ਪੜ੍ਹਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ

03/23/2018 5:19:31 PM

ਵਿਦਵਾਨਾਂ ਦਾ ਕਥਨ ਹੈ ਕਿ ਪੜ੍ਹਾਈ ਬੰਦੇ ਨੂੰ ਸਿਆਣਾ ਬਣਾਉਂਦੀ ਆ, ਪਰ! ਅਜੋਕੇ ਸੰਦਰਭ 'ਚ ਇਹ ਗੱਲ ਫਿੱਟ ਨਹੀਂ ਬੈਠਦੀ ਕਿਉਂਕਿ ਅੱਜਕਲ੍ਹ ਪੜ੍ਹੀ-ਲਿਖੀ ਜਨਤਾ ਜ਼ਿਆਦਾ ਵਹਿਮਾਂ-ਭਰਮਾਂ ਦੀ ਸ਼ਿਕਾਰ ਹੋਈ ਪਈ ਆ। ਅੱਜ ਤੋਂ 20/ 25 ਵਰ੍ਹੇ ਪਹਿਲਾਂ ਵੀ ਸਮਾਜ ਵਿਚ ਵਹਿਮ- ਭਰਮ ਤਾਂ ਸਨ ਪਰ ਇੰਨੇ ਨਹੀਂ ਜਿੰਨੇ ਹੁਣ ਦਿੱਸਦੇ ਆ। ਅੱਜਕਲ੍ਹ ਫੇਸਬੁਕ ਤੇ ਆਮ ਹੀ ਆਉਂਦੈ 'ਦੇਖੋ ਆਪਣੇ ਪਿਛਲੇ ਜਨਮ ਦਾ ਰਾਜ਼, 'ਕੌਣ ਹੈ ਇਤਿਹਾਸ ਵਿਚ ਤੁਹਾਡਾ ਜੁੜਵਾਂ?', 'ਪਿਛਲੇ ਜਨਮ 'ਚ ਕਿਵੇਂ ਹੋਈ ਤੁਹਾਡੀ ਮੌਤ?', 'ਇਸ ਜਨਮ 'ਚ ਕੋਣ ਕਰ ਸਕਦਾ ਹੈ ਤੁਹਾਡਾ ਕਤਲ?' ਅਤੇ ਹੋਰ ਬਹੁਤ ਇਸੇ ਤਰ੍ਹਾਂ ਦਾ ਹੀ।
ਉਝ ਕਹਿਣ ਨੂੰ ਲੋਕ ਭਾਵੇਂ ਆਹਾਂਦੇ ਆ ਕਿ 'ਇਹ ਤਾਂ ਜੀ ਬੱਸ ਸ਼ੁਗਲ- ਮੇਲਾ ਹੈ' ਪਰ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਬੰਦਾ ਮਜ਼ਾਕ 'ਚ ਵੀ ਉਹੀ ਗੱਲਾਂ ਕਰਦਾ ਹੈ ਜੋ ਉਸਦੇ ਮਨ ਵਿਚ ਚੱਲ ਰਹੀਆਂ ਹੁੰਦੀਆਂ ਨੇ। ਅਸੀਂ ਆਪਣੇ ਬਾਰੇ, ਆਪਣੇ ਆਉਣ ਵਾਲੇ ਭਵਿੱਖ ਬਾਰੇ ਜਾਣਨਾ ਚਾਹੁੰਨੇ ਹਾਂ ਜਿਸ ਦੇ ਨਤੀਜੇ ਵੱਜੋਂ ਅਸੀਂ ਸ਼ੋਸ਼ਲ ਮੀਡੀਆ ਤੇ ਅਜਿਹੀਆਂ ਕਾਰਵਾਈਆਂ ਕਰਦੇ ਰਹਿੰਨੇ ਆਂ।
ਅੱਜ ਦੇ ਵਿਗਿਆਨਕ ਯੁਗ ਵਿਚ ਬਹੁਤੇ ਪੜ੍ਹੇ- ਲਿਖੇ ਲੋਕ ਵੀ ਮੂਰਖ਼ਾਂ ਵਾਲੀਆਂ ਹਰਕਤਾਂ ਕਰਨ ਡੱਹੇ ਨੇ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਅਸੀਂ ਮਾਨਸਕ ਰੂਪ ਵਿਚ ਬਹੁਤ ਕਮਜ਼ੋਰ ਆਂ। ਵਿੱਦਿਆ- ਪ੍ਰਣਾਲੀ ਸਾਡੇ ਮਨਾਂ ਨੂੰ ਮਜਬੂਤ ਬਣਾਉਣ ਦੇ ਸਮਰੱਥ ਨਹੀਂ ਹੈ। ਤਾਹੀਂਓ ਤਾਂ ਭਾਰਤ ਵਿਚ ਅਖੌਤੀ ਬਾਬਿਆਂ ਦੀ ਭਰਮਾਰ ਹੈ। ਹਰ ਪਿੰਡ/ਸ਼ਹਿਰ ਵਿਚ ਬਾਬਿਆਂ ਦੀਆਂ ਦੁਕਾਨਾਂ ਇਹਨਾਂ ਪੜ੍ਹੇ- ਲਿਖੇ ਮੂਰਖ਼ਾਂ ਦੇ ਸਿਰੋਂ ਹੀ ਚੱਲ ਰਹੀਆਂ ਨੇ।
ਸਵੇਰੇ ਟੀਥ ਵੀਥ ਤੇ ਘੱਟੋ- ਘੱਟ 20 ਬਾਬੇ ਲੋਕਾਂ ਨੂੰ ਸੱਚ ਦਾ ਉਪਦੇਸ਼ ਦੇ ਰਹੇ ਹੁੰਦੇ ਆ ਪਰ ਉਹੀ ਬਾਬੇ ਕਤਲ ਕੇਸਾਂ, ਬਲਾਤਕਾਰ ਦੇ ਕੇਸਾਂ ਵਿਚ ਪੇਸ਼ੀਆਂ ਭੁਗਤਦੇ ਆਮ ਦੀ ਦੇਖੇ ਜਾ ਸਕਦੇ ਹਨ। ਪਰ! ਅਜੋਕੀ ਪੜ੍ਹੀ- ਲਿਖੀ ਜਨਤਾ ਨੂੰ ਕੌਣ ਸਮਝਾਵੇ?
ਆਹਾਂਦੇ ਇਕ ਜ਼ਿੰਮੀਦਾਰ ਬੰਦੇ ਦੀ ਮੱਝ ਦੁੱਧ ਨਾ ਦੇਵੇ। ਉਹ ਬੜਾ ਪ੍ਰੇਸ਼ਾਨ 'ਬਈ 40 ਹਜ਼ਾਰ ਦੀ ਮੱਝ ਲਿਆਂਦੀ ਆ ਤੇ ਦੁੱਧ ਕੱਢਣ ਨਹੀਂ ਦਿੰਦੀ।' ਉਸ ਨੂੰ ਕਿਸੇ ਪੜ੍ਹੇ- ਲਿਖੇ ਸਿਆਣੇ ਨੇ ਸਲਾਹ ਦਿੱਤੀ 'ਬਈ ਆਪਣੇ ਪਿੰਡ ਵਾਲਾ 'ਸਾਧ' ਆਟੇ ਦਾ ਪੇੜਾ ਬਣਾ ਕੇ ਦਿੰਦਾ ਹੈ, ਜੇ ਤੂੰ ਵੀਂ ਆਟੇ ਦਾ ਪੇੜਾ ਸੰਤਾਂ ਤੋਂ ਬਣਵਾ ਲਿਆਂਵੇ ਤਾਂ ਤੇਰੀ ਮੱਝ ਦੁੱਧ ਦੇ ਸਕਦੀ ਹੈ।'
ਉਸ ਜ਼ਿੰਮੀਦਾਰ ਬੰਦੇ ਨੇ ਘਰੇ ਆਟੇ ਦਾ ਪੇੜਾ ਬਣਾਇਆ ਤੇ ਤੁਰ ਪਿਆ ਸੰਤ ਦੇ ਡੇਰੇ ਵੱਲ। ਡੇਰੇ ਪਹੁੰਚ ਕੇ ਉਹਨੇ ਸਾਰੀ ਆਪ- ਬੀਤੀ ਸੰਤਾਂ ਨੂੰ ਕਹਿ ਸੁਣਾਈ। ਸਾਧ ਖਚਰੀ ਦੀ ਹਾਸੀ ਹੱਸਿਆ ਤੇ ਪੇੜਾ ਫ਼ੜ ਕੇ ਕੋਈ 'ਮੰਤਰ' ਪੜ੍ਹਿਆ ਤੇ ਬੋਲਿਆ, 'ਬੱਲਿਆ, ਘਰ ਜਾ ਕੇ ਮੱਝ ਅੱਗੇ ਬਰਸੀਨ (ਹਰਿਆ ਚਾਰਾ) ਪਾ ਕੇ ਦੁੱਧ ਕੱਢ ਲਵੀਂ।' ਉਹ ਜ਼ਿੰਮੀਦਾਰ ਬੰਦਾ ਘਰ ਵੱਲ ਨੂੰ ਨੱਠਿਆ ਤੇ ਘਰ ਆ ਕੇ ਉਹਨੇ ਮੱਝ ਨੂੰ ਚੰਗਾ ਬਰਸੀਨ ਪਾਇਆ ਤੇ ਨਾਲ ਹੀ ਪਾਣੀ ਵੀ ਪਿਆਇਆ। ਸ਼ਾਮ ਨੂੰ ਜਦੋਂ ਮੱਝ ਦਾ ਦੁੱਧ ਕੱਢਣ ਬੈਠਾ ਤਾਂ ਮੱਝ ਨੇ 15 ਕਿਲੋ ਦੁੱਧ ਦਿੱਤਾ। ਉਹ ਫੇਥਰ ਭੱਜਿਆ ਤੇ ਦੁੱਧ ਦੀ ਬਾਲਟੀ ਸਾਧਾਂ ਨੂੰ ਅਰਪਣ ਕਰ ਆਇਆ। ਵਾਹ ਬਈ ਵਾਹ, ਬਾਬਾ ਤਾਂ ਬਹੁਤ ਕਰਨੀ ਵਾਲਾ ਹੈ!
ਉਂ ਅਸਲ ਗੱਲ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਉਹ ਸਿਆਣਾ ਬੰਦਾ ਭੁੱਖੀ ਮੱਝ ਤੋਂ ਦੁੱਧ ਦੀ ਆਸ ਰੱਖੀ ਬੈਠਾ ਸੀ ਪਰ ਚਤੁਰ ਬਾਬਾ ਇਸ ਗੱਲ ਦਾ ਅੰਦਾਜ਼ਾ ਡੇਰੇ ਬੈਠਾ ਹੀ ਲਗਾ ਗਿਆ ਕਿ ਇਹ ਸਿਆਣਾ ਭੁੱਖੀ ਮੱਝ ਤੋਂ ਦੁੱਧ ਭਾਲਦਾ ਹੈ। ਜਦੋਂ ਮੱਝ ਨੂੰ ਪੀਣ ਲਈ ਪਾਣੀ ਤੇ ਖਾਣ ਲਈ ਬਰਸੀਨ ਮਿਲ ਗਿਆ ਉਹਨੇ ਦੁੱਧ ਦੇ ਦਿੱਤਾ ਪਰ ਉਹ ਸਿਆਣਾ ਬੰਦਾ ਜਦੋਂ ਤੱਕ ਜੀ1ੁਂਦਾ ਰਹੂ ਬਾਬਿਆਂ ਦਾ ਪੱਕਾ ਚੇਲਾ ਬਣਿਆ ਰਹੂਗਾ! 
ਇਹ ਤਾਂ ਪੇਂਡੂ ਅਨਪੜ੍ਹ ਬੰਦੇ ਦੀ ਕਹਾਣੀ ਆ ਪਰ ਅੱਜਕਲ੍ਹ ਪੜ੍ਹੇ- ਲਿਖੇ ਸਿਆਣੇ ਵੀ ਮੂਰਖ਼ਾਂ ਵਾਲੇ ਕੰਮ ਕਰਦੇ ਆਮ ਦੀ ਨਜ਼ਰੀਂ ਪੈ ਜਾਂਦੇ ਆ। ਆਪਾਂ ਫੇਸਬੁਕ, ਵਟਸਐੱਪ ਅਤੇ ਹੋਰ ਸ਼ੋਸ਼ਣ ਸਾਈਟਾਂ ਤੇ ਵਹਿਮਾਂ- ਭਰਮਾਂ ਵਾਲੇ ਸੰਦੇਸ਼ ਆਮ ਹੀ ਪੜ੍ਹਦੇ ਰਹਿੰਨੇ ਆਂ। ਇਹ ਸੰਦੇਸ਼ ਭਲਾਣੀ ਧਾਰਮਕ ਜਗ੍ਹਾ ਤੋਂ ਚੱਲਿਆ ਹੈ ਇਸ ਨੂੰ 10 ਲੋਕਾਂ ਨੂੰ ਭੇਜੋ, ਜੇ ਨਾ ਭੇਜਿਆ ਤਾਂ ਕੱਲ ਤੱਕ ਤੁਹਾਡੀ ਮੌਤ ਹੋ ਜਾਵੇਗੀ ਅਤੇ ਜੇਕਰ ਭੇਜ ਦਿੱਤਾ ਤਾਂ ਦੱਬਿਆ ਖ਼ਜਾਨਾ ਲੱਭ ਜਾਊਗਾ। ਬੱਲੇ ਜਵਾਨੋ!!!
