6 ਮਹੀਨੇ ਕੰਮ ਨਾ ਕੀਤਾ ਤਾਂ ਲੋਕ ਸਭਾ ਚੋਣਾਂ ''ਚ ਹੋਵੇਗੀ ਮੁਸ਼ਕਲ

03/31/2018 8:28:32 AM

ਜਲੰਧਰ - ਪੰਜਾਬ 'ਚ ਸਰਕਾਰ ਦੇ ਕਾਰਜਕਾਲ ਦਾ ਇਕ ਸਾਲ ਪੂਰਾ ਹੁੰਦਿਆਂ ਹੀ ਸਰਕਾਰ ਦੇ ਆਪਣੇ ਹੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਸਿੱਧੂ ਨੇ ਕਿਹਾ ਹੈ ਕਿ ਸਰਕਾਰ ਇਕ ਸਾਲ 'ਚ ਲੋਕਾਂ ਨੂੰ ਜ਼ਿਆਦਾ ਸਹੂਲਤਾਂ ਨਹੀਂ ਦੇ ਸਕੀ ਪਰ ਅਸੀਂ ਨਵੇਂ ਟੈਕਸ ਲਾ ਦਿੱਤੇ ਹਨ। ਇਹ ਟੈਕਸ ਲੋਕਾਂ ਨੂੰ ਮਨਜ਼ੂਰ ਨਹੀਂ ਹਨ। ਜੇ 6 ਮਹੀਨਿਆਂ ਤੱਕ ਅਸੀਂ ਕੰਮ ਨਹੀਂ ਕੀਤਾ ਤਾਂ ਲੋਕ ਲੋਕਸਭਾ ਚੋਣਾਂ 'ਚ ਪਾਰਟੀ ਨੂੰ ਵੋਟ ਨਹੀਂ ਦੇਣਗੇ।
ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ 2017 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਇਕ ਆਸ ਤੇ ਵਿਸ਼ਵਾਸ ਦੀ ਰਾਜਨੀਤੀ 'ਚ ਹਿੱਸੇਦਾਰ ਬਣਦੇ ਹੋਏ ਸੋਚ-ਸਮਝ ਕੇ ਸੂਝਵਾਨ ਤਰੀਕੇ ਨਾਲ ਕਾਂਗਰਸ ਨੂੰ ਵੋਟ ਦਿੱਤੀ। ਹੁਣ ਇਹ ਸਾਡੇ 'ਤੇ ਹੈ ਕਿ ਅਸੀਂ ਕੰਮ ਕਰਕੇ ਦਿਖਾਈਏ ਤੇ ਜੇ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਲੋਕ 2019 'ਚ ਪੋਲ ਖੋਲ੍ਹ ਦੇਣਗੇ। ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਿਆਸਤ 'ਚ ਲੋਕ ਰਿਸ਼ਤੇਦਾਰੀਆਂ ਨਹੀਂ ਦੇਖਦੇ। ਲੋਕ ਦੇਖਦੇ ਹਨ ਕਿ ਪਾਰਟੀ ਨੇ ਪੰਜਾਬ ਦਾ ਭਲਾ ਕੀਤਾ ਹੈ ਜਾਂ ਨਹੀਂ। ਸਰਕਾਰ ਦਾ ਕੰਮ ਜ਼ਮੀਨ 'ਤੇ ਨਜ਼ਰ ਆ ਰਿਹਾ ਹੈ ਜਾਂ ਨਹੀਂ। ਮੈਨੂੰ ਲੱਗਦਾ ਹੈ ਕਿ 6 ਮਹੀਨਿਆਂ 'ਚ ਸਾਨੂੰ ਕੁਝ ਕਰਨਾ ਪਵੇਗਾ। ਅਸੀਂ ਸ਼ੁਤਰ ਮੁਰਗ ਵਾਂਗ ਦੁਸ਼ਮਣਾਂ ਨੂੰ ਸਾਹਮਣੇ ਦੇਖ ਕੇ ਰੇਤ 'ਚ ਧੌਣ ਨਹੀਂ ਨੱਪ ਸਕਦੇ। ਇਸ ਤਰ੍ਹਾਂ ਕਰਨ ਨਾਲ ਸ਼ਿਕਾਰੀ ਸ਼ਿਕਾਰ ਕਰ ਕੇ ਚਲਾ ਜਾਵੇਗਾ।
ਹਾਲਾਂਕਿ ਸਿੱਧੂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਬੇਵਕੂਫ ਨਹੀਂ ਹਨ ਤੇ ਉਨ੍ਹਾਂ ਨੇ ਲਗਾਤਾਰ 4 ਵਾਰ ਕਾਂਗਰਸ ਨੂੰ ਵੋਟ ਦੇ ਕੇ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੀ ਨੀਤੀ ਤੇ ਨੀਅਤ 'ਚ ਕੁਝ ਫਰਕ ਤਾਂ ਦੇਖਿਆ ਹੋਵੇਗਾ। ਲੋਕ ਦੋਵਾਂ ਸਰਕਾਰਾਂ ਦਾ ਮੁਲਾਂਕਣ ਵੀ ਕਰ ਰਹੇ ਹੋਣਗੇ ਤੇ ਉਨ੍ਹਾਂ ਨੂੰ ਕੁਝ ਫਰਕ ਵੀ ਨਜ਼ਰ ਆ ਰਿਹਾ ਹੋਵੇਗਾ ਪਰ ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਅਜੇ ਹੋਰ ਵੀ ਸੁਧਾਰ ਦੀ ਗੁੰਜਾਇਸ਼ ਹੈ।
ਪੰਜਾਬ ਸਰਕਾਰ ਵਲੋਂ ਲਾਏ ਗਏ ਨਵੇਂ ਟੈਕਸਾਂ 'ਤੇ ਟਿੱਪਣੀ ਕਰਦਿਆਂ ਸਿੱਧੂ ਨੇ ਕਿਹਾ ਕਿ ਸੂਬੇ ਦੀ ਆਰਥਿਕ ਹਾਲਤ ਬਹੁਤ ਖਸਤਾ ਹੈ ਤੇ ਇਸ ਖਸਤਾ ਹਾਲਤ ਨੂੰ ਸੁਧਾਰਨ ਲਈ ਸਰਕਾਰੀ ਨੂੰ ਮਾਲੀਏ ਦੀ ਜ਼ਰੂਰਤ ਹੈ, ਇਸ ਲਈ 2 ਹੀ ਤਰੀਕੇ ਹੋ ਸਕਦੇ ਹਨ ਜਾਂ ਤਾਂ ਨਵੇਂ ਟੈਕਸ ਲਾਏ ਜਾਣ ਜਾਂ ਫਿਰ ਸਰਕਾਰ ਦੇ ਕੁਦਰਤੀ ਸੰਸਾਧਨਾਂ ਤੋਂ ਆਮਦਨ ਜੁਟਾਈ ਜਾਵੇ। ਅਸੀਂ ਕਿਹੜਾ ਰਸਤਾ ਫੜਦੇ ਹਾਂ, ਇਹ ਸਾਡਾ ਮੁਕੱਦਰ ਤੈਅ ਕਰੇਗਾ ਕਿਉਂਕਿ ਅਸੀਂ ਜੋ ਕਰਮ ਕਰਦੇ ਹਾਂ, ਉਹ ਆਦਤਾਂ ਬਣਦੀਆਂ ਹਨ ਤੇ ਆਦਤਾਂ ਨਾਲ ਸਾਡਾ ਕਿਰਦਾਰ ਬਣਦਾ ਹੈ ਅਤੇ ਸਾਡਾ ਕਿਰਦਾਰ ਹੀ ਸਾਡਾ ਮੁਕੱਦਰ ਤੈਅ ਕਰਦਾ ਹੈ। ਮੈਂ ਸਰਕਾਰ ਨੂੰ 5 ਸੂਤਰੀ ਫਾਰਮੂਲਾ ਦੱਸਿਆ ਹੈ, ਜਿਸ ਨਾਲ ਸਰਕਾਰ ਨੂੰ 10 ਤੋਂ 15 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋ ਸਕਦੀ ਹੈ। ਸਿੱਧੂ ਨੇ ਕਿਹਾ ਕਿ ਰੇਤ ਦੀ ਮਾਈਨਿੰਗ ਨਾਲ ਸਰਕਾਰ 2000 ਕਰੋੜ ਰੁਪਏ ਤੱਕ ਦਾ ਮਾਲੀਆ ਕਮਾ ਸਕਦੀ ਹੈ ਜਦਕਿ ਸ਼ਰਾਬ ਦੇ ਕਾਰੋਬਾਰ ਨੂੰ ਪਾਰਦਰਸ਼ੀ ਬਣਾ ਕੇ 5 ਹਜ਼ਾਰ ਕਰੋੜ, ਟਰਾਂਸਪੋਰਟ ਦੇ ਕਾਰੋਬਾਰ 'ਚ ਨਿੱਜੀ ਹਿੱਸੇਦਾਰੀ ਘੱਟ ਕਰਕੇ 2000 ਕਰੋੜ ਤੇ ਕੇਬਲ ਦੇ ਕਾਰੋਬਾਰ ਤੋਂ 600 ਕਰੋੜ ਤੇ ਐਂਟਰਟੇਨਮੈਂਟ ਟੈਕਸ ਜ਼ਰੀਏ ਵੀ ਹਜ਼ਾਰਾਂ ਕਰੋੜ ਦੀ ਆਮਦਨ ਹੋ ਸਕਦੀ ਹੈ। ਇਸ ਦੇ ਇਲਾਵਾ ਪ੍ਰਵਾਸੀ ਭਾਰਤੀਆਂ ਤੇ ਬਾਹਰੀ ਨਿਵੇਸ਼ਕਾਂ ਲਈ ਸਿੰਗਲ ਵਿੰਡੋ ਸਿਸਟਮ ਲਾਗੂ ਕਰਕੇ ਨਾ ਸਿਰਫ ਸੂਬੇ 'ਚ ਨਿਵੇਸ਼ ਜ਼ਰੀਏ ਨੌਕਰੀਆਂ ਆਉਣਗੀਆਂ ਬਲਕਿ ਮਾਲੀਆ 'ਚ ਵੀ ਵਾਧਾ ਹੋਵੇਗਾ। ਇਨ੍ਹਾਂ 'ਚੋਂ ਸਿਰਫ ਰੇਤ ਦੇ ਮਾਮਲੇ ਨੂੰ ਲੈ ਕੇ ਨੀਤੀ ਬਣਾਉਣ ਲਈ ਕਮੇਟੀ ਬਣ ਵੀ ਗਈ ਹੈ। ਟਰਾਂਸਪੋਰਟ ਨੀਤੀ 'ਤੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਸਿੱਧੂ ਨੇ ਕਿਹਾ ਕਿ ਇਹ ਮੇਰਾ ਵਿਭਾਗ ਨਹੀਂ ਹੈ।
ਮਜੀਠੀਆ ਦੀ ਦਾੜ੍ਹੀ 'ਚ ਤਿਨਕਾ
