ਦੇਸ਼ ''ਚ ਤੇਜ਼ੀ ਨਾਲ ਵਧ ਰਿਹਾ ''ਸਿਆਸੀ ਹੱਤਿਆਵਾਂ ਦਾ ਰੁਝਾਨ''

05/31/2018 6:30:28 AM

ਦੇਸ਼ 'ਚ ਕੁਝ ਸਮੇਂ ਤੋਂ ਸਿਆਸੀ ਹੱਤਿਆਵਾਂ ਕਾਫੀ ਵਧ ਗਈਆਂ ਹਨ। ਪਹਿਲਾਂ ਇਹ ਸਿਲਸਿਲਾ ਮੁੱਖ ਤੌਰ 'ਤੇ ਦੱਖਣ ਭਾਰਤ 'ਚ ਕੇਰਲ ਤਕ ਹੀ ਸੀਮਤ ਸੀ ਪਰ ਕੁਝ ਸਾਲਾਂ ਤੋਂ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਵੀ ਸਿਆਸੀ ਹੱਤਿਆਵਾਂ ਤੇਜ਼ੀ ਨਾਲ ਹੋਣ ਲੱਗੀਆਂ ਹਨ :
* 19 ਜਨਵਰੀ ਨੂੰ ਕੇਰਲ ਦੇ ਕੰਨੂਰ 'ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਵਰਕਰ ਸ਼ਿਆਮ ਪ੍ਰਸਾਦ ਦੀ ਹੱਤਿਆ ਕਰ ਦਿੱਤੀ ਗਈ।
* 13 ਫਰਵਰੀ ਨੂੰ ਕੇਰਲ ਦੇ ਕੰਨੂਰ 'ਚ ਹੀ ਯੂਥ ਕਾਂਗਰਸ ਦੇ ਇਕ ਨੇਤਾ ਦੀ ਹੱਤਿਆ ਕਰ ਦਿੱਤੀ ਗਈ, ਜਿਸ ਦਾ ਦੋਸ਼ ਕਾਂਗਰਸ ਨੇ ਮਾਰਕਸੀ ਪਾਰਟੀ ਦੇ ਵਰਕਰ  ਸ਼ਿਹਾਈਬ 'ਤੇ ਲਾਇਆ।
* 22 ਅਪ੍ਰੈਲ ਨੂੰ ਮੁੰਬਈ 'ਚ ਕਾਂਦੀਵਲੀ ਦੇ ਗੋਕੁਲ ਨਗਰ ਇਲਾਕੇ 'ਚ 2 ਅਣਪਛਾਤੇ ਬਦਮਾਸ਼ਾਂ ਨੇ ਸ਼ਿਵ ਸੈਨਾ ਨੇਤਾ ਸਚਿਨ ਸਾਵੰਤ ਨੂੰ ਮਾਰ ਦਿੱਤਾ।
* 29 ਅਪ੍ਰੈਲ ਨੂੰ ਮਹਾਰਾਸ਼ਟਰ ਦੇ ਅਹਿਮਦ ਨਗਰ 'ਚ 3 ਮੋਟਰਸਾਈਕਲ ਸਵਾਰਾਂ ਨੇ ਰਾਕਾਂਪਾ ਦੇ 2 ਵਰਕਰਾਂ ਯੋਗੇਸ਼ ਰਾਲੇਭਾਤ ਅਤੇ ਰਾਜੇਸ਼ ਰਾਲੇਭਾਤ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਮਾਰ ਦਿੱਤਾ।
* 01 ਮਈ ਨੂੰ ਉੱਤਰ ਪ੍ਰਦੇਸ਼ ਦੇ ਦਿਨਪੁਰ ਪਿੰਡ 'ਚ 2 ਹਮਲਾਵਰਾਂ ਨੇ ਸਪਾ ਨੇਤਾ ਪਰਵਤ ਸਿੰਘ ਯਾਦਵ ਅਤੇ ਉਸ ਦੇ ਬਾਡੀਗਾਰਡ ਉਮਰਾਓ ਸਿੰਘ ਦੀ ਹੱਤਿਆ ਕਰ ਦਿੱਤੀ।
* 05 ਮਈ ਨੂੰ ਬੰਗਾਲ 'ਚ ਮਾਲਦਾ ਦੇ ਕੁਮਾਰਗੰਜ ਪਿੰਡ 'ਚ ਤ੍ਰਿਣਮੂਲ ਕਾਂਗਰਸ ਦੇ ਸਮਰਥਕ ਨਯਨ ਮੰਡਲ  ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਦਾ ਦੋਸ਼ ਤ੍ਰਿਣਮੂਲ ਕਾਂਗਰਸ ਨੇ ਕਾਂਗਰਸ 'ਤੇ ਲਾਇਆ। ਇਸ ਤੋਂ ਇਕ ਦਿਨ ਪਹਿਲਾਂ ਇਸੇ ਇਲਾਕੇ ਦੇ 'ਝਗੜਾ ਪਾਥਰ' ਪਿੰਡ 'ਚ ਇਕ ਕਾਂਗਰਸੀ ਸਮਰਥਕ ਦੀ ਹੱਤਿਆ ਕਰ ਦਿੱਤੀ ਗਈ ਸੀ।
