ਨਸ਼ਾ ਛੁਡਾ ਕੇ ਪੂਰੇ ਪਰਿਵਾਰ ਨੂੰ ਦਿੱਤਾ ਜਾ ਸਕਦਾ ਹੈ ਜੀਵਨਦਾਨ : ਡਿਪਟੀ ਕਮਿਸ਼ਨਰ

03/23/2018 5:24:40 PM

ਮਾਨਸਾ (ਸੰਦੀਪ ਮਿੱਤਲ)-ਨਸ਼ੇ ਦੇ ਮਕੜ ਜਾਲ 'ਚ ਫਸੇ ਨੌਜਵਾਨਾਂ ਨੂੰ ਨਸ਼ੇ ਤੋਂ ਨਿਜ਼ਾਤ ਦਿਵਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਅਤੇ ਸਾਫ਼-ਸੁਥਰੀ ਜ਼ਿੰਦਗੀ ਜੀਉਣ ਲਈ ਪ੍ਰੇਰਿਤ ਕਰਵਾਉਣ ਦੇ ਮੰਤਵ ਨਾਲ ਨਿਯੁਕਤ ਕੀਤੇ ਗਏ ਨਸ਼ਾ ਛੁਡਾਓ ਅਫ਼ਸਰਾਂ (ਡਰੱਗ ਅਬਯੂਜ਼ ਪ੍ਰੀਵੈਨਸ਼ਨ ਅਫਸਰ) ਸਬੰਧੀ ਅੱਜ ਜ਼ਿਲਾ ਪੱਧਰੀ ਸੰਹੁ ਚੁੱਕ ਸਮਾਗਮ ਸਥਾਨਕ ਮਹਿਕ ਹੋਟਲ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਤੋਂ ਸਿੱਧੇ ਪ੍ਰਸਾਰਣ ਰਾਹੀਂ ਪੰਜਾਬ ਦੇ ਸਮੂਹ ਨਸ਼ਾ ਛੁਡਾਓ ਅਫਸਰਾਂ ਨੂੰ ਇਕੋ ਸਮੇਂ ਨਸ਼ੇ 'ਚ ਫਸੇ ਲੋਕਾਂ ਦਾ ਨਸ਼ਾ ਛੁਡਾਉਣ ਅਤੇ ਉਨ੍ਹਾਂ ਨੂੰ ਇਲਾਜ ਕਰਵਾਉਣ ਲਈ ਪ੍ਰੇਰਣਾ ਦੇਣ ਸਬੰਧੀ ਸੰਹੁ ਚੁਕਾਈ ਗਈ। 
ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਇਨ੍ਹਾਂ ਤੋਂ ਪ੍ਰੇਰਿਤ ਹੋ ਕੇ ਨਸ਼ਾ ਛੱਡਦਾ ਹੈ, ਤਾਂ ਉਸਦੇ ਪੂਰੇ ਪਰਿਵਾਰ ਨੂੰ ਨਵੀਂ ਜ਼ਿੰਦਗੀ ਮਿਲ ਜਾਂਦੀ ਹੈ ਅਤੇ ਇਸ ਤੋਂ ਵੱਡਾ ਕੋਈ ਪੁੰਨ ਦਾ ਕੰਮ ਨਹੀਂ ਹੈ। 
ਐੱਸ.ਐੱਸ.ਪੀ. ਪਰਮਬੀਰ ਸਿੰਘ ਪਰਮਾਰ ਨੇ ਕਿਹਾ ਕਿ ਜ਼ਿਲੇ ਦੇ ਹਰੇਕ ਸਾਂਝ ਕੇਂਦਰ 'ਚ ਨਸ਼ਾ ਛੁਡਾਓ ਅਫ਼ਸਰਾਂ ਲਈ ਫਾਰਮ ਭਰੇ ਜਾ ਰਹੇ ਹਨ ਅਤੇ ਹੁਣ ਤੱਕ 11 ਹਜ਼ਾਰ ਤੋਂ ਵੀ ਵੱਧ ਵਿਅਕਤੀਆਂ ਨੇ ਇਹ ਫਾਰਮ ਭਰੇ ਹਨ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਇਨ੍ਹਾਂ ਨਸ਼ਾ ਛੁਡਾਓ ਅਫ਼ਸਰਾਂ ਦੀ ਟ੍ਰੇਨਿੰਗ ਕਰਵਾਈ ਜਾਵੇਗੀ।
ਇਸ ਤੋਂ ਇਲਾਵਾ ਸਥਾਨਕ ਬੀ.ਐੱਮ.ਡੀ.ਹਾਈ ਸਕੂਲ ਵਿਖੇ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਘੁਵਰ ਦਿਆਲ ਅਤੇ ਸਮੂਹ ਸਟਾਫ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਤੇ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨੀ ਬਾਰੇ ਦੱਸਿਆ। ਇਸ ਮੌਕੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਵੀ ਗਾਏ ਤੇ ਬੱਚਿਆ ਨੂੰ ਇਨਾਮ ਦਿੱਤੇ। ਅਖੀਰ 'ਚ ਸਕੂਲ ਪ੍ਰਿੰਸੀਪਲ ਰਘੁਵਰ ਦਿਆਲ ਨੇ ਸਕੂਲ ਦੇ ਬੱਚਿਆਂ ਨੂੰ ਸੱਚ ਬੋਲਣ ਤੇ ਦੇਸ਼ ਲਈ ਕੁਝ ਕਰਨ ਦੀ ਸਿੱਖਿਆ ਦਿੱਤੀ।
