ਲੋਨ ਲੈਣ ਵਾਲੇ ਹੋਏ ਘੱਟ, ਕ੍ਰੈਡਿਟ ਕਾਰਡ ਹੋ ਰਹੇ ਪਾਪੂਲਰ

05/21/2018 2:38:29 PM

ਨਵੀਂ ਦਿੱਲੀ— ਕਈ ਬੈਂਕਾਂ ਦੇ ਕਰਜ਼ੇ ਦੀ ਗ੍ਰੋਥ ਸਥਿਰ ਰਹੀ ਹੈ। ਉੱਥੇ ਹੀ ਆਨਲਾਈਨ ਵਿਕਰੀ 'ਚ ਕ੍ਰੈਡਿਟ ਕਾਰਡ ਜ਼ਰੀਏ ਖਰਚ ਵਧਿਆ ਹੈ। ਈ-ਕਾਮਰਸ ਕੰਪਨੀਆਂ ਵੱਲੋਂ ਖਰੀਦ 'ਤੇ ਛੋਟ ਅਤੇ ਆਸਾਨੀ ਨਾਲ ਕਿਸ਼ਤਾਂ 'ਤੇ ਸਾਮਾਨ ਮਿਲਣ ਕਾਰਨ ਲੋਕਾਂ 'ਚ ਕ੍ਰੈਡਿਟ ਕਾਰਡ ਤੇਜ਼ੀ ਨਾਲ ਪਾਪੂਲਰ ਹੋ ਰਹੇ ਹਨ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਜ਼ਿਆਦਾਤਰ ਖੇਤਰਾਂ ਦੇ ਕਰਜ਼ੇ 'ਚ ਗ੍ਰੋਥ ਨਕਾਰਾਤਮਕ ਰਹੀ ਹੈ, ਜਦੋਂ ਕਿ ਕ੍ਰੈਡਿਟ ਕਾਰਡ ਦੀ ਗ੍ਰੋਥ 30 ਫੀਸਦੀ ਤੋਂ ਜ਼ਿਆਦਾ ਰਹੀ ਹੈ। 
ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਕਾਰਡ ਦੇ ਖੇਤਰ 'ਚ ਸਭ ਤੋਂ ਵੱਡੇ ਬੈਂਕ ਐੱਚ. ਡੀ. ਐੱਫ. ਸੀ. ਬੈਂਕ ਦੇ ਕਾਰਡਾਂ ਦੀ ਗਿਣਤੀ 31 ਮਾਰਚ 2018 ਤਕ 25 ਫੀਸਦੀ ਵਧ ਕੇ 1.1 ਕਰੋੜ ਹੋ ਗਈ ਹੈ। ਐੱਸ. ਬੀ. ਆਈ. ਕਾਰਡ ਦੇ ਐੱਮ. ਡੀ. ਅਤੇ ਸੀ. ਈ. ਓ. ਹਰਦਿਆਲ ਪ੍ਰਸਾਦ ਮੁਤਾਬਕ ਵਿੱਤੀ ਸਾਲ 2017 ਅਤੇ ਵਿੱਤੀ ਸਾਲ 2018 ਵਿਚਕਾਰ ਐੱਸ. ਬੀ. ਆਈ. ਕਾਰਡਾਂ ਦੀ ਗਿਣਤੀ 40 ਫੀਸਦੀ ਵਧੀ ਹੈ, ਜਦੋਂ ਕਿ ਔਸਤ ਮਹੀਨਾਵਾਰ ਖਰਚ 4,000 ਤੋਂ ਵਧ ਕੇ 7,000 ਰੁਪਏ ਹੋ ਗਿਆ ਹੈ। ਕਾਰਡ 'ਤੇ ਅਸਾਨ ਈ. ਐੱਮ. ਆਈ. ਸੁਵਿਧਾ ਦਿੱਤੇ ਜਾਣ ਨਾਲ ਲੋਕ ਇਸ ਨੂੰ ਚੁਣ ਰਹੇ ਹਨ।
ਈ. ਐੱਮ. ਆਈ. ਸੁਵਿਧਾ ਕਾਰਨ ਘੱਟ ਤਨਖਾਹ ਪਾਉਣ ਵਾਲੇ ਅਤੇ ਸਵੈ-ਰੁਜ਼ਗਾਰ ਕਰਨ ਵਾਲੇ ਵੱਡੇ ਪੱਧਰ 'ਤੇ ਇਸ ਕਾਰਡ ਦਾ ਇਸਤੇਮਾਲ ਕਰ ਰਹੇ ਹਨ। ਈ-ਕਾਮਰਸ ਖੇਤਰ ਨੇ ਕ੍ਰੈਡਿਟ ਕਾਰਡ ਦੀ ਗ੍ਰੋਥ 'ਚ ਅਹਿਮ ਯੋਗਦਾਨ ਦਿੱਤਾ ਹੈ। ਕ੍ਰੈਡਿਟ ਕਾਰਡ ਜ਼ਰੀਏ ਕੀਤੇ ਗਏ ਕੁੱਲ ਖਰਚ 'ਚ 40-45 ਫੀਸਦੀ ਖਰਚ ਈ-ਕਾਮਰਸ 'ਤੇ ਹੋ ਰਿਹਾ ਹੈ। 31 ਮਾਰਚ 2018 ਨੂੰ ਕ੍ਰੈਡਿਟ ਕਾਰਡ ਜ਼ਰੀਏ ਕੁੱਲ ਕਰਜ਼ਾ 686 ਅਰਬ ਰੁਪਏ ਸੀ, ਜਦੋਂ ਕਿ 31 ਮਾਰਚ 2017 ਨੂੰ ਇਹ 521 ਅਰਬ ਰੁਪਏ ਸੀ। ਇਸ ਤਰ੍ਹਾਂ ਸਾਲਾਨਾ ਆਧਾਰ 'ਤੇ ਇਸ 'ਚ 31 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।


Related News