ਆਸਟਰੇਲੀਆ ਵਰਲਡ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ

04/22/2018 4:47:44 AM

ਮੈਲਬੌਰਨ (ਰਮਨ/ਮਨਦੀਪ) ਪਨਵਿਕ ਗਰੁੱਪ ਵੱਲੋਂ 22 ਅਪ੍ਰੈਲ ਨੂੰ ਮੈਲਬੌਰਨ ਵਿਖੇ ਕਰਵਾਏ ਜਾ ਰਹੇ ਹਨ। ਮੈਲਬੌਰਨ ਦੇ ਲੇਕਸਾਈਡ ਸਟੇਡੀਅਮ ਚ ਇਹ ਕੱਪ ਕਰਵਾਇਆ ਜਾ ਰਿਹਾ ਹੈ ਜਿਸਨੂੰ ਪਨਵਿਕ ਗਰੁੱਪ ਨੇ 50 ਲੱਖ (ਇੱਕ ਲੱਖ ਆਸਟਰੇਲ਼ੀਅਨ ਡਾਲਰ) 'ਚ ਇੱਕ ਦਿਨ ਲਈ ਲੀਜ 'ਤੇ ਲਿਆ ਹੈ।8 ਮੁਲਕਾਂ ਭਾਰਤ, ਕੈਨੇਡਾ, ਅਮਰੀਕਾ, ਇੰਗਲੈਂਡ, ਪਾਕਿਸਤਾਨ, ਈਰਾਨ, ਨਿਊਜੀਲੈਂਡ ਤੇ ਆਸਟਰੇਲੀਆ ਦੀਆਂ ਟੀਮਾਂ ਇਸ 'ਚ ਹਿੱਸਾ ਲੈ ਰਹੀਆਂ ਹਨ। ਵੀਰਵਾਰ ਤੋਂ ਟੀਮਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਭਾਰਤ ਤੇ ਪਾਕਿਸਤਾਨ ਦਾ ਰੋਮਾਂਚਕ ਮੁਕਾਬਲਾ ਵੇਖਣ ਨੂੰ ਦਰਸ਼ਕ ਕਾਫੀ ਉਤਾਵਲੇ ਹਨ। ਟੂਰਨਾਮੈਂਟ 'ਚ ਆਸਟਰੇਲੀਆ ਦੇ ਡਿਪਟੀ ਪੀ. ਐਮ. ਮਾਈਕਲ ਮਕਾਰਮਕ ਸਮੇਤ ਹਰਿਆਣਾ ਤੋਂ ਚੌਧਰੀ ਅਭੈ ਸਿੰਘ ਚੋਟਾਲਾ ਵੀ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ। ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸਰਬਜੋਤ ਸਿੰੰਘ ਢਿੱਲੋਂ,ਚੇਅਰਮੈਂਨ ਕੁਲਦੀਪ ਬਾਸੀ ਤੇ ਡਾਇਰੈਕਟਰ ਰਿਪੰਦਰ ਸਿੰਘ ਬਰਾੜ ਨੇ ਫਾਈਨਲ ਪੋਸਟਰ ਜਾਰੀ ਕਰਦਿਆਂ ਦੱਸਿਆ ਕਿ ਸਟੇਡੀਅਮ 'ਚ ਤਕਰੀਬਨ ਸੱਤ ਹਜਾਰ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਹੈ ਜਦਕਿ ਪਰਿਵਾਰਾਂ ਦੇ ਲਈ ਵੱਖਰੀ ਜਗਾ ਰੱਖੀ ਗਈ ਹੈ। ਮੈਚ ਦੀ ਕਮੈਂਟਰੀ ਕਰਨ ਲਈ ਭਾਰਤ ਤੋਂ ਮੱਖਣ ਅਲੀ, ਤੇ ਅਮਰੀਕਾ ਤੋਂ ਰੰਡਿਆਲਾ ਐਮ ਜੀ ਆਰ ਸਮੇਤ ਕੁੱਲ ਸੱਤ ਕਮੈਂਟਰ ਬੁਲਾਏ ਗਏ ਹਨ। ਇਸ ਤੋਂ ਇਲਾਵਾ ਦਰਸ਼ਕਾਂ ਦੇ ਮਨੋਰੰਜਨ ਲਈ ਪੰਜਾਬੀ ਗਾਇਕ ਜੈਜੀ ਬੈਂਸ ਤੇ ਮਿਸ ਪੂਜਾ ਲਾਈਵ ਪ੍ਰੋਗਰਾਮ ਕਰਨਗੇ ।
