ਸ਼੍ਰੀ ਕ੍ਰਿਸ਼ਨ ਸੱਤਿਆਭਾਮਾ ਨੂੰ ਬੋਲੇ—ਤੂੰ ਮੈਨੂੰ ਨਮਕ ਵਰਗੀ ਲੱਗਦੀ ਏਂ

05/20/2018 8:51:13 AM

ਜਲੰਧਰ— ਇਕ ਵਾਰ ਸੱਤਿਆਭਾਮਾ ਨੇ ਸ਼੍ਰੀ ਕ੍ਰਿਸ਼ਨ ਨੂੰ ਪੁੱਛਿਆ,''ਮੈਂ ਤੁਹਾਨੂੰ ਕਿਹੋ ਜਿਹੀ ਲੱਗਦੀ ਹਾਂ?'' ਸ਼੍ਰੀ ਕ੍ਰਿਸ਼ਨ ਬੋਲੇ,''ਨਮਕ ਵਰਗੀ ਲੱਗਦੀ ਏਂ।'' ਇਹ ਤੁਲਨਾ ਸੁਣ ਕੇ ਸੱਤਿਆਭਾਮਾ ਗੁੱਸੇ ਵਿਚ ਆ ਗਈ। ਤੁਲਨਾ ਕੀਤੀ ਵੀ ਤਾਂ ਕਿਸ ਨਾਲ? ਸ਼੍ਰੀ ਕ੍ਰਿਸ਼ਨ ਨੇ ਕਿਸੇ ਤਰ੍ਹਾਂ ਸੱਤਿਆਭਾਮਾ ਨੂੰ ਮਨਾ ਲਿਆ ਅਤੇ ਉਸ ਦਾ ਗੁੱਸਾ ਸ਼ਾਂਤ ਕੀਤਾ। ਕੁਝ ਦਿਨਾਂ ਬਾਅਦ ਸ਼੍ਰੀ ਕ੍ਰਿਸ਼ਨ ਨੇ ਆਪਣੇ ਮਹੱਲ ਵਿਚ ਭੋਜ ਰੱਖਿਆ। ਸਭ ਤੋਂ ਪਹਿਲਾਂ ਸੱਤਿਆਭਾਮਾ ਨੂੰ ਭੋਜਨ ਸ਼ੁਰੂ ਕਰਨ ਦੀ ਬੇਨਤੀ ਕੀਤੀ। ਸੱਤਿਆਭਾਮਾ ਨੇ ਪਹਿਲੀ ਬੁਰਕੀ ਮੂੰਹ ਵਿਚ ਪਾਈ ਪਰ ਇਹ ਕੀ? ਸਬਜ਼ੀ ਵਿਚ ਤਾਂ ਨਮਕ ਹੀ ਨਹੀਂ ਸੀ। ਉਸ ਨੇ ਬੁਰਕੀ ਮੂੰਹ ਵਿਚੋਂ ਕੱਢ ਦਿੱਤੀ। ਫਿਰ ਦੂਜੀ ਬੁਰਕੀ ਕਿਸੇ ਹੋਰ ਸਬਜ਼ੀ ਨਾਲ ਮੂੰਹ ਵਿਚ ਪਾਈ। ਉਸ ਨੂੰ ਚਬਾਉਂਦੇ-ਚਬਾਉਂਦੇ ਵੀ ਬੁਰਾ ਜਿਹਾ ਮੂੰਹ ਬਣਾਇਆ। ਇਸ ਵਾਰ ਪਾਣੀ ਦਾ ਘੁੱਟ ਭਰ ਕੇ ਕਿਸੇ ਤਰ੍ਹਾਂ ਬੁਰਕੀ ਗਲੇ ਤੋਂ ਹੇਠਾਂ ਉਤਰੀ। ਹੁਣ ਤੀਜੀ ਬੁਰਕੀ ਮੂੰਹ ਵਿਚ ਪਾਈ ਤਾਂ ਫਿਰ ਥੁੱਕ ਦਿੱਤੀ। ਹੁਣ ਤਕ ਸੱਤਿਆਭਾਮਾ ਦਾ ਪਾਰਾ ਸੱਤਵੇਂ ਆਸਮਾਨ ਤਕ ਪਹੁੰਚ ਚੁੱਕਾ ਸੀ। ਉਹ ਜ਼ੋਰ ਨਾਲ ਚੀਕੀ ਅਤੇ ਬੋਲੀ,''ਕਿਸ ਨੇ ਬਣਾਇਆ ਹੈ ਇਹ ਭੋਜਨ?''