ਜਹਾਜ਼ ਹਾਦਸੇ ਮਗਰੋਂ ਕਿਊਬਾ 'ਚ ਫਸੇ ਕਈ ਕੈਨੇਡੀਅਨ ਨਾਗਰਿਕ

05/21/2018 3:43:39 PM

ਮਾਂਟਰੀਅਲ— ਕੈਨੇਡਾ ਦੇ ਕਈ ਸੈਲਾਨੀ ਕਿਊਬਾ 'ਚ ਫਸੇ ਹੋਏ ਹਨ, ਇੱਥੇ ਸ਼ੁੱਕਰਵਾਰ ਨੂੰ ਇਕ ਜਹਾਜ਼ ਹਾਦਸੇ 'ਚ 100 ਤੋਂ ਵਧੇਰੇ ਯਾਤਰੀਆਂ ਦੀ ਮੌਤ ਹੋ ਗਈ ਸੀ। ਕਿਊਬਾ 'ਚ ਘੁੰਮਣ-ਫਿਰਨ ਆਏ ਕੈਨੇਡੀਅਨਾਂ ਨੇ ਦੱਸਿਆ ਕਿ ਇਸ ਘਟਨਾ ਮਗਰੋਂ ਉਹ ਵਾਪਸ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਨ ਪਰ ਅਜੇ ਤਕ ਜਾ ਨਹੀਂ ਸਕੇ। ਕਿਊਬਾ 'ਚ ਹੋਏ ਜਹਾਜ਼ ਹਾਦਸੇ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਨਾਲ ਡਰਾ ਦਿੱਤਾ ਹੈ, ਅਜਿਹਾ 30 ਸਾਲਾਂ 'ਚ ਪਹਿਲੀ ਵਾਰ ਹੋਇਆ ਕਿ ਇਕ ਜਹਾਜ਼ ਹਾਦਸੇ 'ਚ ਇੰਨੇ ਲੋਕਾਂ ਦੀ ਜਾਨ ਗਈ ਹੋਵੇ। ਕੈਨੇਡਾ ਦੇ ਮਾਂਟਰੀਅਲ ਤੋਂ ਕਿਊਬਾ ਘੁੰਮਣ ਆਈ ਨੈਨਸੀ ਚਾਰਲੈਂਡ ਨਾਂ ਦੀ ਔਰਤ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਆਪਣੇ ਘਰ ਵਾਪਸ ਜਾਣਾ ਚਾਹੁੰਦੀ ਸੀ ਪਰ ਹਾਦਸੇ ਮਗਰੋਂ ਹੁਣ ਤਕ ਅਧਿਕਾਰੀਆਂ ਨੇ ਉਸ ਨੂੰ ਇਸ ਸੰਬੰਧੀ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਦੋਂ ਵਾਪਸ ਕੈਨੇਡਾ ਜਾ ਸਕੇਗੀ। ਉਸ ਨੇ ਦੱਸਿਆ ਕਿ ਇਸ ਸਮੇਂ ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਹੈ ਅਤੇ ਆਪਣੇ ਘਰ ਵਾਪਸ ਜਾਣਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਉਹ ਕਈ ਰਾਤਾਂ ਤੋਂ ਜਾਗ ਰਹੀ ਹੈ ਅਤੇ ਰੋ ਰਹੀ ਹੈ।  ਉਸ ਨੇ ਦੱਸਿਆ ਕਿ ਕਾਇਲੋ ਲਾਰਗੋ ਡੇ ਸੁਰ ਟਾਪੂ 'ਚ ਹੀ ਹੋਰ 150 ਕੈਨੇਡੀਅਨ ਰੁਕੇ ਹੋਏ ਹਨ। 

PunjabKesari
ਮਾਇਕਲ ਰੈਨਾਰਡ ਨਾਂ ਦੇ ਕੈਨੇਡੀਅਨ ਵਿਅਕਤੀ ਨੇ ਦੱਸਿਆ ਕਿ ਉਸ ਨੇ ਇਕ ਟਰੈਵਲ ਏਜੰਸੀ ਦੀ ਮਦਦ ਨਾਲ ਇੱਥੇ ਆਉਣ ਦਾ ਪ੍ਰਬੰਧ ਕੀਤਾ ਸੀ ਪਰ ਹੁਣ ਉਸ ਨੂੰ ਇਸ ਸੰਬੰਧੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਜਾਣਕਾਰੀ ਲੈ ਕੇ ਲਾਰਾ ਲਗਾ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਨੂੰ ਜਲਦੀ ਭੇਜ ਦਿੱਤਾ ਜਾਵੇਗਾ, ਪਰ ਕੋਈ ਉਨ੍ਹਾਂ ਦੀ ਗੱਲ ਸੁਣ ਹੀ ਨਹੀਂ ਰਿਹਾ।


Related News