5 ਭੈਣਾਂ ਦੇ ਇਕਲੌਤੇ ਭਰਾ ਨੂੰ ਤੇਜ਼ ਰਫਤਾਰ ਬੱਸ ਨੇ ਕੁਚਲਿਆ

03/31/2018 6:52:37 AM

ਜਲੰਧਰ, (ਮਹੇਸ਼)— ਰਾਮਾਮੰਡੀ-ਹੁਸ਼ਿਆਰਪੁਰ ਰੋਡ 'ਤੇ ਗਿੱਲ ਫਾਰਮ ਦੇ ਸਾਹਮਣੇ ਸ਼ੁੱਕਰਵਾਰ ਨੂੰ ਸਵੇਰੇ 10.30 ਵਜੇ ਹੋਏ ਇਕ ਦਰਦਨਾਕ ਹਾਦਸੇ ਵਿਚ ਹੁਸ਼ਿਆਰਪੁਰ ਜਾ ਰਹੀ ਦੋਆਬਾ ਕੰਪਨੀ ਦੀ ਤੇਜ਼ ਰਫਤਾਰ ਬੱਸ ਨੇ ਆਪਣੇ ਅੱਗੇ ਜਾ ਰਹੇ ਸਕੂਟਰੀ ਸਵਾਰ 22 ਸਾਲਾ ਨੌਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਹ ਉਸ ਬੱਸ ਦੇ ਅਗਲੇ ਟਾਇਰ ਦੇ ਹੇਠਾਂ ਆਉਣ ਨਾਲ ਬੁਰੀ ਤਰ੍ਹਾਂ ਕੁਚਲਿਆ ਗਿਆ ਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਕੁਮਾਰ ਉਰਫ ਸਾਬੀ ਪੁੱਤਰ ਮਨਜੀਤ ਲਾਲ ਵਾਸੀ ਬਾਬਾ ਬੁੱਢਾ ਜੀ ਨਗਰ ਰਾਮਾਮੰਡੀ ਜਲੰਧਰ ਦੇ ਤੌਰ 'ਤੇ ਹੋਈ ਹੈ ਜੋ 5 ਭੈਣਾਂ ਦਾ ਇਕਲੌਤਾ ਭਰਾ ਸੀ ਤੇ ਵੇਟਰ ਦਾ ਕੰਮ ਕਰਦਾ ਸੀ। ਹਾਦਸੇ ਸਮੇਂ ਉਹ ਨੰਗਲਸ਼ਾਮਾ ਚੌਕ ਵੱਲ ਕੰਮ 'ਤੇ ਹੀ ਜਾ ਰਿਹਾ ਸੀ। ਬੱਸ ਅੱਗੇ ਟਾਇਰ ਦੇ ਹੇਠਾਂ ਪਏ ਹਰਪ੍ਰੀਤ ਸਾਬੀ ਨੂੰ ਵੇਖ ਕੇ ਉਥੇ ਲੋਕਾਂ ਦੀ ਕਾਫੀ ਭੀੜ ਜਮ੍ਹਾ ਹੋ ਗਈ। ਲੋਕਾਂ ਦੀ ਭੀੜ ਨੇ ਬੱਸ ਨੂੰ ਵੀ ਰੋਕ ਲਿਆ ਅਤੇ ਥਾਣਾ ਰਾਮਾਮੰਡੀ ਦੀ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਰਾਮਾਮੰਡੀ ਦੇ ਏ. ਐੱਸ. ਆਈ. ਕੁਲਦੀਪ ਸਿੰਘ ਨੇ ਮ੍ਰਿਤਕ ਸਾਬੀ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ ਅਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਪੁਲਸ ਵਾਲੇ ਸਾਬੀ ਦੀ ਲਾਸ਼ ਨੂੰ ਚੁੱਕ ਕੇ ਹਸਪਤਾਲ ਲੈ ਗਏ ਸਨ। 

3 ਮਹੀਨੇ ਪਹਿਲਾਂ ਹੀ ਖਰੀਦੀ ਸੀ ਕਾਲੇ ਰੰਗ ਦੀ ਸਕੂਟਰੀ
3 ਮਹੀਨੇ ਪਹਿਲਾਂ ਹੀ ਖਰੀਦੀ ਕਾਲੇ ਰੰਗ ਦੀ ਸਕੂਟਰੀ 'ਤੇ ਅਜੇ ਟੈਂਪਰੇਰੀ ਨੰਬਰ ਵੀ ਸਾਬੀ ਨੇ ਨਹੀਂ ਲਿਖਵਾਇਆ ਸੀ। ਹਾਦਸੇ ਸਮੇਂ ਉਸਦਾ ਚਾਚਾ ਰਮੇਸ਼ ਲਾਲ ਪੁੱਤਰ ਮਹਿੰਗਾ ਰਾਮ ਵਾਸੀ ਬਾਬਾ ਬੁੱਢਾ ਜੀ ਨਗਰ, ਰਾਮਾਮੰਡੀ ਆਪਣੇ ਬਾਈਕ 'ਤੇ ਪਿੱਛੇ ਹੀ ਆ ਰਿਹਾ ਸੀ। ਦੋਵੇਂ ਇਕੱਠੇ ਹੀ ਘਰੋਂ ਨਿਕਲੇ ਸਨ। ਚਾਚਾ ਰਮੇਸ਼ ਲਾਲ ਦਿਹਾੜੀ ਕਰਦਾ ਸੀ। ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਭਤੀਜੇ ਦੀ ਬੱਸ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। 

