ਨੀਰਵ ਮੋਦੀ ਘੋਟਾਲੇ ਦਾ ਅਸਰ, PNB ਦੀ ਸਾਖ ਨੂੰ ਲੱਗਾ ਝਟਕਾ

05/21/2018 3:27:14 PM

ਨਵੀਂ ਦਿੱਲੀ— ਕੌਮਾਂਤਰੀ ਰੇਟਿੰਗ ਏਜੰਸੀ ਮੂਡੀਜ਼ ਨੇ ਨੀਰਵ ਮੋਦੀ ਘੋਟਾਲੇ ਦੀ ਵਜ੍ਹਾ ਨਾਲ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੂੰ ਹੋਏ ਨੁਕਸਾਨ ਦਾ ਹਵਾਲੇ ਦਿੰਦੇ ਹੋਏ ਬੈਂਕ ਦੀ ਸਾਖ (ਰੇਟਿੰਗ) ਘਟਾ ਦਿੱਤੀ ਹੈ। ਮੂਡੀਜ਼ ਨੇ ਬੈਂਕ ਦੇ ਅੰਦਰੂਨੀ ਕੰਟਰੋਲ ਨੂੰ ਵੀ ਕਮਜ਼ੋਰ ਦੱਸਿਆ ਹੈ। ਹਾਲਾਂਕਿ ਏਜੰਸੀ ਨੇ ਬੈਂਕ ਦੇ ਰੇਟਿੰਗ ਆਊਟਲੁਕ ਨੂੰ ਸਥਿਰ ਰੱਖਿਆ ਹੈ, ਜੋ ਇਹ ਦਰਸਾਉਂਦਾ ਹੈ ਕਿ ਬੈਂਕ 'ਚ ਹੋਈ ਧੋਖਾਧੜੀ ਦੇ ਨਾਂਹ-ਪੱਖੀ ਅਸਰ ਨੂੰ ਬਹੁਤ ਹੱਦ ਤਕ ਘੱਟ ਕਰ ਲਿਆ ਗਿਆ ਹੈ। ਏਜੰਸੀ ਨੇ ਪੀ. ਐੱਨ. ਬੀ. ਦੀ ਰੇਟਿੰਗ ਨੂੰ ਬੀ. ਏ. ਏ. 3/ਪੀ-3 ਤੋਂ ਘਟਾ ਕੇ ਬੀ. ਏ.1/ਐੱਨ. ਪੀ. ਕਰ ਦਿੱਤਾ ਹੈ।
ਇਸ ਸਾਲ ਫਰਵਰੀ 'ਚ ਪੰਜਾਬ ਨੈਸ਼ਨਲ ਬੈਂਕ 'ਚ 11,390 ਕਰੋੜ ਰੁਪਏ ਦਾ ਘੋਟਾਲਾ ਸਾਹਮਣੇ ਆਇਆ ਸੀ, ਜਿਸ ਦੀ ਰਾਸ਼ੀ ਬਾਅਦ 'ਚ ਵਧ ਕੇ 14,400 ਕਰੋੜ ਰੁਪਏ 'ਤੇ ਪਹੁੰਚ ਗਈ। ਬੈਂਕ 'ਚ ਘੋਟਾਲਾ ਸਾਹਮਣੇ ਆਉਣ ਦੇ ਬਾਅਦ ਮੂਡੀਜ਼ ਨੇ 20 ਫਰਵਰੀ 2018 ਨੂੰ ਬੈਂਕ ਦੀ ਸਾਖ ਦੀ ਸਮੀਖਿਆ ਸ਼ੁਰੂ ਕੀਤੀ ਸੀ। ਰੇਟਿੰਗ ਏਜੰਸੀ ਨੂੰ ਉਮੀਦ ਹੈ ਕਿ ਬੈਂਕ ਨੂੰ ਸਰਕਾਰ ਤੋਂ ਕੁਝ ਪੂੰਜੀ ਸਮਰਥਨ ਮਿਲੇਗਾ ਅਤੇ ਬੈਂਕ ਹੋਰ ਸਾਧਨਾਂ ਜ਼ਰੀਏ ਵੀ ਪੂੰਜੀ ਜੁਟਾ ਸਕੇਗਾ। ਹਾਲਾਂਕਿ ਇਨ੍ਹਾਂ ਸਾਧਨਾਂ ਜ਼ਰੀਏ ਪੂੰਜੀ ਜੁਟਾਉਣ ਦੇ ਬਾਅਦ ਵੀ ਬੈਂਕ ਦਾ ਪੂੰਜੀਕਰਨ ਧੋਖਾਧੜੀ ਸਾਹਮਣੇ ਆਉਣ ਤੋਂ ਪਹਿਲਾਂ ਦੇ ਪੱਧਰ 'ਤੇ ਨਹੀਂ ਪਹੁੰਚ ਸਕੇਗਾ। ਰਿਪੋਰਟ 'ਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਬੈਂਕ ਨੂੰ ਵਿੱਤੀ ਸਾਲ 2018-19 'ਚ ਤਕਰੀਬਨ 12,000 ਤੋਂ 13,000 ਕਰੋੜ ਰੁਪਏ ਦੀ ਪੂੰਜੀ ਦੀ ਜ਼ਰੂਰਤ ਹੋਵੇਗੀ। ਮੂਡੀਜ਼ ਦਾ ਅੰਦਾਜ਼ਾ ਹੈ ਕਿ ਪੂੰਜੀ ਦੀ ਭਾਰੀ ਕਮੀ ਕਾਰਨ ਪੀ. ਐੱਨ. ਬੀ. ਦੀ ਅਗਲੇ ਸਾਲ ਆਪਣੇ ਕਰਜ਼ੇ ਨੂੰ ਵਧਾਉਣ ਦੀ ਸਮਰੱਥਾ ਪ੍ਰਭਾਵਿਤ ਹੋਵੇਗੀ।


Related News