ਅਮਰੀਕਾ ਨੇ ਇਕ ਪੰਜਾਬੀ ਨੂੰ ਕੀਤਾ ਡਿਪੋਰਟ, ਇਹ ਗਲਤੀ ਪਈ ਭਾਰੀ

05/21/2018 3:47:31 PM

ਕਪੂਰਥਲਾ/ ਵਾਸ਼ਿੰਗਟਨ— ਪੰਜਾਬ ਦੇ ਇਕ ਵਿਅਕਤੀ ਨੂੰ ਗਲਤ ਤਰੀਕੇ ਨਾਲ ਅਮਰੀਕਾ 'ਚ ਰਹਿਣਾ ਭਾਰੀ ਪੈ ਗਿਆ ਹੈ। ਟਰੰਪ ਵੱਲੋਂ ਹਾਲ ਹੀ 'ਚ ਕੀਤੀ ਜਾ ਰਹੀ ਸਖਤੀ ਦਾ ਅਸਰ ਹੁਣ ਦਿਸਣ ਲੱਗਾ ਹੈ। ਕਪੂਰਥਲਾ ਜ਼ਿਲ੍ਹੇ ਦਾ ਰਹਿਣ ਵਾਲਾ ਇਹ ਵਿਅਕਤੀ 11 ਦੇਸ਼ਾਂ ਨੂੰ ਲੰਘ ਕੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਗਿਆ ਸੀ, ਜਿਸ ਨੂੰ ਹੁਣ ਅਮਰੀਕਾ ਨੇ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਹੈ। ਹਰਪ੍ਰੀਤ ਸਿੰਘ ਨਾਂ ਦਾ ਇਹ ਪੰਜਾਬੀ ਇਕ ਏਜੰਟ ਦੀ ਮਦਦ ਨਾਲ ਵਿਦੇਸ਼ ਗਿਆ ਸੀ। ਸ਼ਨੀਵਾਰ ਜਦੋਂ ਉਹ ਯੂਨਾਈਟਡ ਏਅਰਲਾਈਨਜ਼ ਫਲਾਈਟ ਯੂ .ਏ. 82 ਰਾਹੀਂ ਦਿੱਲੀ ਹਵਾਈ ਅੱਡੇ 'ਤੇ ਉਤਰਿਆ, ਤਾਂ ਇਮੀਗ੍ਰੇਸ਼ਨ ਵਿਭਾਗ ਨੇ ਉਸ ਨੂੰ ਦਿੱਲੀ ਪੁਲਸ ਹਵਾਲੇ ਕਰ ਦਿੱਤਾ।

ਇਕ ਅਧਿਕਾਰੀ ਮੁਤਾਬਕ, ਹਰਪ੍ਰੀਤ 20 ਅਗਸਤ, 2016 ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਵੈਲਿਡ ਪਾਸਪੋਰਟ 'ਤੇ ਬ੍ਰਾਜ਼ੀਲ ਲਈ ਰਵਾਨਾ ਹੋਇਆ ਸੀ, ਜਿੱਥੋਂ ਉਸ ਨੇ ਅਮਰੀਕਾ 'ਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦਾ ਰਸਤਾ ਲੱਭਣਾ ਸ਼ੁਰੂ ਕੀਤਾ। ਬ੍ਰਾਜ਼ੀਲ ਤੋਂ ਨਿਕਲ ਕੇ ਹਰਪ੍ਰੀਤ ਸਿੰਘ ਬੋਲਵੀਆ ਪਹੁੰਚਿਆ ਅਤੇ ਇੱਥੇ ਉਸ ਨੇ ਪੰਜਾਬ 'ਚ ਬੈਠੇ ਏਜੰਟ ਕੋਲੋਂ ਸੜਕ ਰਾਹੀਂ ਅਮਰੀਕਾ ਪਹੁੰਚਣ ਦੀ ਮਦਦ ਮੰਗੀ। ਫਿਰ ਲੀਮਾ ਅਤੇ ਪੇਰੂ ਪਹੁੰਚਾ। ਇਸ ਮਗਰੋਂ ਉਹ ਇਕਵਾਡੋਰ, ਕੋਲੰਬੀਆ ਤੋਂ ਪਨਾਮਾ ਹੁੰਦੇ ਹੋਏ ਕੋਸਟਾ ਰਿਕਾ ਪਹੁੰਚਿਆ। ਇੱਥੋਂ ਉਹ ਹੇਂਡੂਰਾਸ 'ਚ ਦਾਖਲ ਹੋਇਆ ਅਤੇ ਗੁਆਟੇਮਾਲਾ ਗਿਆ। ਅਖੀਰ 'ਚ ਉਹ ਮੈਕਸੀਕੋ ਪਹੁੰਚਾ ਅਤੇ ਇੱਥੋਂ ਗੈਰ-ਕਾਨੂੰਨੀ ਤਰੀਕੇ ਨਾਲ ਉਹ ਕਿਸ਼ਤੀ ਰਾਹੀਂ ਅਮਰੀਕਾ ਪਹੁੰਚ ਗਿਆ। ਅਧਿਕਾਰੀ ਮੁਤਾਬਕ, ਮੈਕਸੀਕੋ ਦਾ ਇਹ ਸਾਰਾ ਸਫਰ ਪੂਰਾ ਕਰਨ 'ਚ ਉਸ ਨੂੰ ਇਕ ਮਹੀਨਾ ਤੋਂ ਵਧ ਸਮਾਂ ਲੱਗਾ। ਇਸ ਦੌਰਾਨ ਉਸ ਦਾ ਪਾਸਪੋਰਟ ਕਿਸੇ ਨੇ ਚੋਰੀ ਕਰ ਲਿਆ ਅਤੇ ਉਸ ਨੇ ਮਦਦ ਲਈ ਭਾਰਤ 'ਚ ਆਪਣੇ ਏਜੰਟ ਨਾਲ ਗੱਲਬਾਤ ਕੀਤੀ। ਏਜੰਟ ਨੇ ਉਸ ਨੂੰ ਜਾਅਲੀ ਪਾਸਪੋਰਟ ਬਣਾ ਕੇ ਦਿੱਤਾ। ਅਮਰੀਕਾ ਦੇ ਇਕ ਸਟੋਰ 'ਚ ਉਸ ਨੇ 15 ਮਹੀਨੇ ਕੰਮ ਕੀਤਾ ਅਤੇ ਇਸ ਮਗਰੋਂ ਅਮਰੀਕੀ ਪੁਲਸ ਨੇ ਉਸ ਨੂੰ ਹਿਰਾਸਤ 'ਚ ਲਿਆ। ਹਰਪ੍ਰੀਤ ਨੇ ਮੰਨ ਲਿਆ ਕਿ ਉਹ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਆਇਆ ਸੀ ਅਤੇ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨਾ ਚਾਹੁੰਦਾ ਸੀ।


Related News