ਬੱਸ ਚਾਲਕ ਕਾਬੂ, ਕੇਸ ਦਰਜPunjabKesari

ਸਾਬੀ ਨੂੰ ਬੱਸ ਹੇਠਾਂ ਕੁਚਲਣ ਵਾਲੇ ਮੁਲਜ਼ਮ ਬੱਸ ਚਾਲਕ ਪਰਮਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਨਸਰਾਲਾ ਜ਼ਿਲਾ ਹੁਸ਼ਿਆਰਪੁਰ ਨੂੰ ਥਾਣਾ ਰਾਮਾਮੰਡੀ ਦੀ ਪੁਲਸ ਨੇ ਕਾਬੂ ਕਰਕੇ ਬੱਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਪਰਮਜੀਤ ਸਿੰਘ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 304 ਏ, 279, 427 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਬੱਸ ਚਾਲਕ ਕੋਲੋਂ ਹਾਦਸੇ ਬਾਰੇ ਪੁਲਸ ਪੁੱਛਗਿੱਛ ਕਰ ਰਹੀ ਹੈ। ਦੋਆਬਾ ਕੰਪਨੀ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ।

ਪਹਿਲਾਂ ਭੈਣਾਂ ਤੇ ਮਾਂ ਨੂੰ ਨਹੀਂ ਸੀ ਦੱਸਿਆ ਮੌਤ ਬਾਰੇ
ਮ੍ਰਿਤਕ ਸਾਬੀ ਦੀ ਮੌਤ ਤਾਂ ਮੌਕੇ 'ਤੇ ਹੀ ਹੋ ਗਈ ਸੀ। ਉਸਦੇ ਪਰਿਵਾਰ ਵਾਲੇ ਮਾਂ ਪਰਮਿੰਦਰ ਕੌਰ ਤੇ ਭੈਣਾਂ ਮੌਕੇ 'ਤੇ ਪਹੁੰਚ ਤਾਂ ਗਈਆਂ ਪਰ ਉਨ੍ਹਾਂ ਨੂੰ ਸਾਬੀ ਦੀ ਮੌਤ ਬਾਰੇ ਨਹੀਂ ਦੱਸਿਆ ਗਿਆ। ਉਸਦੀ ਲਾਸ਼ ਨੂੰ ਹਸਪਤਾਲ ਲਿਜਾਇਆ ਜਾ ਚੁੱਕਾ ਸੀ। ਪਹਿਲਾਂ ਕਿਹਾ ਗਿਆ ਸੀ ਕਿ ਸਾਬੀ ਨੂੰ ਸੱਟਾਂ ਲੱਗੀਆਂ ਹਨ, ਇਸ ਲਈ ਉਸਨੂੰ ਹਸਪਤਾਲ ਲਿਆਂਦਾ ਗਿਆ ਹੈ। ਬਾਅਦ ਵਿਚ ਉਨ੍ਹਾਂ ਨੂੰ ਉਸਦੀ ਮੌਤ ਦੀ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਹਸਪਤਾਲ ਵਿਚ ਮ੍ਰਿਤਕ ਦੀ ਮਾਂ ਅਤੇ ਭੈਣਾਂ ਦਾ ਰੋਣਾ ਦੇਖਿਆ ਨਹੀਂ ਸੀ ਜਾ ਰਿਹਾ। ਉਥੇ ਮੌਜੂਦ ਹੋਰ ਲੋਕ ਤੇ ਰਿਸ਼ਤੇਦਾਰ ਉਨ੍ਹਾਂ ਨੂੰ ਸੰਭਾਲਣ ਵਿਚ ਲੱਗੇ ਹੋਏ ਸਨ। 

ਲੋਕਾਂ ਦੇ ਘਰਾਂ 'ਚ ਮਾਂ ਕਰਦੀ ਹੈ ਕੰਮ
ਇਕਲੌਤੇ ਬੇਟੇ ਸਾਬੀ ਅਤੇ 5 ਬੇਟੀਆਂ ਦਾ ਪਾਲਣ ਪੋਸ਼ਣ ਕਰਨ ਵਾਲੀ ਮ੍ਰਿਤਕ ਸਾਬੀ ਦੀ ਮਾਂ ਪਰਮਿੰਦਰ ਕੌਰ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ। ਉਸਨੇ ਕਿਹਾ ਕਿ ਸਾਬੀ 10ਵੀਂ ਪਾਸ ਕਰਨ ਤੋਂ ਬਾਅਦ ਕੰਮ ਵਿਚ ਲੱਗ ਗਿਆ ਸੀ। ਉਸਦੀ ਇੱਛਾ ਸੀ ਕਿ ਉਹ ਆਪਣੀ ਮਾਂ ਨੂੰ ਲੋਕਾਂ ਦੇ ਘਰਾਂ ਵਿਚ ਕੰਮ ਨਹੀਂ ਕਰਨ ਦੇਵੇਗਾ। 

