ਸ਼ਹੀਦ ਭਗਤ ਸਿੰਘ ਨੂੰ ਨਮਨ ਕਰਨ ਆਉਣ ਵਾਲੇ ਲੋਕਾਂ ਨੂੰ ਹੋਈ ਭਾਰੀ ਪ੍ਰੇਸ਼ਾਨੀ

03/24/2018 12:00:07 AM

ਨਵਾਂਸ਼ਹਿਰ, (ਤ੍ਰਿਪਾਠੀ)- ਪੰਜਾਬ ਸਰਕਾਰ ਵੱਲੋਂ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ 'ਚ ਆਯੋਜਿਤ ਸੂਬਾ ਪੱਧਰੀ ਸ਼ਹੀਦੀ ਸਮਾਗਮ 'ਚ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਫਗਵਾੜਾ ਵਾਸੀ ਐਡਵੋਕੇਟ ਐੱਸ.ਐੱਲ. ਵਿਰਦੀ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਸ਼ਹੀਦ ਭਗਤ ਸਿੰਘ ਨੂੰ ਨਮਨ ਕਰਨ ਲਈ ਅੱਜ ਖਟਕੜ ਕਲਾਂ ਆਇਆ ਸੀ ਪਰ ਉਸ ਦੀ ਗੱਡੀ ਨੂੰ ਬੰਗਾ ਤੋਂ ਪਿੱਛੇ ਹੀ ਰੋਕ ਲਿਆ ਤੇ ਸਿੱਧੇ ਖਟਕੜ ਕਲਾਂ ਜਾਣ ਦੀ ਥਾਂ ਪਿੰਡਾਂ 'ਚ ਘੁੰਮ ਕੇ ਇਥੇ ਆਉਣਾ ਪਿਆ। ਉਨ੍ਹਾਂ ਪ੍ਰਸ਼ਾਸਨ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਸਿਰਫ ਇਕ ਪਾਰਟੀ ਦੇ ਵਰਕਰਾਂ ਨੂੰ ਹੀ ਸਿੱਧੇ ਰਸਤੇ ਤੋਂ ਖਟਕੜ ਕਲਾਂ ਜਾਣ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਸ਼ਹੀਦ ਸਾਰਿਆਂ ਦੇ ਸਾਂਝੇ ਹਨ ਤੇ ਸਾਰੇ ਲੋਕਾਂ ਨੂੰ ਸ਼ਹੀਦਾਂ ਨੂੰ ਨਮਨ ਕਰਨ ਦਾ ਅਧਿਕਾਰ ਹੈ ਪਰ ਜਿਸ ਤਰ੍ਹਾਂ ਪ੍ਰਸ਼ਾਸਨ ਦੁਆਰਾ ਆਮ ਲੋਕਾਂ ਦੀ ਖੱਜਲ-ਖੁਆਰੀ ਕੀਤੀ ਗਈ ਹੈ, ਉਹ ਨਾ ਤਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਦਾ ਹੈ ਤੇ ਨਾ ਹੀ ਉਹ ਲੋਕਤੰਤਰ ਹੈ। ਇਸੇ ਤਰ੍ਹਾਂ ਨਵਾਂਸ਼ਹਿਰ ਤੋਂ ਖਟਕੜ ਕਲਾਂ ਵੱਲ ਜਾਣ ਵਾਲੇ ਲੋਕਾਂ ਨੂੰ ਵੀ ਸ਼ਹੀਦ ਦੇ ਬੁੱਤ ਅਤੇ ਮਿਊਜ਼ੀਅਮ ਤੱਕ ਪਹੁੰਚਣ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।


Related News