ਕਾਂਗਰਸ ਨੇ ਦਿੱਤਾ ਮੋਦੀ ਸਰਕਾਰ ਦੇ ਖਿਲਾਫ ਬੇਭਰੋਸਗੀ ਦਾ ਨੋਟਿਸ

03/23/2018 5:21:39 PM

ਨਵੀਂ ਦਿੱਲੀ— ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਟੀ.ਡੀ.ਪੀ. ਅਤੇ ਵਾਈ.ਐੱਸ.ਆਰ. ਕਾਂਗਰਸ ਦੇ ਬੇਭਰੋਸਗੀ ਪ੍ਰਸਤਾਵ ਤੋਂ ਬਾਅਦ ਹੁਣ ਕਾਂਗਰਸ ਨੇ ਵੀ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਬੇਭਰੋਸਗੀ ਪ੍ਰਸਤਾਵ ਦਾ ਨੋਟਿਸ ਦਿੱਤਾ ਹੈ। ਲੋਕ ਸਭਾ 'ਚ ਸਦਨ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਲੋਕ ਸਭਾ ਦੇ ਜਨਰਲ ਸਕੱਤਰ ਨੂੰ ਇਸ ਬਾਰੇ ਪੱਤਰ ਲਿਖਿਆ ਹੈ। ਖੜਗੇ ਨੇ ਨਿਯਮ 198 (ਬੀ) ਦੇ ਅਧੀਨ 27 ਮਾਰਚ ਨੂੰ ਬੇਭਰੋਸਗੀ ਪ੍ਰਸਤਾਵ ਪੇਸ਼ ਕਰਨ ਦਾ ਨੋਟਿਸ ਦਿੱਤਾ ਹੈ। ਪੱਤਰ 'ਚ 27 ਮਾਰਚ ਨੂੰ ਸਦਨ ਦੇ ਕੰਮਕਾਰ ਦੀ ਸੂਚੀ 'ਚ ਇਸ ਐਪਲੀਕੇਸ਼ਨ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਟੀ.ਡੀ.ਪੀ. ਅਤੇ ਵਾਈ.ਐੱਸ.ਆਰ. ਕਾਂਗਰਸ ਦੇ ਬੇਭਰੋਸਗੀ ਪ੍ਰਸਤਾਵ ਨੂੰ ਕਾਂਗਰਸ ਪਹਿਲਾਂ ਹੀ ਸਮਰਥਨ ਦੇ ਚੁਕੀ ਸੀ। ਹੁਣ ਉਸ ਨੇ ਖੁਦ ਵੀ ਸਦਨ 'ਚ ਬੇਭਰੋਸਗੀ ਪ੍ਰਸਤਾਵ ਦਾ ਨੋਟਿਸ ਦਿੱਤਾ ਹੈ। ਬੇਭਰੋਸਗੀ ਪ੍ਰਸਤਾਵ ਆਉਣ 'ਤੇ ਮੋਦੀ ਸਰਕਾਰ 'ਤੇ ਫਿਲਹਾਲ ਕੋਈ ਖਤਰਾ ਨਹੀਂ ਹੈ। ਲੋਕ ਸਭਾ 'ਚ ਭਾਜਪਾ ਦੇ 273 ਸੰਸਦ ਮੈਂਬਰ ਹਨ। ਅਜਿਹੇ 'ਚ ਉਹ ਇਹ ਆਸਾਨ ਪ੍ਰੀਖਿਆ ਆਰਾਮ ਨਾਲ ਪਾਸ ਕਰ ਜਾਵੇਗੀ। ਹਾਲਾਂਕਿ ਸਰਕਾਰ ਲਈ ਥੋੜ੍ਹੀ ਮੁਸ਼ਕਲ ਗਠਜੋੜ ਦੇ ਸਾਥੀਆਂ ਦੇ ਨਾਰਾਜ਼ ਹੋਣ ਦੀਆਂ ਖਬਰਾਂ ਨੂੰ ਲੈ ਕੇ ਜ਼ਰੂਰ ਹੈ। 

ਕਾਂਗਰਸ ਦੇ 48 ਸੰਸਦ ਮੈਂਬਰ ਹਨ। ਇਸ ਤਰ੍ਹਾਂ ਸਰਕਾਰ ਦੇ ਖਿਲਾਫ ਪ੍ਰਸਤਾਵ ਲਿਆਉਣ ਲਈ ਜ਼ਰੂਰੀ 50 ਸੰਸਦ ਮੈਂਬਰਾਂ ਦਾ ਅੰਕੜਾ ਆਰਾਮ ਨਾਲ ਜੁਟ ਜਾਵੇਗਾ। ਇਸ ਦੇ ਨਾਲ ਹੀ ਖੱਬੇ ਪੱਖੀ ਦਲ, 'ਆਪ' ਅਤੇ ਬਾਕੀ ਵਿਰੋਧੀ ਦਲ ਵੀ ਸਰਕਾਰ ਦੇ ਖਿਲਾਫ ਗਤੀਸ਼ੀਲ ਹੋ ਚੁਕੇ ਹਨ। ਇਸ ਤਰ੍ਹਾਂ ਸਰਕਾਰ ਦੇ ਖਿਲਾਫ ਬੇਭਰੋਸਗੀ ਪ੍ਰਸਤਾਵ ਲਿਆਉਣ 'ਚ ਕੋਈ ਮੁਸ਼ਕਲ ਨਹੀਂ ਹੋਣ ਵਾਲੀ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਲੋਕ ਸਭਾ 'ਚ ਜਿਸ ਤਰ੍ਹਾਂ ਨਾਲ ਰੌਲਾ-ਰੱਪਾ ਹੋ ਰਿਹਾ ਹੈ, ਉਸ ਨਾਲ ਮੰਗਲਵਾਰ ਨੂੰ ਸਦਨ ਦੇ ਸਹੀ ਢੰਗ ਨਾਲ ਚੱਲਣ ਦੀ ਸੰਭਾਵਨਾ ਘੱਟ ਹੀ ਦਿੱਸ ਰਹੀ ਹੈ। ਲੋਕ ਸਭਾ ਦੀ ਕਾਰਵਾਈ ਸ਼ੁੱਕਰਵਾਰ ਨੂੰ 27 ਮਾਰਚ ਤੱਕ ਲਈ ਮੁਲਤਵੀ ਹੋ ਗਈ ਸੀ। ਸੋਮਵਾਰ ਨੂੰ ਰਾਮਨਵਮੀ ਦੀ ਛੁੱਟੀ ਹੈ, ਇਸ ਲਈ 27 ਮਾਰਚ ਨੂੰ ਸਦਨ ਦੀ ਕਾਰਵਾਈ ਹੋਵੇਗੀ।


Related News