ਘਰ ''ਚੋਂ 25 ਹਜ਼ਾਰ ਦੀ ਨਕਦੀ ਤੇ 3 ਮੋਬਾਇਲ ਚੋਰੀ

03/23/2018 5:27:01 PM

ਝਬਾਲ/ਸਰਾਏ ਅਮਾਨਤ ਖਾਂ/ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ, ਰਾਜਿੰਦਰ, ਭਾਟੀਆ) : ਸਰਹੱਦੀ ਪਿੰਡ ਚੀਮਾ ਕਲਾ ਸਥਿਤ ਬੀਤੀ ਰਾਤ ਇਕ ਘਰ ਵਿਚੋਂ ਚੋਰਾਂ ਵਲੋਂ 25 ਹਜ਼ਾਰ ਰੁਪਏ ਦੀ ਨਕਦੀ 3 ਕੀਮਤੀ ਮੋਬਾਇਲ ਅਤੇ ਇਕ ਸੋਨੇ ਦੀ ਮੁੰਦਰੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਸ਼ਿਕਾਇਤ ਦਰਜ ਕਰਾਉਂਦਿਆਂ ਚੋਰਾਂ ਵਲੋਂ ਪਰਿਵਾਰ ਨੂੰ ਕੋਈ ਜ਼ਹਿਰੀਲੀ ਚੀਜ਼ ਸੁੰਘਾਉਣ ਦਾ ਸ਼ੱਕ ਵੀ ਜਾਹਿਰ ਕੀਤਾ ਹੈ। ਜਾਣਕਾਰੀ ਦਿੰਦਿਆਂ ਜਗਦੀਪ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਚੀਮਾ ਕਲਾਂ ਨੇ ਦੱਸਿਆ ਕਿ ਬੀਤੀ ਸ਼ੁੱਕਰਵਾਰ ਦੀ ਰਾਤ ਜਦੋਂ ਉਹ ਘਰ ਦੇ ਬਰਾਂਡੇ 'ਚ ਪੂਰੇ ਪਰਿਵਾਰ ਸਮੇਤ ਸੁੱਤੇ ਪਏ ਸਨ ਤਾਂ ਘਰ ਦੇ ਪਿੱਛੇ ਖਾਲੀ ਪਏ ਇਕ ਘਰ ਰਾਹੀਂ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਘਰ 'ਚ ਦਾਖਲ ਹੋਏ ਅਣਪਛਾਤੇ ਚੋਰਾਂ ਵਲੋਂ ਜਿਥੇ ਕਮਰੇ 'ਚ ਪਏ ਬੈੱਡ ਦੇ ਦਰਾਜ ਵਿਚੋਂ 3 ਕੀਮਤੀ ਮੋਬਾਇਲ ਚੋਰੀ ਕਰ ਲਏ ਗਏ ਉਥੇ ਹੀ ਅਲਮਾਰੀ ਵਿਚੋਂ 25 ਹਜ਼ਾਰ ਰੁਪਏ ਦੀ ਨਕਦੀ ਅਤੇ ਇਕ ਸੋਨੇ ਦੀ ਮੁੰਦਰੀ ਵੀ ਚੋਰੀ ਕਰਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਚੋਰਾਂ ਵਲੋਂ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਨੀਂਦ ਵਾਲੀ ਕੋਈ ਜ਼ਹਿਰੀਲੀ ਦਵਾਈ ਸੁੰਘਾ ਦਿੱਤੀ ਗਈ ਹੈ, ਜਿਸ ਕਰਕੇ ਉਨ੍ਹਾਂ ਨੂੰ ਕਮਰੇ ਦੇ ਅੱਗੇ ਸੁੱਤੇ ਹੋਇਆ ਵੀ ਚੋਰਾਂ ਦੇ ਆਉਣ ਦਾ ਪਤਾ ਨਹੀਂ ਲੱਗ ਸਕਿਆ ਹੈ। ਜਗਦੀਪ ਸਿੰਘ ਨੇ ਦੱਸਿਆ ਕਿ ਉਸ ਦੀ 12 ਸਾਲ ਦੀ ਲੜਕੀ ਨਵਦੀਪ ਕੌਰ ਅਨੁਸਾਰ ਉਸ ਨੂੰ ਰਾਤ 12 ਕੁ ਵਜੇ ਘਰ 'ਚ ਪੈਰਾਂ ਦੀ ਆਹਟ ਸੁਣਾਈ ਦਿੱਤੀ ਗਈ ਸੀ ਪਰ ਉਹ ਡਰਦੀ ਕੁਝ ਬੋਲੀ ਨਹੀਂ। ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਦਾ ਕਹਿਣਾ ਹੈ ਚੋਰੀ ਦੇ ਮਾਮਲੇ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਹੈ ਤੇ ਅਣਪਛਾਤੇ ਚੋਰਾਂ ਵਿਰੋਧ ਕੇਸ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।


Related News