ਕੈਪਟਨ ਅਮਰਿੰਦਰ ਦੀ ਗੁਗਲੀ ਨਾਲ ਰਾਹੁਲ ਗਾਂਧੀ ਹੋਏ ਕਲੀਨ ਬੋਲਡ

04/22/2018 7:16:00 AM

ਜਲੰਧਰ (ਚੋਪੜਾ)  - ਮੰਤਰੀ ਮੰਡਲ 'ਚ ਬੜੇ ਚਿਰ ਤੋਂ ਪੈਂਡਿੰਗ ਵਾਧਾ ਅੱਜ ਹੋ ਹੀ ਗਿਆ ਪਰ ਪਿਛਲੇ ਕੁਝ ਮਹੀਨਿਆਂ ਤੋਂ ਚੱਲੀ ਆ ਰਹੀ ਕਵਾਇਦ ਦੇ ਅਖੀਰ 'ਚ ਆਪਣੇ ਜਾਣੇ-ਪਛਾਣੇ ਸੁਭਾਅ ਕਾਰਨ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਅਜਿਹੀ ਗੁਗਲੀ ਮਾਰੀ ਕਿ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਕਲੀਨ ਬੋਲਡ ਹੋ ਗਏ। ਓਧਰ ਮੰਤਰੀਆਂ ਦੀ ਸੂਚੀ ਫਾਈਨਲ ਕਰਨ 'ਚ ਰਾਹੁਲ ਗਾਂਧੀ ਦੀ ਯੂਥ ਬ੍ਰਿਗੇਡ ਨੂੰ ਚਾਰੇ-ਖਾਨੇ ਚਿੱਤ ਕਰ ਦਿੱਤਾ ਗਿਆ।  ਇਸ ਦੇ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਇਕ ਵੀ ਨਾ ਚੱਲਣ ਦਿੱਤੀ। ਜੇਕਰ ਰਾਹੁਲ ਗਾਂਧੀ ਆਪਣੀ ਗੱਲ ਮੰਨਵਾ ਸਕਦੇ ਤਾਂ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਆਲ ਇੰਡੀਆ ਐੱਸ. ਸੀ. ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜ ਕੁਮਾਰ ਵੇਰਕਾ, ਕੁਲਜੀਤ ਸਿੰਘ ਨਾਗਰਾ, ਓਲੰਪੀਅਨ ਪ੍ਰਗਟ ਸਿੰਘ ਦੇ ਸੰਭਾਵਿਤ ਨਾਂ ਹਰ ਹਾਲ 'ਚ ਮੰਤਰੀ ਮੰਡਲ 'ਚ ਸ਼ਾਮਲ ਹੁੰਦੇ। ਜਾਖੜ ਨਹੀਂ ਚਾਹੁੰਦੇ ਸਨ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕਿਸੇ ਵੀ ਕੀਮਤ 'ਤੇ ਮੰਤਰੀ ਬਣਾਇਆ ਜਾਵੇ ਪਰ ਕੈਪਟਨ ਅਮਰਿੰਦਰ ਨੇ ਇਸ ਮਾਮਲੇ 'ਚ ਜਾਖੜ ਦੀ ਵੀ ਇਕ ਨਾ ਸੁਣੀ।
