ਚੀਨ ਸੀਮਾ ''ਤੇ ਹਰ ਮੌਸਮ ''ਚ ਨਿਗਰਾਨੀ ਲਈ ਕਰੇਗਾ ਨਵੇਂ ਉਪਕਰਣਾਂ ਦੀ ਵਰਤੋਂ

04/09/2018 1:10:48 PM

ਬੀਜਿੰਗ (ਬਿਊਰੋ)— ਚੀਨੀ ਫੌਜ ਆਪਣੀ ਸੀਮਾ ਸੁਰੱਖਿਆ ਦੇ ਪ੍ਰਬੰਧ ਨੂੰ ਹੋਰ ਬਿਹਤਰ ਬਣਾ ਰਹੀ ਹੈ। ਉਹ ਨਵੇਂ ਤਰੀਕੇ ਦੇ ਉਪਕਰਣ ਵਿਕਸਿਤ ਕਰ ਰਹੀ ਹੈ, ਜਿਨ੍ਹਾਂ ਦੀ ਵਰਤੋਂ ਹਰ ਤਰ੍ਹਾਂ ਦੇ ਮੌਸਮ ਵਿਚ ਸੀਮਾ ਦੇ ਖੇਤਰਾਂ ਵਿਚ ਨਿਗਰਾਨੀ ਲਈ ਕੀਤੀ ਜਾ ਸਕੇਗੀ। ਇਨ੍ਹਾਂ ਵਿਚ ਉਪਗ੍ਰਹਿ ਪਹਿਲਾਂ ਚਿਤਾਵਨੀ ਪ੍ਰਣਾਲੀ ਜਿਹੇ ਉਪਕਰਣ ਸ਼ਾਮਲ ਹਨ। ਇਕ ਸਰਕਾਰੀ ਸਮਾਚਾਰ ਏਜੰਸੀ ਨੇ ਕੱਲ ਦੱਸਿਆ ਕਿ ਉਪਗ੍ਰਹਿ ਪਹਿਲਾਂ ਚਿਤਾਵਨੀ ਨਿਗਰਾਨੀ ਪ੍ਰਣਾਲੀ ਦੀ ਵਰਤੋਂ ਅਜਿਹੇ ਸਰਹੱਦੀ ਖੇਤਰ ਵਿਚ ਕਰਨ ਦੀ ਯੋਜਨਾ ਹੈ, ਜਿੱਥੇ ਵਿਵਾਦ ਹੈ ਜਾਂ ਜਿੱਥੇ ਦਾਖਲ ਹੋਣ ਅਤੇ ਗਸ਼ਤ ਕਰਨਾ ਮੁਸ਼ਕਲ ਹੈ। ਖਬਰ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸਰਹੱਦੀ ਖੇਤਰਾਂ ਵਿਚ ਨਿਗਰਾਨੀ ਕੈਮਰੇ ਦਾ ਨੈੱਟਵਰਕ ਵੀ ਵਿਕਸਿਤ ਕੀਤਾ ਜਾਵੇਗਾ ਅਤੇ ਨਿਗਰਾਨੀ ਦਾ ਦਾਇਰਾ ਵਧਾਇਆ ਜਾਵੇਗਾ ਤਾਂ ਜੋ ਉਨ੍ਹਾਂ ਥਾਵਾਂ 'ਤੇ ਵੀ ਨਜ਼ਰ ਰੱਖੀ ਜਾ ਸਕੇ, ਜਿੱਥੇ ਪਹੁੰਚਣਾ ਮੁਸ਼ਕਲ ਹੈ। ਹਾਲਾਂਕਿ ਰਿਪੋਰਟ ਵਿਚ ਇਹ ਨਹੀਂ ਦੱਸਿਆ ਗਿਆ ਕਿ ਇਹ ਚੀਨ ਦੇ ਸਾਰੇ ਸਰਹੱਦੀ ਖੇਤਰਾਂ ਲਈ ਹੈ ਜਾਂ ਫਿਰ ਚੋਣਵੇਂ ਖੇਤਰਾਂ ਲਈ। 
ਭਾਰਤ ਅਤੇ ਚੀਨ ਵਿਚਕਾਰ 3,488 ਕਿਲੋਮੀਟਰ ਦੀ ਵਾਸਤਵਿਕ ਕੰਟਰੋਲ ਰੇਖਾ ਵਿਚ ਅਰੂਣਾਚਲ ਪ੍ਰਦੇਸ਼ ਵੀ ਆਉਂਦਾ ਹੈ, ਜਿਸ ਨੂੰ ਚੀਨ ਦੱਖਣੀ ਤਿੱਬਤ ਦੱਸ ਕੇ ਉਸ 'ਤੇ ਆਪਣਾ ਦਾਅਵਾ ਕਰਦਾ ਹੈ। ਇਕ ਅੰਗਰੇਜੀ ਅਖਬਾਰ ਨੇ ਮਿਲਟਰੀ ਮਾਹਰ ਸੋਂਗ ਝਾਂਗਪਿੰਗ ਦੇ ਹਵਾਲੇ ਨਾਲ ਕਿਹਾ ਹੈ ਕਿ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੀ ਨਿਗਰਾਨੀ ਵਿਵਸਥਾ, ਸੂਚਨਾ ਪ੍ਰਣਾਲੀ, ਉਪਕਰਣਾਂ ਅਤੇ ਗੱਡੀਆਂ ਦਾ ਆਟੋਮੈਸ਼ਨ ਪੱਧਰ ਵਧਾਉਣਾ ਹੋਵੇਗਾ। ਇਸ ਵਿਚ ਗਸ਼ਤ ਅਤੇ ਮਨੁੱਖ ਰਹਿਤ ਨਿਗਰਾਨੀ ਪ੍ਰਣਾਲੀ ਸਥਾਪਿਤ ਕਰਨ ਲਈ ਡਰੋਨ ਅਤੇ ਨਿਗਰਾਨੀ ਰੱਖਣ ਵਾਲੀਆਂ ਗੱਡੀਆਂ (ਟਰੇਕਿੰਗ ਵ੍ਹਹੀਕਲ) ਸ਼ਾਮਲ ਹਨ। ਇਸ ਦਾ ਮਤਲਬ ਹੋਵੇਗਾ ਕਿ ਸੀਮਾ ਦਾ ਖੇਤਰ ਲਗਾਤਾਰ ਨਿਗਰਾਨੀ ਅਤੇ ਕੰਟਰੋਲ ਵਿਚ ਰਹੇਗਾ। ਚੀਨ ਦੀਆਂ ਲੰਬੀਆਂ ਸਰਹੱਦਾਂ 'ਤੇ ਵੱਖ-ਵੱਖ ਭੂਗੋਲਿਕ ਵਾਤਾਵਰਣ ਨੂੰ ਦੇਖਦਿਆਂ ਪੀ. ਐੱਲ. ਏ. ਨੇ ਅਜਿਹੇ ਉਪਕਰਣ ਵਿਕਸਿਤ ਕੀਤੇ ਹਨ, ਜਿਨ੍ਹਾਂ ਦੀ ਵਰਤੋਂ ਪਾਣੀ, ਹਵਾ ਅਤੇ ਧਰਤੀ 'ਤੇ ਹੋ ਸਕਦੀ ਹੈ। 
ਸੀਮਾ 'ਤੇ ਨਿਗਰਾਨੀ ਦੀ ਨਵੀਂ ਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆਂ ਸਮਾਚਾਰ ਏਜੰਸੀ ਨੇ ਲੱਦਾਖ ਦੀ ਪਾਂਗੋਂਗ ਝੀਲ ਦਾ ਵੀ ਜ਼ਿਕਰ ਕੀਤਾ, ਜਿੱਥੇ ਬੀਤੇ ਸਾਲ ਭਾਰਤੀ ਖੇਤਰ ਵਿਚ ਚੀਨ ਦੇ ਫੌਜੀਆਂ ਦੀ ਆਉਣ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਨ ਦੌਰਾਨ ਭਾਰਤ ਅਤੇ ਚੀਨੀ ਫੌਜੀਆਂ ਵਿਚਕਾਰ ਧੱਕਾ-ਮੁੱਕੀ ਹੋਈ ਸੀ। ਪੀ. ਐੱਲ. ਏ. ਨੇ ਇੱਥੇ ਨਵੀਂ ਗਸ਼ਤੀ ਕਿਸ਼ਤੀ ਤੈਨਾਤ ਕੀਤੀ ਹੈ ਜੋ ਗੈਰ—ਧਾਤ ਸਮੱਗਰੀ ਤੋਂ ਬਣੀ ਹੈ। ਇਹ ਕਿਸ਼ਤੀ 17 ਹਥਿਆਰਬੰਦ ਫੌਜੀਆਂ ਨੂੰ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ ਸਕਦੀ ਹੈ। ਇਸ ਨੂੰ ਦੱਖਣੀ-ਪੱਛਮੀ ਚੀਨ ਦੇ ਯੁੰਨਾਨ ਸੂਬੇ ਵਿਚ ਸੀਮਾ ਸੁਰੱਖਿਆ ਰੈਜੀਮੈਂਟ ਵਿਚ ਤੈਨਾਤ ਕੀਤਾ ਗਿਆ ਹੈ। ਇਸ ਸੂਬੇ ਦੀ ਸੀਮਾ ਤਿੰਨ ਦੇਸ਼ਾਂ ਨਾਲ ਮਿਲਦੀ ਹੈ।


Related News