ਸ਼ਹੀਦ ਸੁਖਦੇਵ ਸਿੰਘ ਦਾ ਪਰਿਵਾਰ ਪੂਰਾ ਸਨਮਾਨ ਨਾ ਮਿਲਣ ਕਾਰਨ ਮੰਚ ਤੋਂ ਉਤਰਿਆ

03/23/2018 4:54:24 PM

ਨਵਾਂਸ਼ਹਿਰ (ਤ੍ਰਿਪਾਠੀ)— ਸ਼ਹੀਦਾਂ ਦੀ ਯਾਦ 'ਚ ਖਟਕੜ ਕਲਾਂ ਵਿਖੇ ਕਰਵਾਏ ਗਏ ਸਮਾਰੋਹ 'ਚ ਪੁੱਜੇ ਸ਼ਹੀਦ ਸੁਖਦੇਵ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨੇ ਸਰਕਾਰ ਵੱਲੋਂ ਉਨ੍ਹਾਂ ਨੂੰ ਬਣਦਾ ਸਨਮਾਨ ਨਾ ਦਿੱਤੇ ਜਾਣ 'ਤੇ ਡੂੰਘੇ ਰੋਸ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਰਾਜਨੀਤਕ ਆਗੂਆਂ ਦੇ ਮੰਚ ਦੇ ਦੂਜੇ ਪਾਸੇ ਬਣਾਏ ਗਏ ਵੀ. ਵੀ. ਆਈ. ਪੀ. ਮੰਚ ਨੂੰ ਛੱਡ ਦਿੱਤਾ। ਇਸ ਬਾਰੇ ਅਸ਼ੋਕ ਥਾਪਰ, ਕਰਨ ਥਾਪਰ ਅਤੇ ਸੰਦੀਪ ਥਾਪਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਸਿਰਫ 1 ਦਿਨ ਪਹਿਲਾਂ ਉਕਤ ਸਮਾਗਮ ਲਈ ਸੱਦਾ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ 3 ਜਿਸਮ ਪਰ ਇਕ ਜਾਨ ਸਨ। ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਦੇ ਵਿਕਾਸ 'ਤੇ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਖਰਚ ਕਰ ਦਿੱਤੇ ਗਏ ਹਨ ਪਰ ਸ਼ਹੀਦ ਸੁਖਦੇਵ ਸਿੰਘ ਦੇ ਲੁਧਿਆਣਾ ਸਥਿਤ ਘਰ ਵੱਲ ਜਾਣ ਲਈ ਇਕ ਮਾਰਗ ਤੱਕ ਨਹੀਂ ਬਣਾਇਆ ਗਿਆ।

ਉਨ੍ਹਾਂ ਨੇ ਕਿਹਾ ਦੇਸ਼ ਦੀ ਪਾਰਲੀਮੈਂਟ 'ਚ ਸ਼ਹੀਦ ਭਗਤ ਸਿੰਘ ਦੇ ਨਾਲ ਸ਼ਹੀਦ ਸੁਖਦੇਵ ਅਤੇ ਰਾਜਗੁਰੂ ਦੇ ਬੁੱਤ ਵੀ ਸਥਾਪਤ ਕੀਤੇ ਜਾਣੇ ਚਾਹੀਦੇ ਹਨ। ਪਾਕਿਸਤਾਨ ਦੇ ਲਾਹੌਰ ਦੇ ਸੌਦਾਮ ਚੌਕ 'ਚ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤ ਲੱਗਣ ਜਾ ਰਹੇ ਹਨ ਪਰ ਇਥੇ ਸ਼ਹੀਦਾਂ ਨੂੰ ਪੂਰਾ ਸਨਮਾਨ ਨਾ ਮਿਲ ਸਕਣ ਦੇ ਵਿਰੋਧ 'ਚ ਅੱਜ ਤੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ ਆਈ. ਟੀ. ਓ. ਪਾਰਕ 'ਚ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਜਾ ਰਹੇ ਹਨ।


Related News