ਕਾਨੂੰਨੀ ਹੱਕਾਂ ਦੀ ਜਾਣਕਾਰੀ ਔਰਤ ਨੂੰ ਬਣਾ ਸਕਦੀ ਹੈ ਅਬਲਾ ਤੋਂ ਸਬਲਾ : ਹਰਗੁਰਜੀਤ

03/23/2018 5:35:04 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) :  ਮਾਣਯੋਗ ਜ਼ਿਲਾ ਅਤੇ ਸੈਸ਼ਨਜ ਜੱਜ ਕਿਸ਼ੋਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਥਾਨਕ ਲਿਟਲ ਫਲਾਵਰ ਕੋਨਵੈਂਟ ਸਕੂਲ ਵਿਖੇ ਕਾਨੂੰਨੀ ਜਾਗਰੁਕਤਾ ਸੈਮੀਨਾਰ ਦਾ ਆਯੋਜਨ ਕੀਤਾ। ਇਸ ਮੌਕੇ ਅਥਾਰਟੀ ਦੇ ਸਕੱਤਰ ਚੀਫ ਜੁਡੀਸਲ ਮੈਜਿਸਟ੍ਰੇਟ ਸ੍ਰੀਮਤੀ ਹਰਗੁਰਜੀਤ ਕੌਰ ਦੀ ਅਗਵਾਈ ਹੇਠ ਵਿੱਦਿਆਰਥੀਆਂ ਨੂੰ ਵੱਖ- ਵੱਖ ਕਾਨੂੰਨੀ ਪਹਿਲੂਆਂ ਦੀ ਜਾਣਕਾਰੀ ਦਿੱਤੀ। 
ਇਸ ਮੌਕੇ ਬਤੋਰ ਮੁੱਖ ਵਕਤਾ ਸੀ. ਜੇ. ਐੱਮ. ਹਰਗੁਰਜੀਤ ਕੌਰ ਨੇ ਵਿਦਿਆਰਥਣਾਂ ਨੂੰ ਪਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸ਼ੂਅਲ ਅਫੈਨਸਜ਼ ਐਕਟ 2012 ਨਾਲ ਸਬੰਧਤ ਪਹਿਲੂਆਂ ਦੀ ਜਾਣਕਾਰੀ ਦਿੰਦਿਆਂ ਯੋਨ ਅਪਰਾਧਾਂ ਤੋਂ ਸੁਚੇਤ ਰਹਿਣ ਬਾਰੇ ਜਾਗਰੁਕ ਕੀਤਾ, ਉੱਥੇ ਹੀ ਵਿਦਿਆਰਥਣਾਂ ਨੂੰ ਸਿੱਖਿਆ ਦਾ ਅਧਿਕਾਰ, ਘਰੇਲੂ ਹਿੰਸਾ ਅਤੇ ਦਾਜ ਰੋਕੂ ਕਾਨੂੰਨ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਕਾਨੂੰਨੀ ਹੱਕਾਂ ਦੀ ਜਾਣਕਾਰੀ ਔਰਤ ਨੂੰ ਅਬਲਾ ਤੋਂ ਸਬਲਾ ਬਣਾ ਸਕਦੀ ਹੈ। ਬਾਲ ਸ਼ੋਸ਼ਣ ਦੀ ਗੱਲ ਕਰਦਿਆਂ ਸੀ.ਜੀ.