ਨਵੇਂ ਬੈਂਕ ਖਾਤੇ ਖੁੱਲ੍ਹਵਾਉਣ ''ਚ ''ਲੇਡੀਜ਼ ਫਰਸਟ''

04/22/2018 5:07:46 AM

ਨਵੀਂ ਦਿੱਲੀ-ਭਾਰਤ ਦੇ ਵਿੱਤੀ ਸੁਮੇਲ ਦੀਆਂ ਕੋਸ਼ਿਸ਼ਾਂ ਨੂੰ ਹੁਣ ਵਿਸ਼ਵ ਬੈਂਕ ਤੋਂ ਵੀ ਮਾਨਤਾ ਮਿਲ ਰਹੀ ਹੈ। ਵਿੱਤੀ ਸੇਵਾ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਕਿ ਵਿਸ਼ਵ ਬੈਂਕ ਦੇ ਅੰਕੜਿਆਂ ਅਨੁਸਾਰ ਦੁਨੀਆ ਭਰ 'ਚ ਖੋਲ੍ਹੇ ਗਏ ਨਵੇਂ ਬੈਂਕ ਖਾਤਿਆਂ 'ਚੋਂ 55 ਫ਼ੀਸਦੀ ਭਾਰਤ 'ਚ ਖੋਲ੍ਹੇ ਗਏ ਹਨ। ਵਿਸ਼ਵ ਬੈਂਕ ਦੀ ਰਿਪੋਰਟ ਅਨੁਸਾਰ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਔਰਤਾਂ ਦੇ ਬੈਂਕ ਖਾਤਿਆਂ 'ਚ ਚੋਖਾ ਵਾਧਾ ਹੋਇਆ ਅਤੇ ਪੁਰਸ਼ਾਂ ਦੇ ਮੁਕਾਬਲੇ ਔਰਤ ਖਾਤਾਧਾਰਕਾਂ ਦੀ ਗਿਣਤੀ ਦਾ ਪਾੜਾ ਘੱਟ ਹੋਇਆ ਹੈ ਯਾਨੀ ਕਿ ਨਵੇਂ ਬੈਂਕ ਖਾਤੇ ਖੁੱਲ੍ਹਵਾਉਣ 'ਚ ਵੀ 'ਲੇਡੀਜ਼ ਫਰਸਟ' ਹਨ। ਸਾਲ 2014 'ਚ ਇਹ ਪਾੜਾ ਜਿੱਥੇ 20 ਫ਼ੀਸਦੀ ਸੀ, ਉਥੇ ਹੀ 2017 'ਚ ਇਹ ਘਟ ਕੇ 6 ਫ਼ੀਸਦੀ ਰਹਿ ਗਿਆ। 
ਉਨ੍ਹਾਂ ਟਵੀਟ ਕੀਤਾ ਕਿ ਵਿਸ਼ਵ ਬੈਂਕ ਦੀ ਕੌਮਾਂਤਰੀ ਫਿਨਡੈਕਸ ਰਿਪੋਰਟ 'ਚ ਭਾਰਤ ਦੇ ਵਿੱਤੀ ਸੁਮੇਲ ਦੀਆਂ ਕੋਸ਼ਿਸ਼ਾਂ ਨੂੰ ਮਾਨਤਾ ਦਿੱਤੀ ਗਈ ਹੈ। ਕੌਮਾਂਤਰੀ ਪੱਧਰ 'ਤੇ 2014-17 ਦੌਰਾਨ 51.4 ਕਰੋੜ ਬੈਂਕ ਖਾਤੇ ਖੋਲ੍ਹੇ ਗਏ। ਇਨ੍ਹਾਂ 'ਚੋਂ 55 ਫ਼ੀਸਦੀ ਬੈਂਕ ਖਾਤੇ ਭਾਰਤ 'ਚ ਖੁੱਲ੍ਹੇ ਹਨ। ਵਿਸ਼ਵ ਬੈਂਕ ਦੀ ਕੱਲ ਜਾਰੀ ਰਿਪੋਰਟ 'ਚ ਜਨ-ਧਨ ਯੋਜਨਾ ਦੀ ਸਫਲਤਾ ਦਾ ਹਵਾਲਾ ਦਿੱਤਾ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਮਾਰਚ 2018 ਤੱਕ ਜਨ-ਧਨ ਖਾਤਿਆਂ ਦੀ ਗਿਣਤੀ ਵਧ ਕੇ 31.44 ਕਰੋੜ ਹੋ ਗਈ, ਜੋ ਇਕ ਸਾਲ ਪਹਿਲਾਂ 28.17 ਕਰੋੜ ਸੀ।


Related News