ਲਿਫਟਿੰਗ ਠੱਪ ; ਦਾਣਾ ਮੰਡੀ ਬੋਰੀਆਂ ਨਾਲ ਭਰੀ ਨੱਕੋ-ਨੱਕ

04/22/2018 8:12:55 AM

ਸ੍ਰੀ ਮੁਕਤਸਰ ਸਾਹਿਬ  (ਪਵਨ, ਸੁਖਪਾਲ) - ਭਾਵੇਂ ਪੰਜਾਬ ਸਰਕਾਰ ਅਤੇ ਮੰਡੀਕਰਨ ਬੋਰਡ ਵੱਲੋਂ ਇਹ ਵਾਅਦੇ ਕੀਤੇ ਜਾ ਰਹੇ ਸਨ ਕਿ ਕਣਕ ਦੀ ਖਰੀਦ ਸਮੇਂ ਇਸ ਵਾਰ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਸਮੇਂ ਸਿਰ ਕਣਕ ਦੀ ਬੋਲੀ ਲੱਗੇਗੀ ਅਤੇ ਨਾਲੋਂ-ਨਾਲ ਹੀ ਕਣਕ ਨਾਲ ਭਰੀਆਂ ਬੋਰੀਆਂ ਟਰੱਕਾਂ ਤੇ ਟਰਾਲੀਆਂ ਵਿਚ ਲੱਦ ਕੇ ਮੰਡੀਆਂ 'ਚੋਂ ਚੁੱਕੀਆਂ ਜਾਣਗੀਆਂ ਪਰ ਸਰਕਾਰ ਦੇ ਇਹ ਦਾਅਵੇ ਬਿਲਕੁਲ ਹੀ ਠੁਸ ਹੋ ਗਏ ਜਾਪਦੇ ਹਨ ਕਿਉਂਕਿ ਅਜਿਹਾ ਕਿਧਰੇ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ ਵਿਚ ਸਭ ਪਾਸੇ ਲਿਫਟਿੰਗ ਦਾ ਹਾਲ ਮਾੜਾ ਹੀ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲੇ 'ਚ ਲਗਭਗ 119 ਖਰੀਦ ਕੇਂਦਰਾਂ ਵਿਚ ਕਣਕ ਆਈ ਹੋਈ ਹੈ ਅਤੇ ਹਰ ਥਾਂ 'ਤੇ ਹੀ ਲਿਫਟਿੰਗ ਦੀ ਸਮੱਸਿਆ ਖੜ੍ਹੀ ਹੋ ਰਹੀ ਹੈ। ਇਸ ਜ਼ਿਲੇ ਦੀ ਮੁੱਖ ਦਾਣਾ ਮੰਡੀ ਦਾ ਹਾਲ ਤਾਂ ਹੋਰ ਵੀ ਮਾੜਾ ਹੈ ਅਤੇ ਸਾਰੀ ਮੰਡੀ ਕਣਕ ਦੀਆਂ ਬੋਰੀਆਂ ਨਾਲ ਨੱਕੋ-ਨੱਕ ਭਰੀ ਪਈ ਹੈ। ਇੱਥੋਂ ਤੱਕ ਕਿ ਮੰਡੀ ਤੋਂ ਬਾਹਰ ਸੜਕਾਂ ਅਤੇ ਆਸੇ-ਪਾਸੇ ਦੀਆਂ ਥਾਵਾਂ ਵਿਚ ਵੀ ਕਿਸਾਨ ਕਣਕ ਦੀਆਂ ਢੇਰੀਆਂ ਲਾਉਣ ਲਈ ਮਜਬੂਰ ਹੋ ਰਹੇ ਹਨ, ਜਦਕਿ ਕਈ ਆੜ੍ਹਤੀਆਂ ਵੱਲੋਂ ਤਾਂ ਆਪਣੀਆਂ ਦੁਕਾਨਾਂ ਅੱਗੇ ਹੀ ਕਣਕ ਉਤਰਵਾਈ ਜਾ ਰਹੀ ਹੈ।ਜਾਣਕਾਰੀ ਅਨੁਸਾਰ ਮੰਡੀ ਵਿਚ ਕਿਤੇ ਵੀ ਕਣਕ ਉਤਾਰਨ ਨੂੰ ਜਗ੍ਹਾ ਨਹੀਂ ਬਚੀ ਅਤੇ ਲਗਭਗ 6 ਲੱਖ ਬੋਰੀਆਂ ਕਣਕ ਦੀਆਂ ਇੱਥੇ ਪਈਆਂਹਨ, ਜਿਸ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਵਿਚ ਹਾਹਾਕਾਰ ਮਚੀ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪਹਿਲਾਂ ਪਈਆਂ ਕਣਕ ਦੀਆਂ ਬੋਰੀਆਂ ਚੁੱਕੀਆਂ ਜਾਣ ਤਾਂ ਫਿਰ ਹੀ ਹੋਰ ਕਣਕ ਦੀਆਂ ਢੇਰੀਆਂ ਲਾਉਣ ਵਾਸਤੇ ਜਗ੍ਹਾ ਬਣੇਗੀ। ਮੰਡੀ 'ਚ ਆਪਣੀ ਫਸਲ ਲੈ ਕੇ ਬੈਠੇ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਆਪਣੇ ਖੇਤਾਂ 'ਚ ਫਸਲ ਦੀ ਰਾਖੀ ਕਰਨੀ ਪਈ ਅਤੇ ਹੁਣ ਮੰਡੀ ਵਿਚ ਰਾਖੀ ਰੱਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕੁਝ ਅਜਿਹਾ ਹੀ ਆੜ੍ਹਤੀਆਂ ਦਾ ਕਹਿਣਾ ਹੈ ਕਿ ਕਣਕ ਆ ਤਾਂ ਬਹੁਤ ਜ਼ਿਆਦਾ ਰਹੀ ਹੈ ਪਰ ਚੁੱਕੀ ਸਿਰਫ਼ 5-7 ਫੀਸਦੀ ਜਾ ਰਹੀ ਹੈ।
ਜਦਕਿ ਸਰਕਾਰ ਨੇ ਕਿਹਾ ਸੀ ਕਿ 72 ਘੰਟਿਆਂ 'ਚ ਕਣਕ ਦੀ ਖਰੀਦ ਦਾ ਕੰਮ ਮੁਕੰਮਲ ਕੀਤਾ ਜਾਵੇ, ਉਹ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਇਹ ਵੀ ਪਤਾ ਲੱਗਾ ਹੈ ਕਿ ਕੁਝ ਟਰੱਕਾਂ ਵਾਲਿਆਂ ਵੱਲੋਂ ਆੜ੍ਹਤੀਆਂ ਨਾਲ ਮਿਲੀਭੁਗਤ ਕਰ ਕੇ ਕਿਰਾਏ ਸਬੰਧੀ ਸਰਕਾਰ ਨੂੰ ਕਥਿਤ ਰੂਪ ਵਿਚ ਭਾਰੀ ਚੂਨਾ ਲਾਇਆ ਜਾ ਰਿਹਾ ਹੈ। ਕੁਝ ਟਰੱਕਾਂ ਵਾਲਿਆਂ ਵੱਲੋਂ ਗੇਟ ਪਾਸ ਤਾਂ ਦੂਰ-ਦੁਰਾਡੇ ਦੇ ਪਿੰਡਾਂ ਦੀਆਂ ਦਾਣਾ ਮੰਡੀਆਂ ਦੇ ਬਣਾਏ ਜਾਂਦੇ ਹਨ ਪਰ ਉਹ ਕਣਕ ਸ੍ਰੀ ਮੁਕਤਸਰ ਸਾਹਿਬ ਦੀ ਮੰਡੀ 'ਚੋਂ ਹੀ ਚੁੱਕ ਰਹੇ ਹਨ। ਅਜਿਹਾ ਹੀ ਇਕ ਟਰੱਕ ਮੰਡੀ ਵਿਚ ਖੜ੍ਹਾ ਕਣਕ ਦੀਆਂ ਬੋਰੀਆਂ ਨਾਲ ਲੱਦਿਆ ਵੇਖਿਆ ਗਿਆ। ਇਸ ਸਮੇਂ ਦੋਂ ਡਰਾਈਵਰ ਕੋਲੋਂ ਗੇਟ ਪਾਸ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪਾਸ ਨਹੀਂ ਦਿਖਾਇਆ ਅਤੇ ਟਰੱਕ ਉੱਥੇ ਹੀ ਛੱਡ ਕੇ ਕਿਤੇ ਚਲਾ ਗਿਆ।  ਕਿਸਾਨਾਂ ਅਤੇ ਆੜ੍ਹਤੀਆਂ ਨੇ ਮੰਗ ਕੀਤੀ ਕਿ ਦਾਣਾ ਮੰਡੀਆਂ 'ਚ ਪਈ ਕਣਕ ਦੀ ਜਲਦੀ ਤੋਂ ਜਲਦੀ ਲਿਫਟਿੰਗ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਕੁਝ ਸੁੱਖ ਦਾ ਸਾਹ ਮਿਲ ਸਕੇ। ਇਸੇ ਦੌਰਾਨ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਤਲਵੰਡੀ ਗਏ ਹੋਏ ਹਨ ਅਤੇ ਹੁਣੇ ਹੀ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਨੂੰ ਮੌਕੇ 'ਤੇ ਭੇਜ ਰਹੇ ਹਨ ਪਰ ਕਰੀਬ ਦੋ ਘੰਟਿਆਂ ਬਾਅਦ ਵੀ ਮਾਰਕੀਟ ਕਮੇਟੀ ਦਾ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਨਹੀਂ ਪਹੁੰਚਿਆ ਅਤੇ ਹਰ ਕੋਈ ਟਾਲ-ਮਟੋਲ ਹੀ ਕਰਦਾ ਨਜ਼ਰ ਆਇਆ।


Related News