ਬਲਾਤਕਾਰ ਦਾ ਝੂਠਾ ਕੇਸ ਪਾਉਣ ਦੀਆਂ ਧਮਕੀਆਂ ਦੇ ਕੇ ਠੱਗਣ ਵਾਲਾ ਗਿਰੋਹ ਬੇਨਕਾਬ

03/23/2018 6:11:54 PM

ਜਲਾਲਾਬਾਦ (ਸੇਤੀਆ) : ਥਾਣਾ ਸਿਟੀ ਪੁਲਸ ਨੇ ਆਮ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਅਤੇ ਬਲਾਤਕਾਰ ਦਾ ਝੂਠਾ ਕੇਸ ਪਾਉਣ ਦੀਆਂ ਧਮਕੀਆਂ ਦੇ ਕੇ ਠੱਗੀ ਦਾ ਸ਼ਿਕਾਰ ਕਰਨ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਵਿਚ 2 ਔਰਤਾਂ ਵੀ ਸ਼ਾਮਿਲ ਹਨ। ਨਾਮਜ਼ਦ ਲੋਕਾਂ ਵਿਚ ਪਰਮਜੀਤ ਕੌਰ ਉਰਫ ਪੰਮੀ ਪਤਨੀ ਵਰਿੰਦਰ ਸਿੰਘ ਵਾਸੀ ਬਾਹਮ੍ਹਣੀ ਵਾਲਾ ਫਾਟਕ ਥਾਣਾ ਸਿਟੀ ਜਲਾਲਾਬਾਦ, ਮਾਇਆ ਰਾਣੀ ਉਰਫ ਸੋਨੀ ਪਤਨੀ ਫੁੰਮਣ ਸਿੰਘ ਵਾਸੀ ਮੰਡੀ ਲਾਧੂਕਾ ਥਾਣਾ ਸਦਰ ਫਾਜ਼ਿਲਕਾ, ਗੁਰਮੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲਖਮੀਰ ਪੁਰਾ ਥਾਣਾ ਗੁਰੂਹਰਸਹਾਏ, ਭੁਪਿੰਦਰ ਸਿੰਘ ਉਰਫ ਭਿੰਦਰ ਪੁੱਤਰ ਜਗਸੀਰ ਸਿੰਘ ਵਾਸੀ ਸ਼ਾਹਪੁਰਾ, ਰਾਜਪਾਲ ਪੁੱਤਰ ਜੰਗੀਰ ਰਾਮ ਵਾਸੀ ਗੁਰੂਹਰਸਹਾਏ, ਰਾਜ ਸਿੰਘ ਉਰਫ ਰਾਜੂ ਪੇਂਟਰ ਪੁੱਤਰ ਕਰਨੈਲ ਸਿੰਘ ਵਾਸੀ ਫਤਿਹਗੜ੍ਹ, ਕਮਲ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਰੇਲਵੇ ਬਸਤੀ ਗੁਰੂਹਰਸਹਾਏ ਸ਼ਾਮਿਲ ਹਨ।
ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਅਮਰਜੀਤ ਸਿੰਘ ਅਤੇ ਐੱਸ. ਆਈ. ਲਵਮੀਤ ਕੌਰ ਥਾਣਾ ਸਿਟੀ ਇੰਚਾਰਜ ਨੇ ਦੱਸਿਆ ਕਿ ਅੰਗਰੇਜ਼ ਸਿੰਘ ਉਰਫ ਗੇਜਾ ਪੁੱਤਰ ਪੂਰਨ ਸਿੰਘ ਨੂੰ ਕੁੱਝ ਦਿਨ ਪਹਿਲਾਂ ਮੋਬਾਇਲ 'ਤੇ ਇਕ ਔਰਤ ਦਾ ਫੋਨ ਆਇਆ ਕਿ ਉਸ ਨੇ ਕਿਹਾ ਕਿ ਅਸੀਂ ਫਿਰੋਜ਼ਪੁਰ ਵਿਚ ਮਿਲੇ ਸੀ ਤਾਂ ਪਹਿਲਾਂ ਤਾਂ ਅੰਗਰੇਜ਼ ਸਿੰਘ ਨੇ ਉਕਤ ਔਰਤ ਨੂੰ ਨਾ ਜਾਨਣ ਬਾਰੇ ਕਿਹਾ ਪਰ ਬਾਅਦ 'ਚ ਉਹ ਉਸ ਦੀਆਂ ਗੱਲਾਂ ਵਿਚ ਆ ਗਿਆ ਅਤੇ 20 ਮਾਰਚ 2018 ਨੂੰ ਬਾਅਦ ਦੁਪਿਹਰ 3 ਵਜੇ ਬਾਹਮਣੀ ਚੁੰਗੀ ਜਲਾਲਾਬਾਦ ਨਜ਼ਦੀਕ ਉਸਨੂੰ ਪਰਮਜੀਤ ਨਾਮਕ ਔਰਤ ਮਿਲੀ ਜੋ ਉਸਨੂੰ ਨਿੱਜੀ ਜਾਣਕਾਰ ਦੇ ਘਰ ਮੰਨੇਵਾਲਾ ਰੋਡ 'ਤੇ ਲੈ ਗਈ ਜਿੱਥੇ ਇਕ ਕਮਰੇ ਵਿੱਚ ਲਿਜਾ ਕੇ ਉੱਚੀ-ਉੱਚੀ ਰੌਲਾ ਪਾਉਣ ਲੱਗੀ ਕਿ ਇਸ ਨੇ ਮੇਰੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਸ ਤੋਂ ਬਾਅਦ 5-6 ਵਿਅਕਤੀ ਆ ਗਏ ਜੋ ਉਸਨੂੰ ਡਰਾਉਣ ਧਮਕਾਉਣ ਲੱਗੇ ਅਤੇ ਉਸ ਪਾਸੋਂ 5 ਲੱਖ ਰੁਪਏ ਦੀ ਡਿਮਾਂਡ ਕੀਤੀ ਪਰ ਸੌਦਾ 2.5 ਲੱਖ ਰੁਪਏ ਵਿਚ ਤੈਅ ਹੋ ਗਿਆ। ਇਸ ਤੋਂ ਬਾਅਦ 22 ਮਾਰਚ ਨੂੰ ਅੰਗਰੇਜ਼ ਸਿੰਘ ਦਿੱਤੇ ਸਮੇਂ ਮੁਤਾਬਿਕ ਪੈਸੇ ਦੇਣ ਲਈ ਗਿਆ ਤਾਂ ਜਰਨੈਲ ਚੰਦ ਐੱਸ.ਆਈ. ਦੀ ਅਗਵਾਈ ਹੇਠ ਪੁਲਸ ਨੇ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਪਾਸੋਂ 16 ਹਜ਼ਾਰ ਰੁਪਏ ਦੀ ਨਗਦੀ, ਇਕ ਕਾਰ ਸਵਿੱਫਟ ਅਤੇ ਇਕ ਹੀਰੋ ਮੋਪੈਡ ਵੀ ਬਰਾਮਦ ਕੀਤੀ ਹੈ।


Related News