ਕਦੇ- ਕਦੇ ਜਨਤਾ ਬਿਲਕੁਲ ਹੱਦ ਹੀ ਮੁਕਾ ਦਿੰਦੀ ਆ। ਇਕ ਅਵਾਰਾ ਡੰਗਰ ਨੂੰ ਸੱਟ ਲੱਗੀ ਹੋਈ ਸੀ, ਉਸਦੀ ਟੁੱਟੀ ਲੱਤ ਵਾਲੀ ਫੋਟੋ ਫੇਸਬੁੱਕ ਤੇ ਪਾ ਕੇ ਆਹਾਂਦੇ 'ਬਈ ਜੇ 'ਧਾਰਮਕ' ਬੰਦੇ ਓ ਤਾਂ ਇਸ ਡੰਗਰ ਦੀ ਤਸਵੀਰ ਨੂੰ ਆਪਣੇ 10 ਦੋਸਤਾਂ ਨੂੰ ਘੱਲੋ ਤਾਂ ਕਿ ਇਸਦਾ ਦਰਦ ਘੱਟ ਹੋ ਜਾਵੇ।' ਓ ਭਲਿਓ, ਕਦੇ ਤਸਵੀਰ ਸ਼ੇਅਰ ਕਰਨ ਨਾਲ ਵੀ ਕਿਸੇ ਦੀ ਪੀੜ੍ਹ ਘੱਟ ਹੁੰਦੀ ਆ, ਜੇ ਸੱਚੇ ਧਾਰਮਕ ਬੰਦੇ ਬਣਨਾ ਹੀ ਹੈ ਤਾਂ ਇਹਨੂੰ ਡੰਗਰਾਂ ਦੇ ਹਸਪਤਾਲ ਪਹੁੰਚਾਓ ਅਤੇ ਇਸਦਾ ਇਲਾਜ ਕਰਵਾਓ। ਪਰ ਫੇਸਬੁਕ ਤੇ ਤਸਵੀਰਾਂ ਸ਼ੇਅਰ ਕਰਨ ਵਾਲੇ ਆਪਣੇ- ਆਪ ਨੂੰ ਅਸਲ ਧਾਰਮਕ ਪੁਰਸ਼ ਸਮਝੀ ਬੈਠੇ ਨੇ। ਰੱਬ ਭਲੀ ਕਰੇ!!! 
