਅਦ ਭਾਜਪਾ ਨੇ 14 ਸੂਬੇ ਜਿੱਤੇ ਹਨ ਪਰ ਉਕਤ ਚੋਣ ਨਤੀਜਿਆਂ ਨੇ ਵਿਰੋਧੀ ਧਿਰ ਦੀ ਏਕਤਾ ਨੂੰ ਨਵਾਂ ਜੀਵਨ ਦਿੱਤਾ ਹੈ ਅਤੇ ਭਾਜਪਾ ਨੂੰ ਇਹ ਚਿਤਾਵਨੀ ਦਿੱਤੀ ਹੈ ਕਿ ਉਸ ਦੇ ਲਈ ਅਗਾਂਹ ਦਾ ਰਾਹ ਮੁਸ਼ਕਿਲ ਹੈ ਅਤੇ ਜੇ ਵਿਰੋਧੀ ਧਿਰ ਇਕੱਠੀ ਆਈ ਤਾਂ 2019 ਵਿਚ ਨਰਿੰਦਰ ਮੋਦੀ ਨੂੰ ਹਰਾਉਣਾ ਸੰਭਵ ਹੈ। 
ਅਜੇ ਤਾਂ ਵਿਰੋਧੀ ਧਿਰ ਵਿਚ ਪੂਰੀ ਏਕਤਾ ਹੋਈ ਵੀ ਨਹੀਂ ਹੈ। ਜੇ ਪੂਰੀ ਏਕਤਾ ਹੁੰਦੀ ਤਾਂ ਭਾਜਪਾ ਲਈ ਨਤੀਜਾ ਸ਼ਾਇਦ ਇਸ ਤੋਂ ਵੀ ਬੁਰਾ ਹੋ ਸਕਦਾ ਸੀ, ਲਿਹਾਜ਼ਾ 2019 ਦਾ ਵਰ੍ਹਾ ਭਾਜਪਾ ਲਈ ਵੱਡੀ ਚੁਣੌਤੀ ਲੈ ਕੇ ਆਉਣ ਵਾਲਾ ਹੈ। 
ਇਸ ਦਰਮਿਆਨ ਚੋਣ ਨਤੀਜਿਆਂ ਨੂੰ ਲੈ ਕੇ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਵਿਚਾਲੇ ਘਮਾਸਾਨ ਸ਼ੁਰੂ ਹੋਣ ਦੇ ਸੰਕੇਤ ਵੀ ਮਿਲਣ ਲੱਗੇ ਹਨ। ਬਿਹਾਰ ਦੀ ਜੋਕੀਹਾਟ ਉਪ-ਚੋਣ ਵਿਚ ਜਨਤਾ ਦਲ (ਯੂ) ਨੇ ਆਪਣੀ ਹਾਰ ਦਾ ਭਾਂਡਾ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਭੰਨਿਆ ਹੈ। 
ਜਨਤਾ ਦਲ (ਯੂ) ਦੇ ਜਨਰਲ ਸਕੱਤਰ ਕੇ. ਸੀ. ਤਿਆਗੀ ਅਨੁਸਾਰ, ''ਉਪ-ਚੋਣਾਂ ਦੇ ਨਤੀਜੇ ਰਾਜਗ ਲਈ ਚਿੰਤਾ ਦਾ ਵਿਸ਼ਾ ਹਨ। ਰਾਜਗ ਵਿਚ ਸਾਰੇ ਸਹਿਯੋਗੀ ਅਲੱਗ-ਥਲੱਗ ਮਹਿਸੂਸ ਕਰ ਰਹੇ ਹਨ। ਯੂ. ਪੀ. ਵਿਚ 2 ਵੱਡੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਹਨ, ਇਸ ਲਈ ਉਥੋਂ ਦੇ ਨਤੀਜੇ ਖਤਰੇ ਦੀ ਘੰਟੀ ਬਣ ਸਕਦੇ ਹਨ।''
ਇਸੇ ਤਰ੍ਹਾਂ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਇਸ ਹਾਰ ਤੋਂ ਬਾਅਦ ਪਾਲਘਰ ਵਿਚ ਵੋਟਾਂ ਦੀ ਗਿਣਤੀ ਵਿਚ ਭਾਰੀ ਗੜਬੜ ਦਾ ਦੋਸ਼ ਲਾਉਂਦਿਆਂ ਦੁਬਾਰਾ ਗਿਣਤੀ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਭਾਜਪਾ ਨੇ ਪਿਛਲੇ 4 ਸਾਲਾਂ ਵਿਚ ਬਹੁਮਤ ਗੁਆ ਲਿਆ ਹੈ ਤੇ ਭਾਜਪਾ ਨੂੰ ਹੁਣ ਦੋਸਤ ਦੀ ਲੋੜ ਨਹੀਂ ਰਹੀ।       —ਵਿਜੇ ਕੁਮਾਰ


Vijay Kumar Chopra

Chief Editor

Related News