ਪੰਜਾਬ 'ਚ ਡਰੱਗ ਕਾਰੋਬਾਰ ਨੂੰ ਲੈ ਕੇ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਵਲੋਂ ਤਿਆਰ ਕੀਤੀ ਗਈ ਰਿਪੋਰਟ ਦੇ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਗਏ ਬਿਆਨ 'ਤੇ ਵੀ ਸਿੱਧੂ ਨੇ ਪ੍ਰਤੀਕਿਰਿਆ ਦਿੱਤੀ ਹੈ। ਸਿੱਧੂ ਨੇ ਕਿਹਾ ਕਿ ਇਹ ਰਿਪੋਰਟ ਹੁਣ ਗ੍ਰਹਿ ਮੰਤਰਾਲਾ ਤੋਂ ਹੁੰਦੇ ਹੋਏ ਡੀ. ਜੀ. ਪੀ. ਕੋਲ ਪਹੁੰਚ ਗਈ ਹੈ ਤੇ ਹੁਣ ਅਸੀਂ ਕਾਰਵਾਈ ਦਾ ਇੰਤਜ਼ਾਰ ਕਰ ਲੈਂਦੇ ਹਾਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਐੱਸ. ਟੀ. ਐੱਫ. ਦੀ ਰਿਪੋਰਟ 'ਤੇ ਡੀ. ਜੀ. ਪੀ. ਹੀ ਕਾਰਵਾਈ ਕਰਨਗੇ। ਸਾਬਕਾ ਮੰਤਰੀ ਬਿਕਰਮ ਮਜੀਠੀਆ ਵਲੋਂ ਬੋਲੇ ਗਏ ਹਮਲੇ ਦੇ ਜਵਾਬ 'ਚ ਸਿੱਧੂ ਨੇ ਕਿਹਾ ਕਿ ਇਹ ਰਿਪੋਰਟ ਮੀਡੀਆ 'ਚ ਪਹਿਲਾਂ ਹੀ ਸੀ। ਹੁਣ ਜੋ ਰਿਪੋਰਟ ਸਰਕਾਰ ਦੇ ਐਡਵੋਕੇਟ ਜਨਰਲ ਕੋਲ ਹੈ ਤੇ ਜੋ ਰਿਪੋਰਟ ਮੀਡੀਆ 'ਚ ਹੈ, ਉਸ 'ਚ ਸਿੱਧੂ ਖਿਲਾਫ ਬੋਲ ਕੇ ਕੁਝ ਨਹੀਂ ਮਿਲੇਗਾ। ਮਜੀਠੀਆ ਦੀ ਦਾੜ੍ਹੀ 'ਚ ਤਿਨਕਾ ਹੈ। ਮਜੀਠੀਆ ਪਹਿਲਾਂ ਖੁਦ ਦੱਸਣ ਕਿ ਇਸ ਰਿਪੋਰਟ 'ਚ ਬਿੱਟੂ ਔਲਖ ਤੇ ਚਾਹਲ ਵਲੋਂ ਮੈਜਿਸਟਰੇਟ ਦੇ ਸਾਹਮਣੇ ਦਿੱਤੇ ਗਏ ਬਿਆਨਾਂ 'ਤੇ ਉਨ੍ਹਾਂ ਦਾ ਕੀ ਕਹਿਣਾ ਹੈ। ਇਹ ਰਿਪੋਰਟ ਮੈਂ ਤਾਂ ਨਹੀਂ ਬਣਵਾਈ ਨਾ ਹੀ ਮੈਂ ਹਰਪ੍ਰੀਤ ਸਿੱਧੂ ਤੇ ਨਵਕਿਰਨ ਸਿੰਘ ਨੂੰ ਜਾਣਦਾ ਹਾਂ। ਮੈਂ ਤਾਂ ਸਿਰਫ ਰਿਪੋਰਟ ਦੇ ਤੱਥਾਂ ਦੀ ਗੱਲ ਕੀਤੀ ਹੈ।
ਵਾਇਰਲ ਵੀਡੀਓ 'ਤੇ ਸਿੱਧੂ ਦੀ ਸਫਾਈ