ਜਾਂਦੇ- ਜਾਂਦੇ ਇਕ ਕਹਾਣੀ ਹੋਰ ਸੁਣਦੇ ਜਾਓ। ਆਹਾਂਦੇ ਇਕ ਬਾਪੂ ਤੇ ਰੋਟੀ ਖਾਣ ਤੋਂ ਬਾਅਦ ਰੋਟੀ ਦੰਦਾਂ 'ਚ ਫੱਥਸ ਜਾਇਆ ਕਰੇ। ਉਹ ਹਰ ਰੋਜ਼ ਆਪਣੀ ਨੂੰਹ ਤੋਂ ਤੀਲੇ (ਡੱਕੇ) ਦੀ ਮੰਗ ਕਰਿਆ ਕਰੇ। ਨੂੰਹ ਰੋਟੀ ਦੇਣ ਤੋਂ ਬਾਅਦ ਨਿੱਤ ਹੀ ਤੀਲਾ ਆਵਦੇ ਸੁਹਰੇ ਨੂੰ ਦੇਣ ਜਾਇਆ ਕਰੇ। ਫ਼ਿਰ ਸਹਿਜੇ- ਸਹਿਜੇ ਨੂੰਹ ਨੇ ਰੋਟੀ ਦੇ ਨਾਲ ਹੀ ਥਾਲੀ 'ਚ ਤੀਲਾ ਰੱਖਣਾ ਸ਼ੁਰੂ ਕਰ ਦਿੱਤਾ। ਇਹ ਕੰਮ ਕਈ ਸਾਲ ਚੱਲਦਾ ਰਿਹਾ। ਜਦੋਂ ਉਸਦਾ ਮੁੰਡਾ ਜਵਾਨ ਹੋਇਆ ਤਾਂ ਉਸਦੀ ਨੂੰਹ ਵੀ ਘਰ ਆ ਗਈ। 
ਨਵੀਂ ਆਈ ਵਹੁਟੀ ਨੇ ਪੁੱਛਿਆ 'ਬੀਬੀ ਜੀ, ਆਪਾਂ ਰੋਟੀ ਵਾਲੀ ਥਾਲੀ 'ਚ ਤੀਲਾ ਕਿਉਂ ਰੱਖਦੇ ਆਂ?' ਤਾਂ ਸੱਸ ਮਾਤਾ ਨੇ ਕਿਹਾ ਕਿ ਥਾਲੀ 'ਚ ਤੀਲਾ ਰੱਖਣ ਦਾ ਆਪਣੇ ਖ਼ਾਨਦਾਨ 'ਚ ਰਿਵਾਜ਼ ਆ! ਬਾਪੂ ਜੀ ਤਾਂ ਪੂਰੇ ਹੋ ਗਏ ਫਿਰ ਉਸ ਸੱਸ ਨੇ ਆਪਣੇ ਪਤੀ ਦੀ ਥਾਲੀ 'ਚ ਤੀਲਾ ਰੱਖਣਾ ਸ਼ੁਰੂ ਕਰ ਦਿੱਤਾ। ਪਤੀਦੇਵ ਨੇ ਜਦੋਂ ਪੁੱਛਿਆ ਤਾਂ ਉਹ ਆਹਾਂਦੀ 'ਬਾਪੂ ਜੀ ਦੇ ਨਮਿੱਤ ਤੀਲਾ ਰੱਖਿਆ ਹੈ।' ਪਤੀਦੇਵ ਵੀ ਇਹ ਸੁਣ ਕੇ ਚੁੱਪ ਕਰ ਗਏ।
ਨਿੱਤ ਦਿਹਾੜੀ ਤੀਲੇ ਰੱਖ- ਰੱਖਕੇ ਝਾੜੂ/ਮਾਚਸ ਦੀ ਡੱਬੀ 15/20 ਦਿਨਾਂ ਮਗ਼ਰੋਂ ਹੀ ਮੁਕ ਜਾਇਆ ਕਰੇ। ਨਵੀਂ ਆਈ ਵਹੁਟੀ ਨੇ ਇਸਦਾ ਹੱਲ ਵੀ ਲੱਭ ਗਿਆ। ਉਹ ਆਵਦੀ ਸੱਸ ਮਾਂ ਨੂੰ ਆਹਾਂਦੀ 'ਬੀਬੀ ਜੀ, ਕਿਉਂ ਨਾ ਆਪਾਂ, ਬਾਪੂ ਜੀ ਦੇ ਨਮਿੱਤ ਵੱਡਾ ਸਾਰਾ ਕਿੱਲਾ (ਤੀਲਾ ਰੂਪ) ਵਿਹੜੇ ਦੇ ਐਨ ਵਿਚਕਾਰ ਗੱਡ ਦਈਏ, ਨਾਲੇ ਬਾਪੂ ਜੀ ਦੀ ਯਾਦ ਤਾਜ਼ਾ ਰਹੂ ਅਤੇ ਆਪਣੇ ਝਾੜੂ/ਡੱਬੀਆਂ ਵੀ ਬਚੇ ਰਹਿਣਗੇ।'
