ਰੂਸ ਪੁੱਜੇ ਪੀ. ਐੱਮ. ਮੋਦੀ, ਹੋਇਆ ਨਿੱਘਾ ਸਵਾਗਤ

05/21/2018 3:51:44 PM


ਸੋਚੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਰਸਮੀ ਸਿਖਰ ਗੱਲਬਾਤ ਕਰਨ ਲਈ ਸੋਮਵਾਰ ਨੂੰ ਕਾਲਾ ਸਾਗਰ ਦੇ ਤਟੀ ਸ਼ਹਿਰ ਸੋਚੀ ਪੁੱਜ ਗਏ ਹਨ। ਇੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇੱਥੇ ਰੂਸ ਦੇ ਰਾਸ਼ਟਰਪਤੀ ਪੁਤਿਨ ਅਤੇ ਪੀ. ਐੱਮ. ਮੋਦੀ ਵਿਚਕਾਰ ਗੱਲਬਾਤ ਦਾ ਕੇਂਦਰ ਈਰਾਨ ਪ੍ਰਮਾਣੂ ਸਮਝੌਤੇ 'ਚੋਂ ਅਮਰੀਕਾ ਦੇ ਪਿੱਛੇ ਹਟਣ ਨਾਲ ਪੈਣ ਵਾਲੇ ਪ੍ਰਭਾਵਾਂ 'ਤੇ ਹੈ। ਇਸ ਦੇ ਨਾਲ ਹੀ ਵਿਸ਼ਵ ਅਤੇ ਖੇਤਰੀ ਮੁੱਦਿਆਂ 'ਤੇ ਵੀ ਗੱਲਬਾਤ ਹੋਵੇਗੀ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਰਸਮੀ ਗੱਲਬਾਤ ਦਾ ਟੀਚਾ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਦੋਸਤੀ ਅਤੇ ਵਿਸ਼ਵਾਸ ਦੇ ਆਧਾਰ 'ਤੇ ਮਹੱਤਵਪੂਰਣ ਗਲੋਬਲ ਅਤੇ ਖੇਤਰੀ ਮੁੱਦਿਆਂ 'ਤੇ ਸਾਂਝੀ ਰਾਇ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਦੋਵੇਂ ਨੇਤਾ 'ਬਿਨਾ ਕਿਸੇ ਏਜੰਡੇ' ਦੇ 4 ਤੋਂ 6 ਘੰਟਿਆਂ ਤਕ ਗੱਲਬਾਤ ਕਰਨਗੇ, ਜਿੱਥੇ ਦੋ-ਪੱਖੀ ਮੁੱਦਿਆਂ 'ਤੇ ਵਿਚਾਰ ਸੀਮਤ ਹੋਣ ਦੀ ਸੰਭਾਵਨਾ ਹੈ। ਪੀ. ਐੱਮ. ਮੋਦੀ ਨੇ ਐਤਵਾਰ ਨੂੰ ਟਵੀਟ ਕਰਕੇ ਕਿਹਾ ਸੀ,''ਰੂਸ ਦੇ ਦੋਸਤ ਲੋਕਾਂ ਨੂੰ ਨਮਸਕਾਰ। ਮੈਂ ਕੱਲ ਸੋਚੀ 'ਚ ਆਪਣੇ ਦੌਰੇ ਅਤੇ ਰਾਸ਼ਟਰਪਤੀ ਪੁਤਿਨ ਨਾਲ ਆਪਣੀ ਮੁਲਾਕਾਤ ਪ੍ਰਤੀ ਆਸ਼ਾਵਾਦੀ ਹਾਂ। ਉਨ੍ਹਾਂ ਨਾਲ ਮਿਲਣਾ ਮੇਰੇ ਲਈ ਹਮੇਸ਼ਾ ਚੰਗਾ ਰਿਹਾ ਹੈ।'' ਉਨ੍ਹਾਂ ਲਿਖਿਆ ਕਿ ਪ੍ਰਮਾਣੂੰ ਸਮਝੌਤੇ 'ਚੋਂ ਅਮਰੀਕਾ ਦੇ ਹਟਣ ਨਾਲ ਭਾਰਤ ਅਤੇ ਰੂਸ 'ਤੇ ਪੈਣ ਵਾਲਾ ਆਰਥਿਕ ਪ੍ਰਭਾਵ , ਸੀਰੀਆ ਅਤੇ ਅਫਗਾਨਿਸਤਾਨ ਦੇ ਹਾਲਾਤ, ਅੱਤਵਾਦ ਦੇ ਖਤਰੇ, ਸ਼ਿੰਘਾਈ ਸਹਿਯੋਗ ਸੰਗਠਨ ਅਤੇ ਬ੍ਰਿਕਸ ਸੰਮੇਲਨ ਨਾਲ ਸੰਬੰਧਤ ਮੁੱਦਿਆਂ 'ਤੇ ਗੱਲਬਾਤ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦਈਏ ਕਿ ਪੀ. ਐੱਮ. ਮੋਦੀ ਚੌਥੀ ਵਾਰ ਰੂਸ ਦੌਰੇ 'ਤੇ ਗਏ ਹਨ।


Related News