ਸਰਕਾਰੀ ਫੰਡਾਂ ਦੀ ਦੁਰਵਰਤੋਂ ਬਾਰੇ ਦੱਸਣ ਸੁਖਬੀਰ : ਕਾਂਗਰਸ

03/31/2018 8:28:27 AM

ਚੰਡੀਗੜ੍ਹ (ਭੁੱਲਰ) - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ 'ਤੇ ਲਾਏ ਗਏ ਦੋਸ਼ਾਂ ਦਾ ਮਾਮਲਾ ਭਖ ਰਿਹਾ ਹੈ। ਸੁਖਬੀਰ ਬਾਦਲ ਵੱਲੋਂ ਬੀਤੇ ਦਿਨੀਂ ਮਨਪ੍ਰੀਤ ਦੇ ਦੋਸ਼ਾਂ ਸਬੰਧੀ ਦਿੱਤੀ ਗਈ ਪ੍ਰਤੀਕਿਰਿਆ ਤੋਂ ਬਾਅਦ ਅੱਜ ਪੰਜਾਬ ਕਾਂਗਰਸ ਦੇ ਆਗੂਆਂ ਨੇ ਵੀ ਮੁੜ ਪਲਟਵਾਰ ਕਰਦਿਆਂ ਸੁਖਬੀਰ ਨੂੰ ਐੱਸ. ਜੀ. ਪੀ. ਸੀ. ਦੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਵਿੱਤ ਮੰਤਰੀ ਦੇ ਸਮਰਥਨ 'ਚ ਉਤਰਦਿਆਂ ਪੰਜਾਬ ਕਾਂਗਰਸ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਰੰਧਾਵਾ, ਐੱਸ. ਐੱਸ. ਸੁੱਖ ਸਰਕਾਰੀਆ, ਬਲਬੀਰ ਸਿੰਘ ਸਿੱਧੂ, ਕੁਲਜੀਤ ਸਿੰਘ ਨਾਗਰਾ, ਬਰਿੰਦਰ ਸਿੰਘ ਪਾਹੜਾ, ਤਰਸੇਮ ਡੀ. ਸੀ., ਇੰਦਰਬੀਰ ਬੁਲਾਰੀਆ, ਧਰਮਵੀਰ ਅਗਨੀਹੋਤਰੀ, ਅਮਿਤ ਵਿੱਜ (ਸਾਰੇ ਵਿਧਾਇਕਾਂ) ਤੇ ਹੋਰਨਾਂ ਨੇ ਕਿਹਾ ਹੈ ਕਿ ਮਨਪ੍ਰੀਤ ਬਾਦਲ ਨੂੰ ਦੋਸ਼ਾਂ ਨੂੰ ਸਾਬਤ ਕਰਨ ਦੀ ਚੁਣੌਤੀ ਦੇਣ ਦੀ ਬਜਾਏ, ਸੁਖਬੀਰ ਨੂੰ ਦੋਸ਼ਾਂ 'ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ, ਜਿਹੜੀ ਅਸਲੀਅਤ ਹੈ।
ਰੰਧਾਵਾ ਨੇ ਸੁਖਬੀਰ ਤੇ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਨਿੱਜੀ ਫਾਇਦੇ ਲਈ ਸਰਕਾਰੀ ਖਜ਼ਾਨੇ ਦੀ ਵਰਤੋਂ ਦੇ ਮਾਮਲੇ 'ਚ ਸੁਖਬੀਰ ਦੀ ਚੁੱਪੀ 'ਤੇ ਸਵਾਲ ਕੀਤਾ ਕਿ ਕਿਉਂ ਤੁਸੀਂ ਐੱਸ. ਜੀ. ਪੀ. ਸੀ. ਵੱਲੋਂ ਸਵ. ਸੁਰਿੰਦਰ ਕੌਰ ਦੇ ਭੋਗ 'ਤੇ ਖਰਚਾ ਕਰਨ ਦੇ ਮਾਮਲੇ 'ਤੇ ਚੁੱਪ ਹੋ? ਕਿਉਂ ਤੁਸੀਂ ਦਾਜ ਲੈਣ, ਪਰਿਵਾਰਕ ਮੈਂਬਰਾਂ ਦੀਆਂ ਸਿਹਤ ਸੁਵਿਧਾਵਾਂ ਲਈ ਸਰਕਾਰੀ ਖਰਚਾ ਕਰਨ, ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਤੇ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਕਰ ਕੇ ਧਨ ਇਕੱਠਾ ਕਰਨ ਦੇ ਮਾਮਲੇ 'ਚ ਚੁੱਪ ਹੋ? ਕਾਂਗਰਸੀ ਆਗੂਆਂ ਨੇ ਸਵਾਲ ਕੀਤਾ ਕਿ ਕਿਉਂ ਸੁਖਬੀਰ ਬਾਦਲ ਉਨ੍ਹਾਂ (ਬਾਦਲਾਂ) ਤੇ ਮਜੀਠੀਆ ਵੱਲੋਂ ਬੀਤੇ 10 ਸਾਲਾਂ 'ਚ ਇਕੱਠੇ ਕੀਤੇ ਗਏ ਧਨ ਤੇ ਐੱਸ.ਵਾਈ.ਐੱਲ. ਦੀ ਜ਼ਮੀਨ ਕਬਜ਼ਾਉਣ ਬਦਲੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦੇਵੀ ਲਾਲ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਗੁੜਗਾਓਂ 'ਚ ਦਿੱਤੇ ਗਏ ਪਲਾਟ 'ਤੇ ਚੁੱਪ ਹੋ? ਸੁਖਬੀਰ ਨੂੰ ਮਨਪ੍ਰੀਤ ਬਾਦਲ ਨੂੰ ਕਿਸੇ ਤਰ੍ਹਾਂ ਦੀ ਚੁਣੌਤੀ ਦੇਣ ਦੀ ਬਜਾਏ 'ਤੇ ਇਨ੍ਹਾਂ ਮੁੱਦਿਆਂ 'ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਵਿਧਾਇਕਾਂ ਨੇ ਕਿਹਾ ਕਿ ਬਾਦਲਾਂ ਨੇ ਗੁੜਗਾਓਂ 'ਚ 18 ਏਕੜ ਦੇ ਪਲਾਟ 'ਤੇ ਹੋਟਲ ਖੜ੍ਹਾ ਕਰਨ ਲਈ ਪੰਜਾਬ ਦੇ ਪਾਣੀਆਂ ਨੂੰ ਵੇਚ ਦਿੱਤਾ। ਜਿਹੜਾ ਇਨ੍ਹਾਂ ਦੀ ਛੋਟੇ ਫਾਇਦੇ ਦੀ ਸਿਆਸਤ ਕਾਰਨ ਪਾਣੀ 'ਤੇ ਹਰਿਆਣਾ ਨਾਲ ਪੰਜਾਬ ਦੇ ਵਿਵਾਦ ਦਾ ਕਾਰਨ ਬਣਿਆ। ਇਸ ਵਿਵਾਦ ਦਾ ਪੰਜਾਬ 'ਚ ਕਾਲੇ ਦਿਨਾਂ ਨਾਲ ਸਿੱਧਾ ਸਬੰਧ ਹੈ। ਕਾਂਗਰਸੀਆਂ ਨੇ ਸੁਖਬੀਰ ਨੂੰ ਦਾਜ 'ਚ ਕਾਰ ਲੈਣ ਦੇ ਮਾਮਲੇ 'ਚ ਨਾਮਜ਼ਦ ਕੀਤੇ ਜਾਣ ਦੀ ਮੰਗ ਕੀਤੀ ਹੈ, ਜਿਸ ਨੂੰ ਮਜੀਠੀਆ ਪਰਿਵਾਰ ਨੇ ਕਿਸ਼ਤਾਂ 'ਤੇ ਖਰੀਦਿਆ ਸੀ। ਉਨ੍ਹਾਂ ਕਿਹਾ ਕਿ ਦਾਜ ਲੈਣਾ ਤੇ ਦੇਣਾ ਅਪਰਾਧ ਹੈ ਤੇ ਇਹ ਇਕ ਸਮਾਜਿਕ ਗੁਨਾਹ ਹੈ। ਮਜੀਠੀਆ ਪਰਿਵਾਰ ਨੇ ਲੋਨ ਲੈ ਕੇ ਇਨ੍ਹਾਂ ਨੂੰ ਕਾਰ ਦਿੱਤੀ, ਜਿਹੜਾ ਸੰਕੇਤ ਦਿੰਦਾ ਹੈ ਕਿ ਬਾਦਲਾਂ ਨੇ ਇਸ ਦੀ ਮੰਗ ਕੀਤੀ ਹੋਵੇਗੀ।


Related News