ਸੱਸ ਮਾਂ ਨੂੰ ਪੜ੍ਹੀ- ਲਿਖੀ ਨੂੰਹ ਦੀ 'ਸਿਆਣੀ ਗੱਲ' ਜੱਚ ਗਈ। ਸਾਰੇ ਸਿਆਣਿਆਂ ਨੇ ਪਿੰਡ ਦੇ ਲੋਕਾਂ ਦੇ ਭਾਰੀ ਇਕੱਠ ਵਿਚ ਤੀਲਾ (ਕਿੱਲਾ) ਵਿਹੜੇ ਦੇ ਐਨ ਵਿਚਕਾਰ ਗੱਡ ਦਿੱਤਾ। ਪਿੰਡ ਦੀਆਂ ਬੁੜੀਆਂ ਨੇ ਉਸ ਨੂੰ ਲਾਲ ਧਾਗਾ ਵੀ ਬੰਨ ਦਿੱਤਾ ਤੇ ਕਿਸੇ ਪੜ੍ਹੀ- ਲਿਖੀ ਸਿਆਣੀ ਨੇ ਦੀਵਾ ਵੀ ਜਗਾ ਧਰਿਆ। ਹੁਣ ਜਦੋਂ ਵੀ ਕੋਈ ਖੁਸ਼ੀ- ਗ਼ਮੀ ਦਾ ਪ੍ਰੋਗਰਾਮ ਪਿੰਡ 'ਚ ਹੁੰਦੈ ਤਾਂ ਸਭ ਤੋਂ ਪਹਿਲਾਂ ਮੱਥਾ ਬਾਪੂ ਜੀ ਦੀ ਯਾਦ 'ਚ ਗੱਡੇ 'ਤੀਲੇ' ਨੂੰ ਹੀ ਟੇਕਿਆ ਜਾਂਦੈ। ਆਉਣ ਵਾਲੇ 40/50 ਸਾਲ ਬਾਅਦ ਇਹ ਜਗ੍ਹਾ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਵਾਲੀ ਪੱਵਿਤਰ ਜਗ੍ਹਾ ਦਾ ਰੂਪ ਧਾਰਨ ਕਰ ਜਾਵੇ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।
ਸੋ, ਕਿਹਾ ਜਾ ਸਕਦਾ ਹੈ ਕਿ ਪੜ੍ਹਾਈ ਬੰਦੇ ਨੂੰ ਸਿਆਣਾ ਨਹੀਂ ਬਣਾਉਂਦੀ ਕਿਉਂਕਿ ਜਿੰਨੇ ਵਹਿਮਾਂ- ਭਰਮਾਂ 'ਚ ਅਨਪੜ੍ਹ ਲੋਕ ਤੁਰੇ ਫਿਰਦੇ ਆ ਉੰਨੇ 'ਚ ਹੀ ਪੜ੍ਹੀ- ਲਿਖੀ ਜਨਤਾ ਵੀ ਤੁਰੀ ਫਿਰਦੀ ਆ। ਬੱਸ ਫ਼ਰਕ ਇੰਨਾ ਕੂ ਹੈ ਕਿ ਅਨਪੜ੍ਹ ਲੋਕ ਅਖ਼ੌਤੀ ਸਾਧਾਂ ਦੇ ਪਿੱਛੇ ਲੱਗ ਕੇ ਆਪਣਾ ਭੱਵਿਖ ਸਵਾਰਨਾ ਚਾਹੁੰਦੇ ਨੇ ਅਤੇ ਪੜ੍ਹੇ- ਲਿਖੇ ਸਿਆਣੇ ਫੇਸਬੁਕ ਰਾਹੀਂ। ਸੋ ਘਬਰਾਉਣ ਦੀ ਲੋੜ ਨਹੀਂ, ਚਲਾਉਂਦੇ ਰਹੋ ਫੇਸਬੁਕ ਅਤੇ ਲੱਭਦੇ ਰਹੋ ਇਤਿਹਾਸ ਵਿੱਚੋਂ ਆਪਣੇ ਜੁੜਵੇਂ!!! ਦਾਤਾ ਭਲੀ ਕਰੂਗਾ।
ਡਾਥ ਨਿਸ਼ਾਨ ਸਿੰਘ ਰਾਠੌਰ
ਕੋਠੀ ਨੰਥ 1054/1, ਵਾਰਡ ਨੰਥ 15/ਏ, 
ਭਗਵਾਨ ਨਗਰ ਕਾਲੌਨੀ, ਪਿੱਪਲੀ, ਜ਼ਿਲ੍ਹਾ ਕੁਰੂਕਸ਼ੇਤਰ।
ਮੋਬਾਈਲ ਨੰ075892- 33437


Related News