ਭਾਰਤ ਦੀ ਕੱਪੜਾ ਦਰਾਮਦ ਮਾਰਚ ''ਚ 24 ਫ਼ੀਸਦੀ ਵਧੀ

04/22/2018 8:26:52 AM

ਨਵੀਂ ਦਿੱਲੀ - ਪਿਛਲੇ ਵਿੱਤੀ ਸਾਲ ਦੇ ਆਖਰੀ ਮਹੀਨੇ ਮਾਰਚ 'ਚ ਦੇਸ਼ 'ਚ ਕੱਪੜੇ ਦੀ ਦਰਾਮਦ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 24 ਫ਼ੀਸਦੀ ਵਧੀ, ਜਦੋਂ ਕਿ ਪੂਰੇ ਵਿੱਤੀ ਸਾਲ 'ਚ 17 ਫ਼ੀਸਦੀ ਸਾਲਾਨਾ ਦਰ ਨਾਲ ਵਾਧਾ ਦਰਜ ਕੀਤਾ ਗਿਆ। 
ਫੈੱਡਰੇਸ਼ਨ ਆਫ ਇੰਡੀਅਨ ਟੈਕਸਟਾਈਲ ਇੰਡਸਟਰੀ (ਸੀ. ਆਈ. ਟੀ. ਆਈ.) ਦੇ ਚੇਅਰਮੈਨ ਸੰਜੈ ਜੈਨ ਨੇ ਕੱਪੜੇ ਦੀ ਦਰਾਮਦ 'ਚ ਵਾਧੇ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਵਸਤੂ ਤੇ ਸੇਵਾ ਕਰ (ਜੀ. ਐੱਸ. ਟੀ.) ਲਾਗੂ ਹੋਣ ਮਗਰੋਂ ਭਾਰਤ 'ਚ ਦਰਾਮਦ ਸਸਤੀ ਹੋ ਗਈ ਹੈ, ਜਿਸ ਦਾ ਫਾਇਦਾ ਬੰਗਲਾਦੇਸ਼ ਅਤੇ ਚੀਨ ਵਰਗੇ ਕੱਪੜਿਆਂ ਦੇ ਪ੍ਰਮੁੱਖ ਉਤਪਾਦਕਾਂ ਨੂੰ ਮਿਲ ਰਿਹਾ ਹੈ। 
ਡਾਇਰੈਕਟੋਰੇਟ ਜਨਰਲ ਆਫ ਕਮਰਸ਼ੀਅਲ ਇੰਟੈਲੀਜੈਂਸ ਐਂਡ ਸਟੈਟਿਸਟਿਕਸ (ਡੀ. ਜੀ. ਸੀ. ਆਈ. ਐਂਡ ਐੱਸ.) ਦੇ ਅੰਕੜਿਆਂ ਮੁਤਾਬਕ ਮਾਰਚ 2018 'ਚ ਟੈਕਸਟਾਈਲ ਯਾਰਨ, ਫੈਬਰਿਕ ਮੇਡ-ਅਪਸ ਦੀ ਦਰਾਮਦ 'ਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਉਕਤ ਵਾਧਾ ਹੋਇਆ ਹੈ। ਪਿਛਲੇ ਮਹੀਨੇ ਟੈਕਸਟਾਈਲ ਯਾਰਨ, ਫੈਬਰਿਕ ਮੇਡ-ਅਪਸ ਦੀ ਕੁਲ ਦਰਾਮਦ ਦਾ ਮੁੱਲ 937 ਕਰੋੜ ਰੁਪਏ ਰਿਹਾ, ਜਦੋਂ ਕਿ ਮਾਰਚ 2017 'ਚ ਕੁਲ ਦਰਾਮਦ ਦਾ ਮੁੱਲ 757 ਕਰੋੜ ਰੁਪਏ ਸੀ। ਵਿੱਤੀ ਸਾਲ 2016-17 'ਚ ਭਾਰਤ ਨੇ 10,079 ਕਰੋੜ ਰੁਪਏ ਮੁੱਲ ਦਾ ਟੈਕਸਟਾਈਲ ਯਾਰਨ, ਫੈਬਰਿਕ ਮੇਡ-ਅਪਸ ਦਰਾਮਦ ਕੀਤੀ ਸੀ ਜੋ 17 ਫ਼ੀਸਦੀ ਵਧ ਕੇ 2017-18 'ਚ 11,838 ਕਰੋੜ ਰੁਪਏ ਹੋ ਗਈ ਹੈ।


Related News