ਜਲਘਰ ਦਾ ਬਿਜਲੀ ਕੁਨੈਕਸ਼ਨ ਕੱਟੇ ਨੂੰ ਹੋ ਗਏ ਨੇ 3 ਹਫ਼ਤੇ, ਲੋਕ ਬੇਹੱਦ ਪ੍ਰੇਸ਼ਾਨ

03/23/2018 6:00:17 PM


ਮੰਡੀ ਲੱਖੇਵਾਲੀ (ਸੁਖਪਾਲ) - ਇਸ ਖੇਤਰ ਦੇ ਪਿੰਡ ਮਹਾਬੱਧਰ ਦੇ ਜਲਘਰ ਦਾ ਬਿਜਲੀ ਕੁਨੈਕਸ਼ਨ ਸਬੰਧਤ ਵਿਭਾਗ ਵੱਲੋਂ ਕੱਟੇ ਨੂੰ 3 ਹਫਤਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਜਿਸ ਕਰ ਕੇ ਪਿੰਡ ਦੇ ਲੋਕ ਪਾਣੀ ਤੋਂ ਬਿਨਾਂ ਤੰਗ-ਪ੍ਰੇਸ਼ਾਨ ਹੋ ਰਹੇ ਹਨ ਕਿਉਂਕਿ ਪਿੰਡ 'ਚ ਧਰਤੀ ਹੇਠਲਾ ਪਾਣੀ ਖਾਰਾ ਹੈ, ਜੋ ਕਿਸੇ ਵਰਤੋਂ ਵਿਚ ਨਹੀਂ ਆਉਂਦਾ ਤੇ ਲੋਕ ਜਲਘਰ ਦੇ ਪਾਣੀ ਨੂੰ ਸਭ ਪਾਸੇ ਵਰਤਦੇ ਹਨ। 
ਪਤਾ ਲੱਗਾ ਹੈ ਕਿ ਜਲਘਰ ਦੇ ਬਿਜਲੀ ਮੀਟਰ ਦਾ ਬਿੱਲ ਕਰੀਬ 6 ਲੱਖ ਰੁਪਏ ਹੋ ਚੁੱਕਾ ਸੀ, ਜਿਸ ਤੋਂ ਬਾਅਦ ਪਾਵਰਕਾਮ ਮਹਿਕਮੇ ਨੇ ਆਪਣੀ ਪਾਵਰ ਵਰਤਦਿਆਂ ਇਸ ਦੇ ਕੁਨਕੈਸ਼ਨ 'ਤੇ ਪਲਾਸ ਚਲਾ ਦਿੱਤਾ। ਪਿੰਡ ਦੇ ਉਨ੍ਹਾਂ ਲੋਕਾਂ, ਜੋ ਜਲਘਰ ਦੀਆਂ ਟੂਟੀਆਂ ਦਾ ਬਿੱਲ ਭਰਦੇ ਹਨ, ਦਾ ਕਹਿਣਾ ਹੈ ਕਿ ਸਾਡਾ ਕੀ ਕਸੂਰ ਹੈ ਕਿਉਂਕਿ ਅਸੀਂ ਤਾਂ ਸਮੇਂ ਸਿਰ ਬਿੱਲ ਭਰਦੇ ਹਾਂ। ਇਸ ਸਬੰਧੀ ਜਦੋਂ ਸਰਪੰਚ ਸੁਖਚੈਨ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਇਹ ਜਲਘਰ 3 ਪਿੰਡਾਂ ਮਹਾਬੱਧਰ, ਝੀਂਡਵਾਲਾ ਅਤੇ ਕੈਨੇਡਾ ਬਸਤੀ ਦਾ ਸਾਂਝਾ ਪ੍ਰਾਜੈਕਟ ਹੈ ਤੇ ਇਸ ਦਾ ਕੰਮ ਪੰਚਾਇਤ ਕੋਲ ਨਹੀਂ ਹੈ, ਸਗੋਂ ਮਹਿਕਮਾ ਖੁਦ ਇਸ ਜਲਘਰ ਨੂੰ ਚਲਾ ਰਿਹਾ ਹੈ। ਉਨ੍ਹਾਂ ਇਹ ਮੰਨਿਆ ਕਿ ਪਿੰਡ ਦੇ ਅੱਧੇ ਲੋਕ ਬਿੱਲ ਭਰਦੇ ਹਨ ਅਤੇ ਅੱਧੇ ਬਿੱਲ ਨਹੀਂ ਭਰਦੇ। ਜ਼ਿਕਰਯੋਗ ਹੈ ਕਿ ਮਾੜਾ ਪਾਣੀ ਪੀਣ ਅਤੇ ਵਰਤਨ ਨਾਲ ਪਿੰਡ 'ਚ ਪਹਿਲਾਂ ਹੀ ਕੈਂਸਰ, ਕਾਲਾ ਪੀਲੀਆ, ਦਿਲ, ਗੁਰਦਿਆਂ ਅਤੇ ਹੱਡੀਆਂ ਆਦਿ ਦੀਆਂ ਤੋਂ ਕਈ ਪਿੰਡ ਵਾਸੀ ਪੀੜਤ ਹਨ। ਪਿੰਡ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਸਿਆਸੀ ਨੇਤਾਵਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਕੱਟੇ ਹੋਏ ਜਲਘਰ ਦੇ ਕੁਨਕੈਸ਼ਨ ਨੂੰ ਤੁਰੰਤ ਜੋੜਿਆ ਜਾਵੇ ਅਤੇ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇ।

 


Related News