* 06 ਮਈ ਨੂੰ ਅੰਬਾਲਾ ਛਾਉਣੀ ਦੇ ਆਰਮੀ ਏਰੀਆ 'ਚ ਸਥਿਤ ਤੋਪਖਾਨਾ ਬਾਜ਼ਾਰ 'ਚ ਭਾਜਪਾ ਵਰਕਰ ਸੰਦੀਪ ਗੋਇਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
* 07 ਮਈ ਨੂੰ ਉੱਤਰੀ ਕੇਰਲ ਦੇ ਕੰਨੂਰ 'ਚ ਸਿਆਸੀ ਰੰਜਿਸ਼ ਕਾਰਨ ਇਕ ਘੰਟੇ ਦੇ ਵਕਫੇ 'ਚ 2 ਸਿਆਸੀ ਹੱਤਿਆਵਾਂ ਹੋਈਆਂ। ਪਹਿਲਾਂ 8 ਵਿਅਕਤੀਆਂ ਦੇ ਗਿਰੋਹ ਨੇ ਮਾਕਪਾ ਵਰਕਰ ਅਤੇ ਸਾਬਕਾ ਕੌਂਸਲਰ 'ਬਾਬੂ' ਦੀ ਹੱਤਿਆ ਕਰ ਦਿੱਤੀ ਅਤੇ ਇਸ ਤੋਂ ਅੱਧੇ ਘੰਟੇ ਬਾਅਦ ਹੀ 6 ਵਿਅਕਤੀਆਂ ਨੇ ਭਾਜਪਾ ਵਰਕਰ ਸ਼ੇਮਾਜ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
* 08 ਮਈ ਦੀ ਰਾਤ ਨੂੰ 9.45 ਵਜੇ ਇਲਾਹਾਬਾਦ ਦੇ ਫੂਲਪੁਰ ਇਲਾਕੇ 'ਚ 4 ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਲੋਚਨਗੰਜ ਨਿਵਾਸੀ ਭਾਜਪਾ ਮੈਂਬਰ ਪਵਨ ਕੇਸਰੀ (40) ਦੀ ਹੱਤਿਆ ਕਰ ਦਿੱਤੀ। ਇਸ ਸਿਲਸਿਲੇ 'ਚ ਇਕ ਸਪਾ ਆਗੂ ਅਤੇ ਹੋਰਨਾਂ ਵਿਰੁੱਧ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
* 10 ਮਈ ਨੂੰ ਵਾਰਾਣਸੀ ਦੇ ਚੌਕ ਥਾਣਾ ਖੇਤਰ ਦੇ ਸਿੰਧੀਆ ਘਾਟ 'ਚ ਘਾਤ ਲਾ ਕੇ ਬੈਠੇ 2 ਅਣਪਛਾਤੇ ਬਦਮਾਸ਼ਾਂ ਨੇ ਸਮਾਜਵਾਦੀ ਪਾਰਟੀ ਅਤੇ ਮੱਲਾਹੋਂ ਦੇ ਵੱਡੇ ਨੇਤਾ ਪ੍ਰਭੂ ਸਾਹਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ, ਜਦੋਂ ਉਹ ਮੰਦਿਰ ਤੋਂ ਵਾਪਸ ਆ ਰਹੇ ਸਨ।
* 11 ਮਈ ਨੂੰ ਬੰਗਾਲ ਦੇ 24 ਪਰਗਨਾ ਜ਼ਿਲੇ 'ਚ 'ਜਾਮੀ ਰਕਸ਼ਾ ਕਮੇਟੀ' ਦੇ ਵਰਕਰ ਹਾਫਿਜ਼ੁਲ ਮੱਲਾਹ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
* 12 ਮਈ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਦੇ ਅਨੀਸਾਬਾਦ 'ਚ 10-15 ਬਦਮਾਸ਼ਾਂ ਨੇ ਇਕ ਵਿਆਹ ਸਮਾਰੋਹ ਤੋਂ ਪਰਤ ਰਹੇ ਰਾਜਦ ਨੇਤਾ ਦੀਨਾ ਗੋਪ 'ਤੇ ਗੋਲੀਆਂ ਚਲਾ ਕੇ ਉਨ੍ਹਾਂ ਦੀ ਹੱਤਿਆ ਕਰਨ ਤੋਂ ਇਲਾਵਾ 2 ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ।