ਐੱਮ. ਨੇ ਕਿਹਾ ਕਿ ਬਾਲ ਯੋਨ ਅਪਰਾਧ ਸਮਾਜ ਦੀ ਵਿਕਰਤ ਮਾਨਸਿਕਤਾ ਦਾ ਪ੍ਰਤੀਕ ਹਨ। ਇਸ ਅਪਰਾਧ ਦਾ ਸੱਭ ਤੋਂ ਮਾਰੂ ਪਹਿਲੂ ਇਹ ਹੈ ਕਿ ਜ਼ਿਆਦਾਤਰ ਅਜਿਹੇ ਅਪਰਾਧ ਬੱਚਿਆਂ ਦੇ ਆਪਣੇ ਕਰਦੇ ਹਨ, ਜਿਨਾਂ 'ਤੇ ਬੱਚੇ ਭਰੋਸਾ ਕਰਦੇ ਹਨ। ਬੱਚੇ ਪਰਿਵਾਰ ਤੋਂ ਇਲਾਵਾ ਸਕੂਲਾਂ 'ਚ ਆਪਣਾ ਸਮਾਂ ਬਤੀਤ ਕਰਦਿਆਂ ਪਰਿਵਾਰਕ ਮੈਂਬਰਾਂ ਦੇ ਨਾਲ ਆਪਣੇ ਅਧਿਆਪਕਾਂ ਤੇ ਵਿਸ਼ਵਾਸ਼ ਕਰਦੇ ਹਨ।
ਜ਼ਿਲਾ ਬਾਲ ਸੁਰਿੱਖਆ ਅਫਸਰ ਡਾ ਸ਼ਿਵਾਨੀ ਨਾਗਪਾਲ ਵਲੋਂ ਯੋਨ ਅਪਰਾਧਾਂ,ਅਪਰਾਧੀ ਪਰਵਿਰਤੀ ਤੇ ਜਾਣਕਾਰੀ ਦਿੰਦਿਆਂ  ਚੰਗੀ ਮਾੜੀ ਛੋਹ ਤੇ ਸਾਵਧਾਨੀਆਂ ਨੂੰ ਬੜੇ ਮਨੋਵਿਗਿਆਨਕ ਢੰਗ ਨਾਲ ਸਮਝਾਇਆ। ਪੋਕਸੋ ਐਕਟ ਤਹਿਤ ਦੋਸ਼ੀਆਂ ਲਈ ਸਜਾਵਾਂ ਅਤੇ ਕਾਨੂੰਨੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੁਰਮ ਬਾਰੇ ਜਾਣਕਾਰੀ ਹੋਣ 'ਤੇ ਚੁੱਪ ਰਹਿਣ ਵਾਲਾ ਸਜਾ ਦਾ ਭਾਗੀ ਹੈ। ਇਸ ਮੌਕੇ ਅਕਾਰਟੀ ਨੇ ਸਪੋਰਟਸ ਕਰਾਟੇ ਐਸੋਸੀਏਸ਼ਨ ਮਲੋਟ ਦੇ ਸਹਿਯੋਗ ਨਾਲ ਲੜਕੀਆਂ ਨੂੰ ਆਤਮ ਰੱਖਿਆ ਤਕਨੀਕਾਂ ਦੀ ਜਾਣਕਾਰੀ ਦੇਣ ਲਈ ਕੈਂਪ ਲਾਇਆ, ਜਿਸ 'ਚ ਕਰਾਟੇ ਇੰਸਟਰਕਟਰ ਗੁਰਮੀਤ ਸਿੰਘ ਦੀ ਅਗਵਾਈੇ ਹੇਠ ਕਰਾਟੇ ਟਰ੍ਰੇਨਿਰਾਂ ਦੀ ਟੀਮ ਵਲੋਂਜੂਡੇ ਕਰਾਟੇ,ਤਾਈਕਵਾਂਡੇ,ਮਾਰਸ਼ਲ ਆਰਟ ਦੀਆਂ ਵੱਖ ਵੱਖ ਸਵੈ ਰੱਖਿਆ ਤਕਨੀਕਾਂ ਦੀ ਜਾਣਕਾਰੀ ਦੇਣ ਦੇ ਇਲਾਵਾ ਲੜਕੀਆਂ ਨੂੰ ਸਵੈ ਰੱਖਿਆ ਦੇ ਹੋਰ ਜਰੂਰੀ ਨੁਕਤਿਆਂ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਿਸੇ ਕਾਨੂੰਨੀ ਮਦਦ ਦੀ ਜਰੂਰਤ ਹੋਵੇ ਤਾਂ ਉਨ੍ਹਾਂ ਦੇ ਦਫਤਰ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦਾ ਹੈ।
 


Related News