ਅਕਾਲੀ ਆਗੂ ਵਲੋਂ ਬੇਰਹਿਮੀ ਨਾਲ ਦਲਿਤ ਵਿਅਕਤੀ ਦੀ ਕੁੱਟਮਾਰ

03/23/2018 6:02:05 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ, ਭਾਟੀਆ) : ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਝਬਾਲ ਖੁਰਦ ਦੇ ਇਕ ਅਕਾਲੀ ਆਗੂ ਵਲੋਂ ਇਕ ਦਲਿਤ ਵਿਅਕਤੀ ਨੂੰ ਡਾਂਗ ਨਾਲ ਕੁੱਟ-ਕੁੱਟ ਕੇ ਉਸਦੀਆਂ ਦੋਵੇਂ ਬਾਹਾਂ ਤੱਕ ਤੋੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੂਜੇ ਪਾਸੇ ਅਕਾਲੀ ਆਗੂ ਦਾ ਕਹਿਣਾ ਹੈ ਕਿ ਉਸ ਉਪਰ ਲਾਏ ਜਾ ਰਹੇ ਦੋਸ਼ ਝੂਠੇ ਹਨ, ਸਿਆਸੀ ਬਦਲਾਖੋਰੀ ਦੇ ਚੱਲਦਿਆਂ ਉਸ ਨੂੰ ਝੂਠੇ ਮਾਮਲੇ 'ਚ ਫਸਾਉਣ ਲਈ ਕੁਝ ਕਾਂਗਰਸੀਆਂ ਵਲੋਂ ਦਲਿਤ ਵਿਅਕਤੀ ਨੂੰ ਢਾਲ ਬਣਾ ਕੇ ਅਜਿਹਾ ਕੀਤਾ ਜਾ ਰਿਹਾ ਹੈ। 
ਕਾਂਗਰਸੀ ਆਗੂ ਹੈਪੀ ਲੱਠਾ, ਮੈਂਬਰ ਪੰਚਾਇਤ ਮੇਜਾ ਸਿੰਘ, ਸੁਖਵਿੰਦਰ ਸਿੰਘ, ਨੰਬਰਦਾਰ ਕੁਲਵੰਤ ਸਿੰਘ, ਬਲਜੀਤ ਸਿੰਘ ਸੋਹਲਾਂ ਵਾਲੇ ਅਤੇ ਸਵਿੰਦਰ ਸਿੰਘ ਸ਼ਿੰਦਾ ਦੀ ਹਾਜ਼ਰੀ 'ਚ ਜਾਣਕਾਰੀ ਦਿੰਦਿਆਂ ਮਲਕੀਤ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਪਿੰਡ ਨੌਸ਼ਹਿਰਾ ਪੰਨੂੰਆਂ ਨੇ ਦੱਸਿਆ ਕਿ ਉਹ ਪਿਛਲੇ 4-5 ਸਾਲ ਤੋਂ ਝਬਾਲ ਖੁਰਦ ਵਿਖੇ ਵੱਖ-ਵੱਖ ਕਿਸਾਨਾਂ ਨਾਲ ਸੀਰੀ ਵਜੋਂ ਰਹਿੰਦਾ ਆ ਰਿਹਾ ਹੈ ਅਤੇ ਇਸ ਸਮੇਂ ਉਹ ਪਿੰਡ ਦੇ ਕਿਸਾਨ ਤਰਸੇਮ ਸਿੰਘ ਦਾ ਸੀਰੀ ਲੱਗਾ ਹੋਇਆ ਹੈ। ਉਸਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ 2 ਬੱਚਿਆਂ ਦਾ ਪਾਲਣ ਪੋਸ਼ਣ ਵੀ ਖੁਦ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਪਿੰਡ ਦੇ ਇਕ ਵਿਅਕਤੀ ਅਕਾਲੀ ਆਗੂ ਕਾਬਲ ਸਿੰਘ ਵਲੋਂ ਉਸ ਨੂੰ ਕਿਸਾਨ ਜਤਿੰਦਰ ਸਿੰਘ ਪਹਿਲਵਾਨ ਦੇ ਮੱਛੀ ਫਾਰਮ ਵਿਚੋਂ ਮੱਛੀਆਂ ਚੋਰੀ ਕਰਕੇ ਦੇਣ ਲਈ ਕਿਹਾ ਗਿਆ ਪਰ ਉਸ ਵਲੋਂ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ ਗਿਆ। ਬੀਤੀ 20 ਮਾਰਚ ਨੂੰ ਜਦੋਂ ਉਹ ਪਿੰਡ ਸਥਿਤ ਗਲੀ ਵਿਚੋਂ ਦੀ ਲੰਘ ਰਿਹਾ ਸੀ ਤਾਂ ਕਾਬਲ ਸਿੰਘ ਦੇ ਘਰ ਦੇ ਅੱਗੇ ਖੜੇ ਸ਼ਰਨਜੀਤ ਸਿੰਘ ਨਾਂ ਦੇ ਵਿਅਕਤੀ ਵਲੋਂ ਉਸ ਨੂੰ ਰੋਕ ਲਿਆ ਗਿਆ ਤੇ ਮੱਛੀ ਫੜ ਕੇ ਦੇਣ ਵਾਲੀ ਕਹਾਣੀ ਸਬੰਧੀ ਉਸਨੂੰ ਪੁੱਛਣ ਲੱਗ ਪਿਆ। ਉਸ ਨੇ ਦੱਸਿਆ ਕਿ ਏਨੇ ਚਿਰ ਨੂੰ ਕਾਬਲ ਸਿੰਘ ਆਪਣੇ ਘਰ ਅੰਦਰੋਂ ਡਾਂਗ ਸਮੇਤ ਆਇਆ 'ਤੇ ਉਸਦੀ ਡਾਂਗ ਨਾਲ ਬੇਤਿਹਾਸ਼ਾ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ, ਜਿਸ ਨਾਲ ਉਸਦੀਆਂ ਦੋਵੇਂ ਬਾਹਾਂ ਟੁੱਟ ਗਈਆਂ ਹਨ। ਉਹ ਆਪਣੇ ਬੱਚਿਆਂ ਲਈ ਰੋਟੀ ਤਿਆਰ ਕਰਕੇ ਦਿੰਦਾ ਸੀ ਤੇ ਹੁਣ ਅਸਮਰਥ ਹੋਣ ਕਰਕੇ ਉਹ ਅਤੇ ਉਸਦੇ ਬੱਚੇ ਭੁੱਖਣ ਭਾਣੇ ਇੱਧਰੋਂ ਉੱਧਰੋਂ ਭੱਟਕ ਕੇ ਰੋਟੀ ਮੰਗ ਕੇ ਟਾਇਮ ਸਾਰ ਰਹੇ ਹਨ। 
ਪੀੜਤ ਨੇ ਦੱਸਿਆ ਕਿ ਥਾਣਾ ਝਬਾਲ ਵਿਖੇ ਸ਼ਿਕਾਇਤ ਦਰਜ ਕਰਾਉਣ ਦੇ ਬਾਵਜ਼ੂਦ ਕਥਿਤ ਵਿਅਕਤੀ ਵਿਰੋਧ ਅਜੇ ਤੱਕ ਕੋਈ ਵੀ ਕਾਰਵਾਈ ਪੁਲਸ ਵਲੋਂ ਨਹੀਂ ਕੀਤੀ ਗਈ ਹੈ। ਕਾਂਗਰਸੀ ਆਗੂ ਹੈਪੀ ਲੱਠਾ ਨੇ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਗਰੀਬ ਦਲਿਤ ਨੂੰ ਕੁੱਟਮਾਰ ਕਰਕੇ ਸੱਟਾਂ ਮਾਰਨ ਵਾਲੇ ਵਿਅਕਤੀ ਵਿਰੋਧ ਤੁਰੰਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਪੀੜਤ ਵਿਅਕਤੀ ਦਾ ਮੈਡੀਕਲ ਕਰਾਇਆ ਗਿਆ ਹੈ, ਜਿਸ ਦੀ ਰਿਪੋਰਟ ਆਉਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਸਿਆਸੀ ਬਦਲਖੋਰੀ ਤਹਿਤ ਮੈਨੂੰ ਫਸਾਇਆ ਜਾ ਰਿਹੈ : ਕਾਬਲ ਸਿੰਘ
ਅਕਾਲੀ ਆਗੂ ਕਾਬਲ ਸਿੰਘ ਨੇ ਉਸ ਨੂੰ ਸਿਆਸੀ ਬਦਲਾਖੋਰੀ ਤਹਿਤ ਫਸਾਉਣ ਦੀ ਗੱਲ ਕਰਦਿਆਂ ਕਿਹਾ ਕਿ ਕੁਝ ਕਾਂਗਰਸੀ ਆਗੂ ਉਕਤ ਦਲਿਤ ਵਿਅਕਤੀ ਨੂੰ ਢਾਲ ਬਣਾ ਕੇ ਆਪਣੀ ਰੰਜਿਸ਼ ਕੱਢ ਰਹੇ ਹਨ। ਉਸਨੇ ਮਲਕੀਤ ਸਿੰਘ ਦੀਆਂ ਬਾਹਾਂ ਤੋੜਨ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਪਿੰਡ ਦੇ ਕੁਲਵੰਤ ਸਿੰਘ ਨਾਂ ਦੇ ਵਿਅਕਤੀ ਵਲੋਂ ਮਲਕੀਤ ਸਿੰਘ ਨੂੰ ਸ਼ਰਾਬ ਪਿਆ ਕੇ ਉਸ ਵਿਰੋਧ ਉਕਸਾ ਕੇ ਭੇਜਿਆ ਗਿਆ ਸੀ, ਜਿਸ 'ਤੇ ਮਲਕੀਤ ਸਿੰਘ ਉਸਦੇ ਘਰ ਅੱਗੇ ਆ ਕੇ ਉਸ ਨੂੰ ਗੰਦੀਆਂ ਗਾਲਾਂ ਕੱਢਦਾ ਸੀ। ਉਸਨੇ ਮੰਨਿਆਂ ਕਿ 2-4 ਸੋਟੇ ਉਸ ਵਲੋਂ ਮਲਕੀਤ ਸਿੰਘ ਦੀ ਪਿੱਠ 'ਤੇ ਜ਼ਰੂਰ ਮਾਰੇ ਗਏ ਹਨ ਪਰ ਬਾਹਾਂ ਨਹੀਂ ਤੋੜੀਆਂ ਗਈਆਂ। ਝੂਠੇ ਕੇਸ 'ਚ ਉਸਨੂੰ ਫਸਾਉਣ ਲਈ ਮਲਕੀਤ ਸਿੰਘ ਨੂੰ ਉਕਤ ਕਾਂਗਰਸੀਆਂ ਵਲੋਂ ਸੱਟਾਂ ਲਾਈਆਂ ਗਈਆਂ ਹਨ, ਜਿਸ ਸਬੰਧੀ ਉਹ ਮੈਡੀਕਲ ਬੋਰਡ ਬਿਠਾਉਣ ਦੀ ਮੰਗ ਕਰਦਾ ਹੈ।


Related News