ਨਵੇਂ ਬਣੇ 9 ਕੈਬਨਿਟ ਮੰਤਰੀਆਂ ਵਿਚੋਂ 6 ਮੰਤਰੀ ਓ. ਪੀ. ਸੋਨੀ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਰਾਣਾ ਗੁਰਮੀਤ ਸੋਢੀ, ਸ਼ਾਮ ਸੁੰਦਰ ਅਰੋੜਾ ਅਤੇ ਗੁਰਪ੍ਰੀਤ ਸਿੰਘ ਕਾਂਗੜ ਕੈਪਟਨ ਦੇ ਬੇਹੱਦ ਨਜ਼ਦੀਕੀ ਹਨ। ਰਾਹੁਲ ਦੀ ਪਸੰਦ ਦੇ ਸਿਰਫ ਇਕੋ-ਇਕ ਚਿਹਰੇ ਵਿਜੈਇੰਦਰ ਸਿੰਗਲਾ ਨੂੰ ਮੰਤਰੀ ਬਣਾਇਆ ਜਾ ਰਿਹਾ ਹੈ ਜਦਕਿ ਵਿਧਾਇਕ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਕਰੀਬੀ ਹਨ। ਮੋਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਸੂਬਾ ਇੰਚਾਰਜ ਆਸ਼ਾ ਕੁਮਾਰੀ ਅਤੇ ਸੀਨੀਅਰ ਕਾਂਗਰਸੀ ਆਗੂ ਅੰਬਿਕਾ ਸੋਨੀ ਦਾ ਆਸ਼ੀਰਵਾਦ ਹਾਸਲ ਹੈ।
ਹਾਲਾਂਕਿ ਰਾਹੁਲ ਨੇ ਪਿਛਲੇ ਮਹੀਨੇ ਕੈਪਟਨ ਅਮਰਿੰਦਰ ਨੂੰ ਚਿੱਠੀ ਲਿਖ ਕੇ ਰਾਜਾ ਵੜਿੰਗ, ਕੁਲਜੀਤ ਨਾਗਰਾ ਤੇ ਪ੍ਰਗਟ ਸਿੰਘ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਸੀ ਪਰ ਉਕਤ ਸਿਫਾਰਿਸ਼ ਨੂੰ ਵੀ ਅੱਖੋਂ-ਪਰੋਖੇ ਕਰ ਦਿੱਤਾ ਗਿਆ। ਕਾਂਗਰਸ ਦੇ ਉੱਚ ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ, ਆਸ਼ਾ ਕੁਮਾਰੀ, ਹਰੀਸ਼ ਚੌਧਰੀ ਤੇ ਸੁਨੀਲ ਜਾਖੜ ਵਿਚਾਲੇ ਹੋਈਆਂ ਦਿੱਲੀ ਵਿਚ ਪਿਛਲੇ 2 ਦਿਨਾਂ ਵਾਲੀਆਂ ਬੈਠਕਾਂ ਦੌਰਾਨ ਹੋਈ ਖਿੱਚੋਤਾਣ ਦੌਰਾਨ ਕਿਸੇ ਵੀ ਆਗੂ ਦੀ ਗੱਲ ਨਹੀਂ ਸੁਣੀ ਅਤੇ ਸਪੱਸ਼ਟ ਕਹਿ ਦਿੱਤਾ ਕਿ ਸੂਬੇ ਦੇ ਮੁੱਖ ਮੰਤਰੀ ਉਹ ਹਨ ਅਤੇ ਸਰਕਾਰ ਉਨ੍ਹਾਂ ਨੇ ਚਲਾਉਣੀ ਹੈ। ਇਸ ਕਾਰਨ ਉਨ੍ਹਾਂ ਦੀ ਟੀਮ ਵਿਚ ਕਿਹੜਾ-ਕਿਹੜਾ ਵਿਧਾਇਕ ਸ਼ਾਮਲ ਹੋਵੇਗਾ ਇਸ ਦਾ ਫੈਸਲਾ ਉਨ੍ਹਾਂ ਨੂੰ ਕਰਨ ਦਿੱਤਾ ਜਾਵੇ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ ਹਾਈ ਕਮਾਨ ਦੇ ਸਾਹਮਣੇ ਆਪਣੀ ਮਰਜ਼ੀ ਮੰਨਵਾ ਕੇ ਸਿਆਸੀ ਤਲਵਾਰ ਦੀ ਧਾਰ ਦਿਖਾਈ ਹੈ, ਉਸ ਤੋਂ ਜਾਪਦਾ ਹੈ ਕਿ ਆਉਣ ਵਾਲੇ ਸਮੇਂ 'ਚ ਮੁੱਖ ਮੰਤਰੀ ਦੀ ਸੂਬੇ ਦੀ ਸਿਆਸਤ 'ਤੇ ਪੂਰੀ ਤਰ੍ਹਾਂ ਪਕੜ ਰਹੇਗੀ।


Related News