ਮੋਟਰਸਾਈਕਲ ਤੇ ਟਰੱਕ ਦੀ ਟੱਕਰ ''ਚ ਪਤੀ-ਪਤਨੀ ਜ਼ਖ਼ਮੀ

03/23/2018 5:49:06 PM


ਫਾਜ਼ਿਲਕਾ (ਨਾਗਪਾਲ) - ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਸਥਿਤ ਰੇਲਵੇ ਓਵਰਬਿਜ੍ਰ ਦੇ ਨੇੜੇ ਮੋਟਰਸਾਈਕਲ ਅਤੇ ਟਰੱਕ ਦੀ ਟੱਕਰ 'ਚ ਪਤੀ-ਪਤਨੀ ਜ਼ਖ਼ਮੀ ਹੋ ਗਏ। ਸਥਾਨਕ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਹਰਬੰਸ ਲਾਲ (52) ਵਾਸੀ ਪਿੰਡ ਬੇਗਾਂਵਾਲੀ ਨੇ ਦੱਸਿਆ ਕਿ ਉਹ ਪੰਜਾਬ ਪੁਲਸ ਵਿਚ ਕੰਮ ਕਰਦਾ ਹੈ ਅਤੇ ਅੱਜ ਸਵੇਰੇ ਡਿਊਟੀ ਤੋਂ ਬਾਅਦ ਆਪਣੀ ਪਤਨੀ ਸੁਮਿਤਰਾ ਬਾਈ (50) ਨਾਲ ਕਿਸੇ ਕੰਮ ਲਈ ਮੋਟਰਸਾਈਕਲ 'ਤੇ ਨੇੜਲੇ ਪਿੰਡ ਲਾਧੂਕਾ ਵੱਲ ਜਾ ਰਿਹਾ ਸੀ। 
ਉਸ ਨੇ ਦੱਸਿਆ ਕਿ ਜਦੋਂ ਉਹ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਸਥਿਤ ਰੇਲਵੇ ਓਵਰਬ੍ਰਿਜ ਦੇ ਦੂਸਰੇ ਪਾਸੇ ਕੁਝ ਦੂਰੀ 'ਤੇ ਪਹੁੰਚੇ ਤਾਂ ਸਾਹਮਣੇ ਤੋਂ ਇਕ ਟਰੱਕ ਆ ਰਿਹਾ ਸੀ। ਜਦੋਂ ਉਸ ਨੇ ਟਰੱਕ ਤੋਂ ਬਚਣ ਲਈ ਆਪਣਾ ਮੋਟਰਸਾਈਕਲ ਸੜਕ ਦੇ ਇਕ ਪਾਸੇ ਕੀਤਾ ਤਾਂ ਟਰੱਕ ਚਾਲਕ ਨੇ ਵੀ ਉਸੇ ਪਾਸੇ ਆਪਣਾ ਟਰੱਕ ਮੋੜ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਟਰੱਕ ਨਾਲ ਟੱਕਰ ਹੋ ਗਈ। ਟੱਕਰ ਹੋਣ ਕਾਰਨ ਉਸ ਦੇ ਸਰੀਰ ਤੇ ਅਤੇ ਉਸ ਦੀ ਪਤਨੀ ਦੇ ਸਿਰ 'ਤੇ ਸੱਟਾਂ ਲੱਗੀਆਂ। ਉਨ੍ਹਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੋਂ ਸੁਮਿਤਰਾ ਬਾਈ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ ਪਰ ਪਰਿਵਾਰਕ ਮੈਂਬਰ ਉੁਸ ਨੂੰ ਅਗਲੇ ਇਲਾਜ ਲਈ ਸ਼੍ਰੀ ਗੰਗਾਨਗਰ ਲੈ ਗਏ। 
 


Related News