ਚੰਡੀਗੜ੍ਹ ''ਚ ਜੀਜਾ-ਸਾਲੇ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇਕ ਦੀ ਮੌਤ

03/31/2018 10:46:36 AM

ਚੰਡੀਗੜ੍ਹ (ਸੰਦੀਪ) : ਸ਼ਹਿਰ ਦੇ ਸੈਕਟਰ-25 'ਚ ਰਹਿਣ ਵਾਲੇ ਅਮਨ ਅਤੇ ਉਸ ਦੇ ਜੀਜੇ ਸੰਨੀ 'ਤੇ ਉਨ੍ਹਾਂ ਦੇ ਘਰ ਨੇੜੇ ਹੀ ਬੀਤੀ ਰਾਤ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਗੰਭੀਰ ਰੂਪ 'ਚ ਜ਼ਖਮੀ ਦੋਹਾਂ ਨੂੰ ਸੈਕਟਰ-16 ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਪੁਲਸ ਨੇ ਅਮਨ ਨੂੰ ਮ੍ਰਿਤਕ ਐਲਾਨਿਆ। ਉਸ ਦੇ ਪੇਟ 'ਚ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ। ਦੂਜੇ ਪਾਸੇ ਸੰਨੀ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਮ੍ਰਿਤਕ ਅਮਨ ਸੈਕਟਰ-17 'ਚ ਫੜ੍ਹੀ ਲਾਉਂਦਾ ਸੀ ਅਤੇ ਰਾਤ 10.30 ਵਜੇ ਉਹ ਆਪਣੇ ਜੀਜੇ ਸੰਨੀ ਨਾਲ ਘਰ ਜਾ ਰਿਹਾ ਸੀ ਕਿ ਅਚਾਨਕ ਹਥਿਆਰ ਬੰਦ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਹਮਲੇ ਦੇ ਮੁੱਖ ਦੋਸ਼ੀ ਦਾ ਨਾਂ ਤਰਸੇਮ ਦੱਸਿਆ ਜਾ ਰਿਹਾ ਹੈ, ਜੋ ਕਿ ਸੈਕਟਰ-17 'ਚ ਹੀ ਫੜ੍ਹੀ ਲਾਉਂਦਾ ਹੈ। 
ਦਿਨ ਵੇਲੇ ਹੋਇਆ ਸੀ ਝਗੜਾ
ਚਰਚਾ ਹੈ ਕਿ ਤਰਸੇਮ ਅਤੇ ਅਮਨ ਵਿਚਕਾਰ ਦੁਪਹਿਰ ਨੂੰ ਝਗੜਾ ਹੋਇਆ ਸੀ। ਘਟਨਾ ਤੋਂ ਬਾਅਦ ਸੈਕਟਰ-16 ਹਸਪਤਾਲ 'ਚ ਇਕ ਵਿਸ਼ੇਸ਼ ਭਾਈਚਾਰੇ ਸੈਂਕੜੇ ਲੋਕ ਇਕੱਠੇ ਹੋ ਗਏ। ਇਸ ਦੌਰਾਨ ਉਨ੍ਹਾਂ ਦੀ ਪੁਲਸ ਨਾਲ ਹੱਥੋਪਾਈ ਵੀ ਹੋਈ। ਮ੍ਰਿਤਕ ਦੇ ਛੋਟੇ ਭਰਾ ਨੇ ਕਾਲੋਨੀ ਦੇ ਹੀ ਰਹਿਣ ਵਾਲੇ 3-4 ਨੌਜਵਾਨਾਂ 'ਤੇ ਕਤਲ ਦਾ ਦੋਸ਼ ਲਾਇਆ ਹੈ। ਐੱਸ. ਐੱਸ. ਪੀ. ਨੀਲਾਂਬਰੀ ਜਗਾਦਰੇ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-25 ਮਾਰਕਿਟ 'ਚ ਅਮਨ ਅਤੇ ਸੰਨੀ 'ਤੇ ਕੁਝ ਨੌਜਵਾਨਾਂ ਨੇ ਹਮਲਾ ਕੀਤਾ ਹੈ। ਹਸਪਤਾਲ 'ਚ ਅਮਨ ਦੀ ਤਾਂ ਮੌਤ ਹੋ ਗਈ, ਜਦੋਂ ਕਿ ਸੰਨੀ ਦੇ ਬਿਆਨ ਲਏ ਜਾ ਰਹੇ ਹਨ, ਜਿਸ ਦੇ ਆਧਾਰ 'ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਮਾਮਲੇ 'ਚ 3 ਨੌਜਵਾਨਾਂ ਨੂੰ ਰਾਊਂਡਅਪ ਕੀਤਾ ਹੈ। 


Related News