ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ''ਤੇ ਮਨਾਇਆ ਯੁਵਾ ਸਸ਼ਕਤੀਕਰਨ ਦਿਵਸ

03/23/2018 5:46:10 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਜ਼ਿਲਾ ਪੱਧਰੀ ਯੁਵਾ ਸਸ਼ਕਤੀਕਰਨ ਦਿਵਸ ਮਨਾਇਆ ਗਿਆ। ਇਸ ਮੌਕੇ ਜ਼ਿਲੇ ਵਿਚ ਸਵੈ ਇਛੁੱਕ ਤੌਰ ਤੇ ਬਣੇ ਨਸ਼ਾ ਰੋਕੂ ਅਫ਼ਸਰਾਂ (ਡੈਪੋ) ਨੇ ਨਸ਼ਾ ਮੁਕਤ ਪੰਜਾਬ ਸਿਰਜਣ ਦੀ ਸਹੁੰ ਚੁੱਕੀ। ਖਟਕੜਕਲਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਈਵ ਪ੍ਰਸਾਰਣ ਰਾਹੀਂ ਇਨ੍ਹਾਂ ਨੂੰ ਇਹ ਸਹੁੰ ਚਕਾਈ। ਇਸ ਮੌਕੇ ਸਾਬਕਾ ਵਿਧਾਇਕ ਮੈਡਮ ਕਰਨ ਕੌਰ ਬਰਾੜ, ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ, ਐੱਸ.ਐੱਸ.ਪੀ  ਸੁਸ਼ੀਲ ਕੁਮਾਰ, ਜ਼ਿਲਾ ਕਾਗਰਸ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ.ਸੁਮੀਤ ਜਾਰੰਗਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਅਹਿਦ ਲਿਆ ਹੈ। ਅੱਜ ਇਸ ਪਵਿੱਤਰ ਦਿਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਨ੍ਹਾਂ ਵਲੋਂ ਵਿਖਾਏ ਰਾਹ ਤੇ ਚੱਲ ਕੇ ਆਪਣੇ ਆਪ ਨੂੰ ਦੇਸ਼ ਸਮਾਜ ਦੀ ਸੇਵਾ ਵਿਚ ਸਮਰਪਿਤ ਕਰੀਏ। ਉਨ੍ਹਾਂ ਕਿਹਾ ਕਿ ਭਗਤ ਸਿੰਘ ਇਕ ਵਿਅਕਤੀ ਮਾਤਰ ਨਹੀਂ ਸੀ, ਉਹ ਤਾਂ ਇਕ ਸੋਚ ਸੀ, ਇਕ ਬਦਲਾਅ ਦਾ ਚਿੰਨ੍ਹ ਸੀ, ਉਸ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਸਦੀ ਸੋਚ ਨੂੰ ਉਸਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਦਾ ਅੰਗ ਬਣਾਈਏ। 

ਇਸ ਮੌਕੇ ਐਸ.ਐਸ.ਪੀ ਸ੍ਰੀ ਸੁਨੀਲ ਕੁਮਾਰ ਨੇ ਕਿਹਾ ਕਿ ਸਰਕਾਰ ਆਪਣੇ ਪੱਧਰ ਤੇ ਲਗਾਤਾਰ ਯਤਨ ਕਰ ਰਹੀ ਹੈ। ਸਾਬਕਾ ਵਿਧਾਇਕ ਮੈਡਮ ਕਰਨ ਕੌਰ ਬਰਾੜ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਅੱਜ ਦੇ ਦਿਨ ਸਾਡੇ ਮੁਲਕ ਦੀ ਅਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ ਸੀ। ਇਹ ਦਿਨ ਸਾਨੂੰ ਸ਼ਹੀਦਾਂ ਵੱਲੋਂ ਲਏ ਸੁਪਨਿਆਂ ਨੂੰ ਸੱਚ ਕਰਨ ਦਾ ਪ੍ਰਣ ਲੈਣ ਦਾ ਦਿਨ ਹੈ। ਸਾਡੀ ਸਾਡੇ ਸ਼ਹੀਦਾਂ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਅਜਿਹਾ ਸਿਹਤਮੰਦ ਅਤੇ ਨਸ਼ਾ ਮੁਕਤ ਸਮਾਜ ਸਿਰਜੀਏ, ਜਿਥੇ ਹਰ ਕੋਈ ਖੁਸ਼ਹਾਲ ਜੀਵਨ ਜੀ ਸਕੇ। ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸਰਕਾਰ ਦੀ ਇਸ ਮੁਹਿੰਮ ਨਾਲ ਜੁੜੀਏ। ਉਨ੍ਹਾਂ ਕਿਹਾ ਕਿ ਅੱਜ ਤੋਂ ਸੂਬੇ ਵਿਚ ਨਸ਼ੇ ਖਿਲਾਫ਼ ਇਕ ਜੰਗ ਦਾ ਆਗਾਜ਼ ਹੋਣ ਜਾ ਰਿਹਾ ਹੈ ਤੇ ਅਸੀਂ ਸਾਰਿਆਂ ਨੇ ਰਲ ਕੇ ਇਸ ਜੰਗ ਵਿਚ ਫਤਿਹ ਹਾਸਲ ਕਰਨੀ ਹੈ। ਅਸੀਂ ਭਗਤ ਸਿੰਘ ਦੇ ਵਾਰਿਸ ਹਾਂ। ਅਸੀਂ ਨਸ਼ੇ ਨੂੰ ਖਤਮ ਕਰ ਕੇ ਨਸ਼ਾ ਮੁਕਤ ਪੰਜਾਬ ਸਿਰਜਣਾ ਹੈ। ਇਸ ਮੌਕੇ ਏ.ਡੀ.ਸੀ ਜਨਰਲ ਸ.ਰਾਜਪਾਲ ਸਿੰਘ, ਏ.ਡੀ.ਸੀ ਵਿਕਾਸ ਐੱਚ. ਐੱਚ. ਸਰਾਂ, ਸਹਾਇਕ ਕਮਿਸ਼ਨਰ ਜਨਰਲ ਗੋਪਾਲ ਸਿੰਘ, ਐਕਜਕੁਟਿਵ ਮੈਜਿਸਟ੍ਰੇਟ ਮੈਡਮ ਵੀਰਪਾਲ ਕੌਰ ਆਦਿ ਹਾਜ਼ਰ ਸਨ।  
 


Related News