ਹਜ਼ਾਰਾਂ ਟਿਊਬਵੈੱਲਾਂ ''ਤੇ ਲੱਗੇ ਬਿਜਲੀ ਮੀਟਰ, ਕਿਸਾਨਾਂ ਨੂੰ ਬਿੱਲਾਂ ਦਾ ਡਰ!

05/29/2018 3:00:52 PM

ਬਠਿੰਡਾ— ਬਿਜਲੀ ਵਿਭਾਗ ਨੇ ਹਜ਼ਾਰਾਂ ਖੇਤੀ ਮੋਟਰਾਂ (ਟਿਊਬਵੈੱਲ) 'ਤੇ ਮੀਟਰ ਲਗਾ ਦਿੱਤੇ ਹਨ, ਜਿਸ ਕਾਰਨ ਕਿਸਾਨਾਂ 'ਚ ਸਰਕਾਰ ਵੱਲੋਂ ਬਿਜਲੀ ਦੇ ਬਿੱਲ ਪਾਉਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਮਾਲਵੇ 'ਚ ਪਾਵਰਕਾਮ ਨੇ 4,000 ਖੇਤੀ ਮੋਟਰਾਂ 'ਤੇ ਬਿਜਲੀ ਮੀਟਰ ਲਗਾ ਦਿੱਤੇ ਹਨ, ਜਿਨ੍ਹਾਂ ਦਾ ਪਹਿਲੇ ਪੜਾਅ ਦਾ ਕੰਮ ਮੁਕੰਮਲ ਹੋ ਚੁੱਕਾ ਹੈ।ਪਾਵਰਕਾਮ ਦੇ ਪੱਛਮੀ ਜ਼ੋਨ 'ਚ ਸੈਂਕੜੇ ਫੀਡਰ ਪੈਂਦੇ ਹਨ, ਜਿਨ੍ਹਾਂ 'ਚੋਂ ਖੇਤੀ ਫੀਡਰਾਂ ਦੀ ਸ਼ਨਾਖਤ ਕੀਤੀ ਗਈ ਸੀ।ਪੱਛਮੀ ਜ਼ੋਨ 'ਚੋਂ 19 ਖੇਤੀ ਫੀਡਰਾਂ ਦੀ ਮੁੱਢਲੇ ਪੜਾਅ 'ਤੇ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ 'ਚ 4075 ਬਿਜਲੀ ਮੋਟਰਾਂ 'ਤੇ ਮੀਟਰ ਲਾਏ ਗਏ ਹਨ।ਇਨ੍ਹਾਂ ਫੀਡਰਾਂ 'ਚ 66 ਕੇ. ਵੀ., 220 ਕੇ. ਵੀ. ਅਤੇ 132 ਕੇ. ਵੀ. ਦੇ ਗਰਿੱਡ ਹਨ।ਪਾਵਰਕਾਮ ਨੇ ਚੁੱਪ-ਚੁਪੀਤੇ ਅਜਿਹੇ ਪਿੰਡਾਂ 'ਚ ਟਿਊਬਵੈੱਲਾਂ 'ਤੇ ਮੀਟਰ ਲਾਏ ਹਨ, ਜਿਨ੍ਹਾਂ ਪਿੰਡਾਂ 'ਚ ਕਿਸਾਨ ਸੰਗਠਨਾਂ ਦਾ ਬਹੁਤਾ ਜ਼ੋਰ ਨਹੀਂ ਹੈ।

ਜਾਣਕਾਰੀ ਮੁਤਾਬਕ, ਜ਼ਿਲ੍ਹਾ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਖੇਤੀਬਾੜੀ ਫੀਡਰਾਂ 'ਤੇ 100 ਫੀਸਦੀ ਮੀਟਰ ਲਾਏ ਜਾਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ।ਸੂਤਰਾਂ ਮੁਤਾਬਕ ਹੁਣ ਹੋਰ ਖੇਤੀ ਫੀਡਰਾਂ ਦੀ ਸ਼ਨਾਖਤ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ, ਮਾਝੇ ਅਤੇ ਦੋਆਬੇ 'ਚ ਜ਼ਿਆਦਾ ਮੀਟਰ ਲਗਾਏ ਗਏ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਹਿ ਰਹੀ ਹੈ ਕਿ ਤਕਨੀਕੀ ਘਾਟੇ ਨੂੰ ਜਾਂਚਣ ਲਈ ਮੀਟਰ ਲਾਏ ਜਾ ਰਹੇ ਹਨ, ਜਦੋਂ ਕਿ ਸਰਕਾਰ ਮੋਟਰਾਂ 'ਤੇ ਬਿੱਲ ਲਾਏ ਜਾਣ ਲਈ ਰਾਹ ਪੱਧਰਾ ਕਰ ਰਹੀ ਹੈ।ਉਧਰ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਹੈ ਕਿ ਖੇਤੀ ਫੀਡਰਾਂ 'ਤੇ ਲਾਏ ਮੀਟਰਾਂ ਦਾ ਕਿਸਾਨਾਂ ਨੂੰ ਕੋਈ ਬਿੱਲ ਨਹੀਂ ਆਵੇਗਾ ਅਤੇ ਸਰਕਾਰ ਕਿਸਾਨਾਂ ਨੂੰ ਮੁਫਤ ਬਿਜਲੀ ਦਿੰਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੇ ਸੰਚਾਲਨ ਅਤੇ ਵੰਡ ਦੌਰਾਨ ਪੈਂਦੇ ਘਾਟਿਆਂ ਨੂੰ ਮਾਪਣ ਲਈ ਇਹ ਮੀਟਰ ਲਾਏ ਜਾ ਰਹੇ ਹਨ।ਇਸ ਨਾਲ ਕਿਸਾਨਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ।


Related News