ਸੱਤਿਆਭਾਮਾ ਦੀ ਆਵਾਜ਼ ਸੁਣ ਕੇ ਸ਼੍ਰੀ ਕ੍ਰਿਸ਼ਨ ਦੌੜਦੇ ਹੋਏ ਉਸ ਕੋਲ ਆਏ ਅਤੇ ਬੋਲੇ,''ਕੀ ਹੋਇਆ ਦੇਵੀ, ਇੰਨੀ ਗੁੱਸੇ ਵਿਚ ਕਿਉਂ ਏਂ?'' ਸੱਤਿਆਭਾਮਾ ਨੇ ਕਿਹਾ,''ਇਸ ਤਰ੍ਹਾਂ ਬਿਨਾਂ ਨਮਕ ਦੇ ਵੀ ਭੋਜਨ ਬਣਦਾ ਹੈ? ਇਕ ਬੁਰਕੀ ਵੀ ਨਹੀਂ ਖਾਧੀ ਗਈ।'' ਸ਼੍ਰੀ ਕ੍ਰਿਸ਼ਨ ਨੇ ਬੜੀ ਮਾਸੂਮੀਅਤ ਨਾਲ ਪੁੱਛਿਆ,''ਨਮਕ ਨਹੀਂ ਤਾਂ ਕੀ ਹੋਇਆ, ਬਿਨਾਂ ਨਮਕ ਦੇ ਹੀ ਖਾ ਲੈਂਦੀ। ਉਸ ਦਿਨ ਕਿਉਂ ਗੁੱਸੇ ਹੋ ਗਈ ਸੀ ਜਦੋਂ ਮੈਂ ਤੈਨੂੰ ਕਿਹਾ ਸੀ ਕਿ ਤੂੰ ਮੈਨੂੰ ਨਮਕ ਜਿੰਨੀ ਪਿਆਰੀ ਏਂ?'' ਸੱਤਿਆਭਾਮਾ ਹੈਰਾਨੀ ਨਾਲ ਸ਼੍ਰੀ ਕ੍ਰਿਸ਼ਨ ਵੱਲ ਦੇਖਣ ਲੱਗੀ। ਕ੍ਰਿਸ਼ਨ ਬੋਲਦੇ ਗਏ,''ਇਸਤਰੀ ਜਲ ਵਾਂਗ ਹੁੰਦੀ ਹੈ। ਜਿਸ ਦੇ ਨਾਲ ਮਿਲਦੀ ਹੈ, ਉਸ ਦਾ ਹੀ ਗੁਣ ਅਪਣਾ ਲੈਂਦੀ ਹੈ। ਇਸਤਰੀ ਨਮਕ ਵਾਂਗ ਹੁੰਦੀ ਹੈ, ਜੋ ਆਪਣੀ ਹੋਂਦ ਮਿਟਾ ਕੇ ਵੀ ਆਪਣੇ ਪ੍ਰੇਮ-ਪਿਆਰ ਤੇ ਆਦਰ-ਸਤਿਕਾਰ ਨਾਲ ਚੰਗਾ ਪਰਿਵਾਰ ਬਣਾ ਦਿੰਦੀ ਹੈ। ਇਸਤਰੀ ਆਪਣਾ ਸਭ ਕੁੱਝ ਗੁਆ ਕੇ ਵੀ ਕਿਸੇ ਦੀ ਜਾਣ-ਪਛਾਣ ਦੀ ਮੁਥਾਜ ਨਹੀਂ ਹੁੰਦੀ।'' ਹੁਣ ਸੱਤਿਆਭਾਮਾ ਨੂੰ ਵੀ ਸ਼੍ਰੀ ਕ੍ਰਿਸ਼ਨ ਦੀ ਗੱਲ ਦਾ ਭੇਤ ਸਮਝ ਆ ਗਿਆ।


Related News