ਦੇਰ ਸ਼ਾਮ ਹੋਇਆ ਪੋਸਟਮਾਰਟਮ
ਮ੍ਰਿਤਕ ਸਾਬੀ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕਾਨੂੰਨੀ ਕਾਰਵਾਈ ਤੋਂ ਬਾਅਦ ਦੇਰ ਸ਼ਾਮ ਉਸਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ। ਸ਼ਨੀਵਾਰ ਨੂੰ ਸਵੇਰੇ ਰਾਮਾਮੰਡੀ ਵਿਚ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਸਾਬੀ ਦੀ ਮਾਂ ਬੋਲੀ : ਪੁੱਤ ਦੀ ਮੌਤ ਨੇ ਸਭ ਕੁਝ ਉਜਾੜ ਕੇ ਰੱਖ 'ਤਾ
ਉੱਚੇ ਲੰਮੇ ਜਵਾਨ ਪੁੱਤ ਦੀ ਮੌਤ ਨਾਲ ਉਸਦਾ ਸਭ ਕੁਝ ਹੀ ਉਜੜ ਗਿਆ ਹੈ। ਸਾਬੀ ਦੀ ਮੌਤ ਤੋਂ ਬਾਅਦ ਹੋਸ਼ ਗੁਆ ਚੁੱਕੀ ਉਸਦੀ ਮਾਂ ਪਰਮਿੰਦਰ ਕੌਰ ਕਹਿ ਰਹੀ ਸੀ ਕਿ ਜਿਸਨੇ ਉਸਦੇ ਪੁੱਤ ਦੀ ਜਾਨ ਲਈ ਹੈ, ਰੱਬ ਨੇ ਉਸਦਾ ਵੀ ਕੁਝ ਨਹੀਂ ਛੱਡਣਾ। ਉਹ ਕਹਿ ਰਹੀ ਸੀ ਕਿ 5 ਸਾਲ ਪਹਿਲਾਂ ਪਤੀ ਮਨਜੀਤ ਲਾਲ ਦੀ ਹੋਈ ਮੌਤ ਤੋਂ ਬਾਅਦ ਉਸਨੂੰ ਆਪਣੇ ਪੁੱਤ ਸਾਬੀ ਤੋਂ ਹੀ ਉਮੀਦਾਂ ਸਨ ਕਿ ਉਹ ਹੁਣ ਘਰ ਦੀ ਗਰੀਬੀ ਨੂੰ ਦੂਰ ਕਰੇਗਾ। 

2 ਭੈਣਾਂ ਦਾ ਹੋ ਚੁੱਕਾ ਹੈ ਵਿਆਹ, 3 ਹਨ ਕੁਆਰੀਆਂ
ਸਾਬੀ ਦੀਆਂ ਦੋ ਭੈਣਾਂ ਮੀਨਾਕਸ਼ੀ ਤੇ ਹਰਪ੍ਰੀਤ ਕੌਰ ਦਾ ਕੁਝ ਸਮਾਂ ਪਹਿਲਾਂ ਵਿਆਹ ਹੋ ਗਿਆ ਸੀ, ਜਦੋਂਕਿ ਅਜੇ 3 ਭੈਣਾਂ ਲਕਸ਼ਮੀ, ਪ੍ਰੀਤੀ ਤੇ ਵਿਸ਼ਾਲੀ ਜੋ ਸਾਬੀ ਤੋਂ ਛੋਟੀਆਂ ਹਨ, ਤਿੰਨੇ ਪੜ੍ਹ ਰਹੀਆਂ ਹਨ। ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਵੀ ਸਾਬੀ ਚੁੱਕ ਰਿਹਾ ਸੀ। ਪੰਜਾਂ ਭੈਣਾਂ ਦਾ ਸਾਬੀ ਲਾਡਲਾ ਭਰਾ ਸੀ। ਇਕ ਭੈਣ ਹਰਪ੍ਰੀਤ ਦੇ ਹੱਥਾਂ ਵਿਚੋਂ ਤਾਂ ਅਜੇ ਵਿਆਹ ਦਾ ਚੂੜਾ ਵੀ ਨਹੀਂ ਉਤਰਿਆ ਸੀ। ਉਸਨੂੰ ਉਸਦੇ ਭਰਾ ਦੀ ਮੌਤ ਬਾਰੇ ਨਹੀਂ ਦੱਸਿਆ ਜਾ ਰਿਹਾ ਸੀ। ਸਾਬੀ ਦਾ ਕਹਿਣਾ ਸੀ ਕਿ ਉਹ ਸਾਰੀਆਂ ਭੈਣਾਂ ਦਾ ਵਿਆਹ ਕਰਨ ਤੋਂ ਬਾਅਦ ਹੀ ਵਿਆਹ ਕਰਵਾਏਗਾ।


Related News