ਕਾਂਗਰਸ ਦੀ ਬੈਠਕ 'ਚ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਭਾਸ਼ਣ ਦੀ ਵੀਡੀਓ ਵਾਇਰਲ ਹੋਣ 'ਤੇ ਬਿਕਰਮ ਸਿੰਘ ਮਜੀਠੀਆ ਵਲੋਂ ਇਸ ਮਾਮਲੇ 'ਚ ਬੋਲੇ ਗਏ ਹਮਲੇ ਦਾ ਜਵਾਬ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ ਮਜੀਠੀਆ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛੇ, ਉਹ ਵੀ ਪਹਿਲਾਂ ਕਾਂਗਰਸ 'ਚ ਹੀ ਰਹੇ ਸਨ। ਮੇਰੀ ਤਾਂ ਕਾਂਗਰਸ ਪਾਰਟੀ 'ਚ ਘਰ ਵਾਪਸੀ ਹੋਈ ਹੈ। ਮੇਰੇ ਪਿਤਾ ਨੇ 40 ਸਾਲਾਂ ਤੋਂ ਜ਼ਿਆਦਾ ਸਮੇਂ ਕਾਂਗਰਸ ਦੀ ਸੇਵਾ ਕੀਤੀ ਹੈ। ਮੈਂ ਬਾਦਲ ਉਪਰ ਵੀ ਭਰੋਸਾ ਕੀਤਾ ਸੀ ਪਰ ਉਨ੍ਹਾਂ ਨੇ ਮੇਰੀ ਪਿੱਠ 'ਚ ਛੁਰਾ ਮਾਰਿਆ। ਉਹ ਆਪਣੇ ਪਰਿਵਾਰ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਜੋ ਵੀ ਸਿਆਸਤ 'ਚ ਥੋੜ੍ਹਾ ਉਪਰ ਉਠਦਾ ਹੈ, ਉਹ ਉਸ ਨੂੰ ਡੇਗਣ ਦੀ ਸਿਆਸਤ ਕਰਦੇ ਹਨ। ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਤੇ ਰਤਨ ਸਿੰਘ ਅਜਨਾਲਾ ਨੂੰ ਵੀ ਬਾਦਲ  ਪਰਿਵਾਰ ਦੀ ਸਿਆਸਤ ਨੇ ਹੀ ਦਬਾਈ ਰੱਖਿਆ। ਮਜੀਠੀਆ ਦੀ ਖੁਦ ਦੀ ਸਿਰਫ ਇਹੀ ਯੋਗਤਾ ਹੈ ਕਿ ਉਹ ਸੁਖਬੀਰ ਦਾ ਸਾਲਾ ਹੈ ਤੇ ਇਸੇ ਕਾਰਨ ਪਹਿਲੀ ਵਾਰ ਵਿਧਾਇਕ ਬਣਨ 'ਤੇ ਹੀ ਉਸ ਨੂੰ ਮੰਤਰੀ ਬਣਾ ਦਿੱਤਾ ਗਿਆ। ਇਨ੍ਹਾਂ ਲੋਕਾਂ ਨੇ ਆਪਣੇ ਪਰਿਵਾਰ ਕੋਲ 26 ਮੰਤਰਾਲੇ ਰੱਖੇ ਤੇ 30 ਵਿਭਾਗਾਂ 'ਤੇ ਇਨ੍ਹਾਂ ਦਾ ਕੰਟਰੋਲ ਰਿਹਾ। ਇਹ ਪੰਜਾਬ ਨੂੰ ਲੁੱਟ ਕੇ ਖਾ ਗਏ। ਜੇ ਤੁਸੀਂ ਇਨ੍ਹਾਂ ਦੇ ਨਾਲ ਹੱਥ ਮਿਲਾਓਗੇ ਤਾਂ ਤੁਹਾਡੇ ਹੱਥ ਦੀਆਂ ਉਂਗਲੀਆਂ ਚਾਰ ਰਹਿ ਜਾਣਗੀਆਂ।


Related News