ENG vs NZ :ਵਿਲੀਅਮਸਨ ਦਾ ਰਿਕਾਰਡ ਸੈਂਕੜਾ, ਨਿਊਜ਼ੀਲੈਂਡ ਮਜ਼ਬੂਤ

03/23/2018 11:20:36 PM

ਆਕਲੈਂਡ— ਕਪਤਾਨ ਕੇਨ ਵਿਲੀਅਮਸਨ (102) ਨੇ ਇੰਗਲੈਂਡ ਵਿਰੁੱਧ ਪਹਿਲੇ ਡੇ-ਨਾਈਟ ਕ੍ਰਿਕਟ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨਿਊਜ਼ੀਲੈਂਡ ਲਈ ਰਿਕਾਰਡ 18ਵੀਂ ਸੈਂਕੜੇ ਵਾਲੀ ਪਾਰੀ ਖੇਡੀ ਤੇ ਆਪਣੀ ਟੀਮ ਨੂੰ ਇਥੇ ਈਡਨ ਪਾਰਕ 'ਚ ਬੇਹੱਦ ਮਜ਼ਬੂਤ ਸਥਿਤੀ 'ਚ ਪਹੁੰਚਾ ਦਿੱਤਾ। ਮੀਂਹ ਕਾਰਨ ਮੈਚ 'ਚ ਜਦੋਂ ਸਟੰਪਸ ਦਾ ਐਲਾਨ ਕੀਤਾ ਗਿਆ, ਉਦੋਂ ਨਿਊਜ਼ੀਲੈਂਡ ਨੇ ਚਾਰ ਵਿਕਟਾਂ ਦੇ ਨੁਕਸਾਨ 'ਤੇ 229 ਦੌੜਾਂ ਬਣਾ ਲਈਆਂ ਸਨ ਤੇ ਉਸ ਕੋਲ 171 ਦੌੜਾਂ ਦੀ ਵੱਡੀ ਬੜ੍ਹਤ ਹੋ ਗਈ ਸੀ।
ਮੈਚ ਦੇ ਦੂਜੇ ਦਿਨ ਮੀਂਹ ਪੈਣ ਤੇ ਮੈਦਾਨ ਗਿੱਲਾ ਹੋਣ ਕਾਰਨ ਸਮੇਂ ਤੋਂ ਪਹਿਲਾਂ ਸਟੰਪਸ ਦਾ ਐਲਾਨ ਕਰਨਾ ਪਿਆ। ਉਸ ਸਮੇਂ ਤਕ ਨਿਊਜ਼ੀਲੈਂਡ ਨੇ 92.1 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 229 ਦੌੜਾਂ ਬਣਾ ਲਈਆਂ ਸਨ। ਹੈਨਰੀ ਨਿਕੋਲਸ 49 ਦੌੜਾਂ ਤੇ ਬੀਜੇ ਵਾਟਲਿੰਗ 17 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸੀ।
ਇਸ ਤੋਂ ਪਹਿਲਾਂ ਸਵੇਰੇ ਕੀਵੀ ਟੀਮ ਨੇ ਪਾਰੀ ਨੂੰ ਕੱਲ ਦੀਆਂ 3 ਵਿਕਟਾਂ 'ਤੇ 175 ਦੌੜਾਂ ਤੋਂ ਅੱਗੇ ਵਧਾਇਆ। ਵਿਲੀਅਮਸਨ  (91) ਤੇ ਨਿਕੋਲਸ (24) ਨੇ ਆਪਣੀ ਪਾਰੀ ਨੂੰ ਅੱਗੇ ਵਧਾਇਆ। ਕਪਤਾਨ ਵਿਲੀਅਮਸਨ ਨੇ ਮੈਚ 'ਚ 220 ਗੇਂਦਾਂ ਵਿਚ 11 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 102 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ, ਜਿਹੜਾ ਉਸ ਦੇ ਕਰੀਅਰ ਦਾ 18ਵਾਂ ਟੈਸਟ ਸੈਂਕੜਾ ਹੈ।  ਇਸ ਤੋਂ ਪਹਿਲਾਂ ਕੱਲ ਇੰਗਲੈਂਡ ਦੀ ਪੂਰੀ ਟੀਮ ਪਹਿਲੀ ਪਾਰੀ 'ਚ 90 ਮਿੰਟ ਦੀ ਖੇਡ ਵਿਚ 58 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ, ਜਿਹੜਾ ਉਸ ਦਾ 131 ਸਾਲ ਦੇ ਟੈਸਟ ਇਤਿਹਾਸ 'ਚ ਸਭ ਤੋਂ ਘੱਟ ਸਕੋਰ ਵੀ ਹੈ।


Related News