ਇਸੇ ਤਰ੍ਹਾਂ ਰੋਟਰੀ ਕਲੱਬ ਮਾਨਸਾ ਗਰੇਟਰ ਵਲੋਂ ਅੱਜ ਸ਼ੇਰਜੰਗ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। 
ਉਧਰ ਸਰ ਜੈਫ਼ਰੀ ਇੰਸਟੀਚਊਟ ਰੇਲਵੇ ਰੋਡ ਵਿਖੇ ਬੱਚਿਆਂ ਦਾ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਪ੍ਰਸ਼ਨ ਪੁੱਛੇ ਗਏ ਤਾਂ ਜੋ ਬੱਚਿਆਂ ਵਿਚ ਦੇਸ਼ ਭਗਤੀ ਦੀ ਭਾਵਨਾ ਨੂੰ ਜਗ੍ਰਿਤ ਕੀਤਾ ਜਾ ਸਕੇ। ਲਖਵਿੰਦਰ ਸਿੰਘ ਮੂਸਾ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਫਰਜ਼ ਇਮਾਨਦਾਰੀ ਨਾਲ ਨਿਭਾਉਣੇ ਚਾਹੀਦੇ ਹਨ। ਇਹ ਸਾਡੇ ਲਈ ਦੇਸ਼ ਭਗਤੀ ਹੈ। 
ਇਸ ਤੋਂ ਇਲਾਵਾ ਸ਼ਹੀਦੇ ਆਜ਼ਮ ਸ. ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਸ਼ਹੀਦ ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਸ਼ਹੀਦ ਭਗਤ ਸਿੰਘ ਆਟੋ ਯੂਨੀਅਨ ਮਾਨਸਾ ਵਲੋਂ ਬੱਸ ਸਟੈਂਡ ਵਿਖੇ ਇਕ ਇਨਕਲਾਬੀ ਪ੍ਰੋਗਰਾਮ ਕੀਤਾ ਗਿਆ ਤੇ ਇਸ ਦੌਰਾਨ ਇਨਕਲਾਬੀ ਨਾਟਕ ਤੇ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਪ੍ਰੋਗਰਾਮ ਕਰਨ ਉਪਰੰਤ ਆਟੋ ਵਰਕਰਾਂ ਨੇ ਬੱਸ ਸਟੈਂਡ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਚੌਂਕ ਮਾਨਸਾ ਤੱਕ ਮਾਰਚ ਕੱਢਿਆ ਅਤੇ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ।
ਇਸ ਤੋਂ ਇਲਾਵਾ ਸ਼ਹੀਦ ਏ ਆਜ਼ਮ ਸ. ਭਗਤ ਸਿੰਘ, ਰਾਜਗੂਰੁ ਅਤੇ ਸੁਖਦੇਵ ਦੀ ਸ਼ਹੀਦੀ ਦੇ ਸਬੰਧ ਵਿਚ ਖਟਕੜ ਕਲਾਂ ਤੋਂ ਮੁੱਖ ਮੰਤਰੀ ਵੱਲੋਂ ਰਾਜ ਪੱਧਰੀ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਮਾਈ ਭਾਗੋ ਡਿਗਰੀ ਕਾਲਜ ਰੱਲਾ(ਮਾਨਸਾ) ਦੁਆਰਾ ਵਿਦਿਆਰਥੀਆਂ ਨੂੰ ਪ੍ਰੋਜੈਕਟਰ ਰਾਹੀਂ ਦਿਖਾਇਆ ਗਿਆ ਅਤੇ ਸਹੁੰ ਚੁਕਾਈ ਦੀ ਰਸਮ ਅਦਾ ਕੀਤੀ ਗਈ। ਇਸ ਰਸਮ ਵਿਚ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸ਼ਹੀਦੀ ਦਿਵਸ ਨੂੰ ਮੁੱਖ ਰਖਦੇ ਹੋਏ ਡਿਗਰੀ ਕਾਲਜ ਦੇ ਵਾਈਸ ਪ੍ਰਿੰਸੀਪਲ ਰਾਜਦੀਪ ਕੌਰ ਅਤੇ ਐਜੂਕੇਸ਼ਨ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਅਜ਼ਾਦੀ ਦੇ ਸੰਘਰਸ਼ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਅਜਾਦੀ ਘੁਲਾਟੀਆਂ ਨੂੰ ਸ਼ਾਬਦਿਕ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਮਹਾਨ ਘਾਲਣਾ ਬਾਰੇ ਜਾਣੂ ਕਰਵਾਇਆ।


Related News