ਜਗਬਾਣੀ ਸਮੇਤ ਵੱਖ-ਵੱਖ ਵੈਬ ਪੋਰਟਲ ਕਬੱਡੀ ਕੱਪ ਦਾ ਸਿੱਧਾ ਪ੍ਰਸਾਰਣ ਵੀ ਕਰਨਗੇ।ਕਬੱਡੀ ਕੱਪ ਦੇ ਸਕੱਤਰ ਹਰਦੀਪ ਸਿੰਘ ਬਾਸੀ ਮੁਤਾਬਕ ਇਸ ਇੱਕ ਦਿਨਾਂ ਕਬੱਡੀ ਕੱਪ 'ਤੇ ਕਰੀਬ ਪੰਜ ਲੱਖ ਡਾਲਰ ਦਾ ਖਰਚਾ ਆਵੇਗਾ ਜਿਸਨੂੰ ਸਪਾਂਸਰਜ ਦੇ ਸਹਿਯੋਗ ਨਾਲ ਪਨਵਿਕ ਗਰੁੱਪ ਵੱਲੋਂ ਖਰਚ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸਾਰੇ ਮੁਲਕਾਂ ਦੀਆਂ ਟੀਮਾਂ ਦੇ ਆਉਣ ਜਾਣ ਤੇ ਰਹਿਣ ਸਹਿਣ ਦਾ ਖਰਚਾ ਪਨਵਿਕ ਵੱਲੋਂ ਹੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਗ ਲੈਣ ਵਾਲੀ ਹਰ ਟੀਮ ਨੂੰ ਚਾਰ ਹਜਾਰ ਡਾਲਰ ਵੱਖ ਦਿੱਤੇ ਜਾਣਗੇ ਜਦਕਿ ਮੁਕਾਬਲੇ 'ਚ ਪਹਿਲੇ ਸਥਾਨ ਵਾਲੀ ਟੀਮ ਨੂੰ 21 ਹਜਾਰ ਡਾਲਰ ਦੂਸਰੇ ਨੂੰ 15 ਹਜਾਰ, ਬੈਸਟ ਜਾਫੀ ਤੇ ਰੇਡਰ ਨੂੰ 15 ਸੌ ਡਾਲਰ ਦਾ ਇਨਾਮ ਵੀ ਦਿੱਤਾ ਜਾਵੇਗਾ। ਕਬੱਡੀ ਕੱਪ ਕਮੇਟੀ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਨੇ ਦੱਸਿਆ ਕਿ ਵੱਖ ਵੱਖ ਮੁਲਕਾਂ ਚੋਂ ਟੀਮਾਂ ਦੀ ਚੋਣ ਦੀ ਜਿੰਮੇਵਾਰੀ ਸਥਾਨਕ ਫੈਡਰੇਸ਼ਨਾ ਨੂੰ ਦਿੱਤੀ ਗਈ ਸੀ ਜਿੰਨਾ ਨੂੰ ਸਾਰੀਆਂ ਹਦਾਇਤਾਂ ਬਾਰੇ ਪਹਿਲਾਂ ਹੀ ਤਫਸੀਲ ਕਰ ਦਿੱਤਾ ਗਿਆ ਸੀ। ਪਨਵਿਕ ਗਰੁੱਪ ਦਾ ਕਹਿਣਾ ਕਿ ਇਸ ਕਬੱਡੀ ਕੱਪ ਨੂੰ ਕਰਵਾਉਣ ਪਿੱਛੇ ਉਹਨਾ ਦਾ ਮਕਸਦ ਮਾਂ ਖੇਡ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਮੋਟ ਕਰਨਾ ਹੈ ਜਿਸ ਨਾਲ ਨਵੀਂ ਪੀੜੀ ਖੇਡਾਂ ਪ੍ਰਤੀ ਉਤਸ਼ਾਹਿਤ ਹੋਵੇਗੀ ਤੇ ਉਸਦਾ ਨਸ਼ਿਆਂ ਪ੍ਰਤੀ ਰੁਝਾਨ ਘਟੇਗਾ। ਗਰੁੱਪ ਦੇ ਬੁਲਾਰਿਆਂ ਦਾ ਕਹਿਣਾ ਕਿ ਉਨਾਂ ਵੱਲੋਂ ਇੱਕ ਸਮਾਜ ਸੇਵੀ ਸੰਸਥਾ ਵੀ ਚਲਾਈ ਜਾ ਰਹੀ ਹੈ ਜੋ ਸਮੇਂ ਸਮੇਂ 'ਤੇ ਪੰਜਾਬ 'ਚ ਲੋੜਵੰਦਾਂ ਦੀ ਮਦਦ ਵੀ ਕਰਦੀ ਹੈ।


Related News