* 15 ਮਈ ਨੂੰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਉਣੀ ਦੇ ਨੇੜੇ ਸਾਬਕਾ ਕਾਂਗਰਸੀ ਸਰਪੰਚ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਜਸਵਿੰਦਰ ਸਿੰਘ ਉਰਫ ਸ਼ਿੰਦਾ ਨੂੰ ਅਣਪਛਾਤੇ ਵਿਅਕਤੀਆਂ ਨੇ ਦਿਨ-ਦਿਹਾੜੇ  ਗੋਲੀਆਂ ਮਾਰ ਕੇ ਮਾਰ ਦਿੱਤਾ।
* 20 ਮਈ ਨੂੰ ਮਾਨਸਾ ਦੇ ਕੈਂਚੀਆਂ ਚੌਕ 'ਚ ਪਿੰਡ ਜਟਾਣਾ ਕਲਾਂ ਦੇ ਵਾਸੀ ਕਾਂਗਰਸੀ ਨੇਤਾ ਸੁਖਵਿੰਦਰ ਸਿੰਘ ਦੀ 6 ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
* ਅਤੇ ਹੁਣ 29 ਮਈ ਨੂੰ ਦੇਰ ਸ਼ਾਮ ਬਿਹਾਰ ਦੇ ਗੋਪਾਲ ਗੰਜ 'ਚ ਬਦਮਾਸ਼ਾਂ ਨੇ ਰਾਜਦ ਦੇ ਸਮਰਥਨ ਵਾਲੇ ਮੁਖੀਆ 'ਮਹਾਤਮ ਚੌਧਰੀ' ਦੇ ਘਰ 'ਚ ਦਾਖਲ ਹੋ ਕੇ ਮੁਖੀਆ ਨਾਲ ਹੀ ਉਸ ਦੀ ਪਤਨੀ ਅਤੇ ਉਸ ਦੇ ਦੋਹਾਂ ਬੇਟਿਆਂ ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ, ਜਿਸ ਨਾਲ ਮੁਖੀਆ ਦੇ ਇਕ ਬੇਟੇ ਸਤੇਂਦਰ ਯਾਦਵ ਦੀ ਹਸਪਤਾਲ 'ਚ ਮੌਤ ਹੋ ਗਈ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਸਾਡੇ ਦੇਸ਼ 'ਚ ਸਿਆਸੀ ਹੱਤਿਆਵਾਂ ਕਿਸ ਤਰ੍ਹਾਂ ਵਧ ਗਈਆਂ ਹਨ, ਜਦਕਿ ਪਹਿਲਾਂ ਇਹ ਮੁੱਖ ਤੌਰ 'ਤੇ ਦੱਖਣ ਭਾਰਤ ਦੇ ਕੇਰਲ 'ਚ ਕਾਂਗਰਸ, ਭਾਜਪਾ, ਸੰਘ ਅਤੇ ਮਾਕਪਾ ਤਕ ਹੀ ਸੀਮਤ ਸਨ ਅਤੇ ਸਾਲ-ਦੋ ਸਾਲਾਂ 'ਚ ਕਦੇ-ਕਦਾਈਂ ਹੀ ਹੁੰਦੀਆਂ ਸਨ। ਹੁਣ ਲਗਾਤਾਰ ਅਜਿਹੀਆਂ ਘਟਨਾਵਾਂ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਵੱਖ-ਵੱਖ ਪਾਰਟੀਆਂ 'ਚ ਸਿਆਸੀ ਅਸਹਿਣਸ਼ੀਲਤਾ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ, ਜੋ ਸਾਡੇ ਲੋਕਤੰਤਰ ਲਈ ਚੰਗਾ ਸੰਕੇਤ ਨਹੀਂ ਹੈ।
                                                                      —ਵਿਜੇ ਕੁਮਾਰ


Related News