ਸ਼ਹਿਰ ''ਚ ਹੁਣ ਔਰਤਾਂ ਵੀ ਚਲਾਉਣਗੀਆਂ ਵੈੱਬ ਬੇਸਡ ਟੈਕਸੀ

04/22/2018 7:53:45 AM

ਚੰਡੀਗੜ੍ਹ (ਰਾਜਿੰਦਰ) - ਚੰਡੀਗੜ੍ਹ ਪ੍ਰਸ਼ਾਸਨ ਨੇ ਔਰਤ ਸਸ਼ਕਤੀਕਰਨ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਕ ਅਹਿਮ ਫੈਸਲਾ ਲਿਆ ਹੈ, ਜਿਸ ਦੇ ਤਹਿਤ ਜਲਦੀ ਹੀ ਹੁਣ ਵੈੱਬ ਬੇਸਡ ਟੈਕਸੀ ਨੂੰ ਔਰਤਾਂ ਚਲਾਉਂਦੀਆਂ ਨਜ਼ਰ ਆਉਣਗੀਆਂ। ਪ੍ਰਸ਼ਾਸਨ ਨੇ ਟਰਾਂਸਪੋਰਟ ਡਿਪਾਰਟਮੈਂਟ ਨੂੰ ਇਸ ਸਬੰਧੀ ਮਤਾ ਭੇਜਿਆ ਹੈ, ਜਿਸ ਨੂੰ ਜਲਦੀ ਹੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਵੂਮੈਨ ਆਨਹੀਲਜ਼ ਪ੍ਰਾਜੈਕਟ ਤਹਿਤ ਓਲਾ, ਓਬੇਰ ਤੇ ਹੋਰ ਵੈੱਬ ਬੇਸਡ ਟੈਕਸੀ ਕੰਪਨੀਆਂ ਲਈ ਘੱਟੋ-ਘੱਟ 25 ਔਰਤ ਡਰਾਈਵਰ ਰੱਖਣਾ ਜ਼ਰੂਰੀ ਹੋਵੇਗਾ। ਇਸ ਤੋਂ ਘੱਟ ਡਰਾਈਵਰ ਰੱਖਣ 'ਤੇ ਕੰਪਨੀ ਖਿਲਾਫ ਪ੍ਰਸ਼ਾਸਨ ਕਾਰਵਾਈ ਕਰੇਗਾ, ਜਦਕਿ ਇਸ ਤੋਂ ਪਹਿਲਾਂ ਵੱਧ ਔਰਤ ਡਰਾਈਵਰ ਰੱਖਣ ਦੀ ਉਨ੍ਹਾਂ ਨੂੰ ਛੋਟ ਹੋਵੇਗੀ। ਸ਼ਹਿਰ ਵਿਚ ਔਰਤਾਂ ਪ੍ਰਤੀ ਵਧ ਰਹੇ ਜੁਰਮ ਕਾਰਨ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ, ਤਾਂ ਕਿ ਇਨ੍ਹਾਂ ਘਟਨਾਵਾਂ 'ਤੇ ਰੋਕ ਲਾਈ ਜਾ ਸਕੇ ਤੇ ਉਨ੍ਹਾਂ ਦੀ ਸੁਰੱਖਿਆ ਹੋਰ ਯਕੀਨੀ ਬਣਾਈ ਜਾ ਸਕੇ। ਪ੍ਰਸ਼ਾਸਨ ਦਾ ਇਹ ਪ੍ਰਾਜੈਕਟ ਔਰਤ ਯਾਤਰੀਆਂ ਨੂੰ ਧਿਆਨ ਵਿਚ ਰੱਖਦਿਆਂ ਤਿਆਰ ਕੀਤਾ ਗਿਆ, ਤਾਂ ਕਿ ਔਰਤ ਡਰਾਈਵਰ ਦੇ ਨਾਲ ਉਹ ਬਿਨਾਂ ਕਿਸੇ ਡਰ ਦੇ ਸਫਰ ਕਰ ਸਕਣ।
ਸਵੇਰੇ 7 ਤੋਂ ਸ਼ਾਮ 7 ਵਜੇ ਤਕ ਚਲਾਉਣਗੀਆਂ ਟੈਕਸੀ
ਵੂਮੈਨ ਆਨ ਵ੍ਹੀਲਜ਼ ਪ੍ਰਾਜੈਕਟ ਤਹਿਤ ਔਰਤ ਡਰਾਈਵਰ ਸਵੇਰੇ 7 ਤੋਂ ਸ਼ਾਮ 7 ਵਜੇ ਤਕ ਟੈਕਸੀ ਚਲਾਉਂਦੀਆਂ ਦਿਖਾਈ ਦੇਣਗੀਆਂ। ਇਹ ਸਮਾਂ ਇਸ ਲਈ ਨਿਰਧਾਰਿਤ ਕੀਤਾ ਗਿਆ ਹੈ, ਤਾਂ ਕਿ ਟੈਕਸੀ ਕੰਪਨੀਆਂ ਵਿਚ ਔਰਤਾਂ ਨੂੰ ਇਸ ਸਮੇਂ ਨੌਕਰੀ ਕਰਨ ਵਿਚ ਵੀ ਕਿਸੇ ਵੀ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਦੇ ਟ੍ਰਾਂਸਪੋਰਟ ਡਿਪਾਰਟਮੈਂਟ ਵਲੋਂ ਓਲਾ, ਓਬੇਰ ਤੇ ਹੋਰ ਵੈੱਬ ਬੇਸਡ ਟੈਕਸੀ ਕੰਪਨੀਆਂ ਵਿਚ ਰੱਖੀਆਂ ਜਾਣ ਵਾਲੀਆਂ ਡਰਾਈਵਰਾਂ ਨੂੰ ਸਪੈਸ਼ਲ ਟ੍ਰੇਨਿੰਗ ਵੀ ਦਿੱਤੀ ਜਾਵੇਗੀ, ਤਾਂ ਜੋ ਉਨ੍ਹਾਂ ਨੂੰ ਨੌਕਰੀ ਕਰਨ ਵਿਚ ਕੋਈ ਵੀ ਪ੍ਰੇਸ਼ਾਨੀ ਨਾ ਹੋਵੇ। ਔਰਤ ਪੈਸੰਜਰ ਵਲੋਂ ਇਸ ਨਿਰਧਾਰਿਤ ਸਮੇਂ ਵਿਚ ਜਦੋਂ ਵੀ ਬੁਕਿੰਗ ਕੀਤੀ ਜਾਵੇਗੀ ਤਾਂ ਔਰਤ ਡਰਾਈਵਰਾਂ ਵਲੋਂ ਹੀ ਉਸ ਨੂੰ ਪਿਕ ਐਂਡ ਡਰਾਪ ਦੀ ਸਹੂਲਤ ਨਾਲ ਅਟੈਂਡ ਕੀਤਾ ਜਾਵੇਗਾ।
ਮੋਬਾਇਲ ਐਪ 'ਚ ਵੀ ਦਿੱਤੀ ਜਾਵੇਗੀ ਆਪਸ਼ਨ
ਕੰਪਨੀ ਵਲੋਂ ਵੂਮੈਨ ਆਨ ਵ੍ਹੀਲਜ਼ ਦੀ ਆਪਣੀ ਮੋਬਾਇਲ ਐਪ ਵਿਚ ਵੀ ਆਪਸ਼ਨ ਦਿੱਤੀ ਜਾਵੇਗੀ, ਤਾਂ ਕਿ ਔਰਤ ਡਰਾਈਵਰ ਵਾਲੀ ਟੈਕਸੀ ਬੁੱਕ ਕਰਨ ਵਿਚ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਔਰਤ ਪੈਸੰਜਰ ਮੋਬਾਇਲ ਐਪ 'ਤੇ ਇਸ ਸਹੂਲਤ ਦਾ ਲਾਭ ਲੈ ਸਕਣਗੀਆਂ। ਇਹ ਸਹੂਲਤ ਸਿਰਫ ਔਰਤ ਪੈਸੰਜਰ ਲਈ ਹੀ ਹੋਣਗੀਆਂ।
ਫਿਲਹਾਲ ਪਾਰਕਿੰਗ 'ਚ ਕੰਮ ਕਰ ਰਹੀਆਂ ਹਨ ਔਰਤਾਂ
ਫਿਲਹਾਲ ਸ਼ਹਿਰ ਦੀਆਂ ਪਾਰਕਿੰਗਾਂ ਵਿਚ ਹੀ ਔਰਤਾਂ ਕੰਮ ਕਰ ਰਹੀਆਂ ਹਨ। ਨਗਰ ਨਿਗਮ ਨੇ ਔਰਤ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਪਾਰਕਿੰਗਾਂ ਵਿਚ ਔਰਤਾਂ ਦੀ ਡਿਊਟੀ ਲਾਈ ਸੀ। ਇਸ ਲਈ ਮੁੰਬਈ ਦੀ ਕੰਪਨੀ ਆਰੀਆ ਟੋਲ ਇਨਫਰਾ ਲਿਮਟਿਡ ਨੂੰ ਠੇਕਾ ਦਿੱਤਾ ਗਿਆ ਸੀ, ਜਿਸ ਨੇ ਪਾਰਕਿੰਗ ਦਾ ਕੰਮ ਸ਼ੁਰੂ ਕਰਦੇ ਸਮੇਂ 300 ਔਰਤ ਸਟਾਫ ਨੂੰ ਨੌਕਰੀ 'ਤੇ ਰੱਖਿਆ ਸੀ। ਟ੍ਰੇਨਿੰਗ ਤੋਂ ਬਾਅਦ 200 ਔਰਤ ਸਟਾਫ ਰਹਿ ਗਿਆ ਸੀ। ਇਸ ਵਿਚੋਂ ਵੀ ਕਾਫੀ ਸਟਾਫ ਨੇ ਬਾਅਦ ਵਿਚ ਨੌਕਰੀ ਛੱਡ ਦਿੱਤੀ ਸੀ ਪਰ ਅਜੇ ਵੀ ਕਈ ਪਾਰਕਿੰਗਾਂ ਵਿਚ ਔਰਤ ਸਟਾਫ ਦੀ ਕੰਪਨੀ ਨੇ ਤਾਇਨਾਤੀ ਕੀਤੀ ਹੋਈ ਹੈ। ਇਨ੍ਹਾਂ ਵਿਚ ਮੁੱਖ ਰੂਪ 'ਚ ਸੈਕਟਰ-17 ਦੀ ਮਲਟੀ ਲੈਵਲ ਪਾਰਕਿੰਗ ਸਮੇਤ ਏਲਾਂਤੇ ਤੇ ਹੋਰ ਪਾਰਕਿੰਗਾਂ ਸ਼ਾਮਲ ਹਨ।


Related News