ਪਾਕਿਸਤਾਨ ਦਿਵਸ ਪਰੇਡ ''ਚ ਪਹਿਲੀ ਵਾਰ ਸ਼ਾਮਲ ਹੋਏ ਭਾਰਤੀ ਡਿਪਲੋਮੈਟ : ਰਿਪੋਰਟ

03/23/2018 10:38:05 PM

ਇਸਲਾਮਾਬਾਦ— ਪਾਕਿਸਤਾਨ ਸਥਿਤ ਭਾਰਤੀ ਡਿਪਲੋਮੈਟ ਤੇ ਭਾਰਤੀ ਫੌਜ ਦੇ ਸੀਨੀਰ ਅਧਿਕਾਰੀ ਪਹਿਲੀ ਵਾਰ ਪਾਕਿਸਤਾਨ ਦਿਵਸ ਦੇ ਮੌਕੇ 'ਤੇ ਇਥੇ ਫੌਜੀ ਪਰੇਡ 'ਚ ਸ਼ਾਮਲ ਹੋਏ। ਇਕ ਮੀਡੀਆ ਰਿਪੋਰਟ 'ਚ ਇਹ ਕਿਹਾ ਗਿਆ। ਇਸ 'ਚ ਦਾਅਵਾ ਕੀਤਾ ਗਿਆ ਕਿ ਪਾਕਿਸਤਾਨੀ ਫੌਜ ਦੇ ਮੁਖੀ ਦੀ ਇਸ ਪਹਿਲ ਦਾ ਟੀਚਾ ਨਵੀਂ ਦਿੱਲੀ ਨੂੰ ਸ਼ਾਂਤੀ ਦਾ ਸੰਦੇਸ਼ ਦੇਣਾ ਹੈ। ਦੋਹਾਂ ਦੇਸ਼ਾਂ ਦੇ ਤਣਾਅ ਵਿਚਾਲੇ ਪਾਕਿਸਤਾਨੀ ਫੌਜ ਨੇ ਪਹਿਲੀ ਵਾਰ ਭਾਰਤ ਦੇ ਰੱਖਿਆ ਅਧਿਕਾਰੀਆਂ ਤੇ ਭਾਰਤੀ ਹਾਈ ਕਮਿਸ਼ਨ ਦੇ ਸੀਨੀਅਰ ਡਿਪਲੋਮੈਟਾਂ ਨੂੰ 23 ਮਾਰਚ ਦੇ ਸਮਾਰੋਹ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਪਾਕਿਸਤਾਨੀ ਫੌਜ ਦੇ ਇਕ ਅਧਿਕਾਰੀ ਨੇ ਦਿ ਐਕਸਪ੍ਰੈਸ ਟ੍ਰਿਬਿਊਨ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਇਹ ਪਹਿਲ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੀ ਹੈ ਤੇ ਇਸ ਦਾ ਟੀਚਾ ਭਾਰਤ ਨੂੰ ਸ਼ਾਂਤੀ ਦਾ ਸੰਦੇਸ਼ ਦੇਣਾ ਹੈ। ਇਸ ਪ੍ਰੋਗਰਾਮ 'ਚ ਭਾਰਤ ਦੇ ਉਪ ਹਾਈ ਕਮਿਸ਼ਨਰ ਜੇ.ਪੀ. ਸਿੰਘ ਅਤੇ ਰੱਖਿਆ ਤੇ ਫੌਜੀ ਸਲਾਹਕਾਰ ਬ੍ਰਿਗੇਡੀਅਰ ਸੰਜੇ ਪੀ. ਸ਼ਿਵਰਾਜ ਸ਼ਾਮਲ ਹੋਏ। ਪਾਕਿਸਤਾਨ ਦਿਵਸ ਮੌਕੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਭਾਰਤ 'ਤੇ ਜੰਗਬੰਦੀ ਦੀ ਉਲੰਘਣਾ ਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦਾ ਦੋਸ਼ ਲਗਾਇਆ ਤੇ ਕਿਹਾ ਕਿ ਨਵੀਂ ਦਿੱਲੀ ਦੀਆਂ ਹਰਕਤਾਂ ਕਾਰਨ ਖੇਤਰੀ ਸੁਰੱਖਿਆ ਖਤਰੇ 'ਚ ਪਈ ਹੈ। ਉਨ੍ਹਾਂ ਨੇ ਕਸ਼ਮੀਰ ਮੁੱਦਾ ਵੀ ਚੁੱਕਿਆ ਤੇ ਕਸ਼ਮੀਰੀ ਜਨਤਾ ਨੂੰ ਸਵੈ-ਫੈਸਲਾ ਲੈਣ ਦਾ ਅਧਿਕਾਰ ਦੇਣ ਨੂੰ ਇਸ ਦਾ ਹੱਲ ਦੱਸਿਆ।


Related News